-1.5 C
Toronto
Friday, December 19, 2025
spot_img
Homeਕੈਨੇਡਾਏਅਰਪੋਰਟ ਟੈਕਸੀ ਅਤੇ ਲਿਮੋਜ਼ੀਨ ਡਰਾਈਵਰਾਂ ਵਲੋਂ ਸਲਾਨਾ ਟੂਰਨਾਮੈਂਟ ਤੇ ਪਿਕਨਿਕ ਪੂਰੇ ਉਤਸ਼ਾਹ...

ਏਅਰਪੋਰਟ ਟੈਕਸੀ ਅਤੇ ਲਿਮੋਜ਼ੀਨ ਡਰਾਈਵਰਾਂ ਵਲੋਂ ਸਲਾਨਾ ਟੂਰਨਾਮੈਂਟ ਤੇ ਪਿਕਨਿਕ ਪੂਰੇ ਉਤਸ਼ਾਹ ਨਾਲ ਮਨਾਏ ਗਏ

ਵਾਲੀਬਾਲ, ਸੌਕਰ, ਰੱਸਾਕਸ਼ੀ ਤੇ ਗੋਲਾ ਸੁੱਟਣ ਦੇ ਮੁਕਾਬਲੇ ਅਤੇ ਦੌੜਾਂ ਵੀ ਕਰਵਾਈਆਂ ਗਈਆਂ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ ਪਹਿਲੀ ਸਤੰਬਰ ਨੂੰ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ ਵੱਲੋਂ ਆਪਣਾ 33ਵਾਂ ਸਲਾਨਾ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ ‘ਪਾਲ ਕੌਫੀ ਪਾਰਕ’ ਵਿਚ ਆਯੋਜਿਤ ਕੀਤੇ ਗਏ। ਇਸ ਦੌਰਾਨ ਵਾਲੀਬਾਲ, ਸੌਕਰ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਦੀਆਂ ਦੌੜਾਂ ਤੇ ਵੱਡਿਆਂ ਦੀ 7 ਕਿਲੋਮੀਟਰ ਵਾਕ ਵੀ ਹੋਈ। ਸੌ ਤੋਂ ਵਧੇਰੇ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਇਸ ਪਿਕਨਿਕ ਵਿਚ ਏਅਰਪੋਰਟ ਟੈਕਸੀ ਅਤੇ ਲਿਮੋਜ਼ੀਨ ਡਰਾਈਵਰਾਂ ਦੇ ਪਰਿਵਾਰ ਅਤੇ ਹੋਰ ਬਹੁਤ ਸਾਰੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਇਸ ਦੌਰਾਨ ਸੌਕਰ ਦਾ ਫ਼ਸਵਾਂ ਮੈਚ ਟੈਕਸੀ ਡਰਾਈਵਰਾਂ ਦੀਆਂ ਦੋ ਸ਼ਿਫ਼ਟਾਂ ‘ਏ’ ਅਤੇ ‘ਬੀ’ ਵਿਚਕਾਰ ਹੋਇਆ ਜਿਸ ਵਿਚ ਸ਼ਿਫ਼ਟ ਬੀ ਦੇ ਖਿਡਾਰੀਆਂ ਨੇ ਪੈਨੱਲਟੀ ਕਿੱਕਾਂ ਨਾਲ ਆਪਣੀ ਜਿੱਤ ਦਰਜ ਕਰਵਾਈ। ਏਸੇ ਤਰ੍ਹਾਂ ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਟੈਕਸੀ ਡਰਾਈਵਰਾਂ ਅਤੇ ਹੋਰਨਾਂ ਖਿਡਾਰੀਆਂ ਵਿਚਕਾਰ ਹੋਏ ਜਿਨ੍ਹਾਂ ਵਿਚ ਟੈਕਸੀ ਡਰਾਈਵਰ ਜੇਤੂ ਰਹੇ। ਬੱਚਿਆਂ ਅਤੇ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਕਰਵਾਈ ਗਈ ਅਤੇ ਗੋਲਾ ਸੁੱਟਣ ਦੇ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ। ਸੱਤ ਕਿਲੋਮੀਟਰ ਵਾਕ ਵਿਚ 50 ਤੋਂ ਵਧੇਰੇ ਲੋਕਾਂ ਨੇ ਬੜੇ ਉਤਸ਼ਾਹ ਪੂਰਵਕ ਭਾਗ ਲਿਆ ਜਿਸ ਵਿਚ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿਚ ਟੀ.ਪੀ.ਏ.ਆਰ. ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਟੂਰਨਾਮੈਂਟ ਦੇ ਅਖ਼ੀਰ ਵਿਚ ਗਾਇਕ ਕਲਾਕਾਰ ਰੁਪਿੰਦਰ ਰਿੰਪੀ ਵੱਲੋਂ ਕਈ ਸਭਿਆਚਾਰਕ ਗੀਤ ਗਾ ਕੇ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ ਗਿਆ।
ਟੂਰਨਾਮੈਂਟ ਦੇ ਦੌਰਾਨ ਸਾਰਾ ਦਿਨ ਪਿਕਨਿਕ ਵਰਗਾ ਮਾਹੌਲ ਬਣਿਆ ਰਿਹਾ। ਖਾਣ-ਪੀਣ ਦਾ ਪ੍ਰੋਗਰਾਮ ਸਵੇਰੇ 11.00 ਵਜੇ ਸ਼ੁਰੂ ਹੋਏ ਬਰੇਕਫ਼ਾਸਟ ਤੋਂ ਦੁਪਹਿਰੇ ਲੰਚ ਅਤੇ ਸ਼ਾਮ ਛੇ ਵਜੇ ਦੀ ਚਾਹ ਤੱਕ ਲਗਾਤਾਰ ਹੀ ਚੱਲਦਾ ਰਿਹਾ ਜਿਸ ਦਾ ਸਮੁੱਚਾ ਪ੍ਰਬੰਧ ‘ਲਾਲੀ ਰੈਸਟੋਰੈਂਟ’ ਵੱਲੋਂ ਪਿਕਨਿਕ ਵਾਲੀ ਜਗ੍ਹਾ ‘ਤੇ ਹੀ ਕੀਤਾ ਗਿਆ ਜਿਸ ਸਦਕਾ ਗਰਮਾ ਗਰਮ ਪਕੌੜੇ, ਆਲੂ-ਟਿੱਕੀਆਂ, ਚਿੱਕਨ ਕਰੀ, ਗੋਟ ਕਰੀ ਅਤੇ ਤੰਦੂਰੀ ਨਾਨ ਸਰਵ ਕੀਤੇ ਗਏ ਜਿਨ੍ਹਾਂ ਦਾ ਸਾਰਿਆਂ ਨੇ ਭਰਪੂਰ ਅਨੰਦ ਮਾਣਿਆਂ। ਇੱਥੇ ਇਹ ਵਰਨਣਯੋਗ ਹੈ ਕਿ ਏਅਰਪੋਰਟ ਟੈਕਸੀ ਅਤੇ ਲਿਮੋਜ਼ੀਨ ਡਰਾਈਵਰ ਆਪਣਾ ਇਹ ਸਲਾਨਾ ਟੂਰਨਾਮੈਂਟ ਪਿਛਲੇ 32 ਸਾਲਾਂ ਤੋਂ ਲਗਾਤਾਰ ਕਰਾਉਂਦੇ ਆ ਰਹੇ ਹਨ ਅਤੇ ਇਸ ਦਾ ਉਦੇਸ਼ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।

RELATED ARTICLES
POPULAR POSTS