Breaking News
Home / ਦੁਨੀਆ / ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ

ਸੂਬੇ ਦੇ ਸਾਜ਼ਗਾਰ ਮਾਹੌਲ ਬਾਰੇ ਜਾਣੂ ਕਰਵਾਇਆ
ਮਿਊਨਿਖ (ਜਰਮਨੀ)/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਰਮਨੀ ਦੌਰੇ ਦੇ ਪਹਿਲੇ ਦਿਨ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਦਿਆਂ ਨਾਮੀਂ ਕੰਪਨੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜਰਮਨੀ ਦੇ ਉਦਯੋਗਪਤੀਆਂ ਨੂੰ ਅਗਲੇ ਸਾਲ 23-24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਭਗਵੰਤ ਮਾਨ ਨੇ ਪ੍ਰਮੁੱਖ ਕੰਪਨੀਆਂ ਜ਼ੈੱਪਲਿਨ, ਬੁਏਲਰ, ਮਾਈਨੈਂਟ, ਡੋਨਲਡਸਨ, ਆਈਗਸ, ਸਿਪ੍ਰਿਆਨੀ ਹੈਰੀਸਨ ਵਾਲਵਸ, ਪੈਂਟੇਅਰ ਅਤੇ ਹੋਰਾਂ ਨਾਲ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ, ਉਦਯੋਗਿਕ ਏਅਰ ਫਿਲਟਰੇਸ਼ਨ ਪ੍ਰਣਾਲੀਆਂ, ਸ਼ੁੱਧੀਕਰਨ ਤਕਨਾਲੋਜੀ, ਪਾਣੀ ਵਿੱਚ ਰਸਾਇਣਾਂ ਦਾ ਮਾਪ, ਉਦਯੋਗਾਂ ਦੇ ਪਾਣੀ ਨੂੰ ਸੋਧਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਨੂੰ ਕਾਰੋਬਾਰ ਕਰਨ ਲਈ ਪਸੰਦੀਦਾ ਸਥਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਨਾਲ ਬਹੁਤ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਉਦਯੋਗਿਕ ਸ਼ਾਂਤੀ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਿੰਗਲ ਵਿੰਡੋ ਸੇਵਾ ਮਹਿਜ਼ ਦਿਖਾਵਾ ਸੀ ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ, ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਪਾਈ ਪਰ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਿੰਗਲ ਵਿੰਡੋ ਪ੍ਰਣਾਲੀ ਸੂਬੇ ਵਿੱਚ ਨਿਵੇਸ਼ ਕਰਨ ਦੇ ਇਛੁੱਕ ਉੱਦਮੀਆਂ ਲਈ ਇੱਕ ਅਸਲ ਸਹੂਲਤ ਵਜੋਂ ਕੰਮ ਕਰੇ।
ਪੰਜਾਬ ‘ਚ ਯੂਨਿਟ ਲਾਉਣ ਲਈ ਬੀਐੱਮਡਬਲਿਊ ਸਹਿਮਤ
ਭਗਵੰਤ ਮਾਨ ਨੇ ਮਿਊਨਿਖ ਦੌਰੇ ਦੌਰਾਨ ਕੰਪਨੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨੀ ਤੋਂ ਵੱਡੇ ਨਿਵੇਸ਼ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਆਟੋ ਕੰਪਨੀ ਬੀਐਮਡਬਲਿਊ ਨੇ ਪੰਜਾਬ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ। ਮੁੱਖ ਮੰਤਰੀ ਨੇ ਬੀਐੱਮਡਬਲਿਊ ਨੂੰ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੇ ਮਿਸਾਲੀ ਕੰਮਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਬੀਐੱਮਡਬਲਿਊ ਨੇ ਸੂਬੇ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ। ਭਗਵੰਤ ਮਾਨ ਨੇ ਕਿਹਾ ਕਿ ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਯੂਨਿਟ ਹੋਵੇਗੀ। ਪਹਿਲਾਂ ਅਜਿਹਾ ਇੱਕ ਯੂਨਿਟ ਚੇਨੱਈ ਵਿੱਚ ਕੰਮ ਕਰ ਚੁੱਕਿਆ ਹੈ। ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ। ਮੁੱਖ ਮੰਤਰੀ ਨੇ ਬੀਐਮਡਬਲਿਊ ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਸੂਬੇ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਹਾਲ ਹੀ ਵਿੱਚ ਪ੍ਰਵਾਨ ਕੀਤੀ ਇਲੈਕਟ੍ਰਿਕ ਵਹੀਕਲ ਪਾਲਿਸੀ ‘ਤੇ ਸਖ਼ਤ ਮਿਹਨਤ ਕੀਤੀ ਹੈ। ਪੰਜਾਬ ਦੀ ਈਵੀ ਨੀਤੀ ਤੋਂ ਪੰਜਾਬ ਵਿੱਚ ਈ-ਮੋਬਿਲਿਟੀ ਸੈਕਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਜਲਵਾਯੂ ਤਬਦੀਲੀ, ਸਿੰਜਾਈ, ਫ਼ਸਲਾਂ ਦੇ ਝਾੜ ਦੀ ਪੇਸ਼ੀਨਗੋਈ ਤੇ ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ ਲਈ ਮੋਹਰੀ ਕੰਪਨੀ ਬੇਅਵਾਅ ਤੋਂ ਸਹਿਯੋਗ ਮੰਗਿਆ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …