ਬਰੈਂਪਟਨ : 2 ਸਤੰਬਰ 2018 ਨੂੰ ਬਰੇਅਡਨ ਸੀਨੀਅਰ ਕਲੱਬ ਨੇ ਆਪਣਾ 5ਵਾਂ ਟੂਰ ਏਅਰ ਸ਼ੋਅ ਦੇਖਣ ਲਈ ਲਾਇਆ। ਸਭ ਮੈਂਬਰਾਂ ਨੂੰ ਲੈ ਸਵੇਰੇ 9.30 ਵਜੇ ਬਸ ਸੀ ਐਨ ਗਰਾਉਂਡ ਵੱਲ ਚੱਲ ਪਈ ਅਤੇ ਲਗਭਗ 11.30 ਵਜੇ ਨਿਰਧਾਰਤ ਸਥਾਨ ਉੱਪਰ ਪਹੁੰਚ ਗਈ। ਏਅਰ ਸ਼ੋ ਦਾ ਟਾਈਮ 12 ਵਜੇ ਤੋਂ ਸ਼ਾਮ 4 ਵਜੇ ਤੱਕ ਸੀ। ਵਧੀਆ ਦਰੱਖਤਾਂ ਦੀ ਸੰਘਣੀ ਛਾਂ ਹੇਠ ਪਈਆਂ ਬੈਂਚਾਂ ਉੱਪਰ ਸਮਾਨ ਟਿਕਾਇਆ ਗਿਆ ਅਤੇ ਝੀਲ ਕੰਢਿਆਂ ਦਾ ਲੁਤਫ ਲੈਂਦਿਆਂ ਸ਼ੋਅ ਤੋਂ ਪਹਿਲਾਂ ਭੋਜਨ ਕਰ ਲੈਣ ਦਾ ਇਰਾਦਾ ਕੀਤਾ ਗਿਆ। ਖਾਣਪੀਣ ਦਾ ਅਨੰਦ ਲੈਂਦੇ ਏਅਰ ਸ਼ੋਅ ਦਾ ਸਮਾਂ ਹੋ ਗਿਆ ਇਸ ਲਈ ਸਭ ਲੋਕ ਟੋਲੀਆਂ ਬਣਾ ਲੇਕ ਕੰਢੇ ਟਹਿਲਦੇ ਹੋਏ ਬੜੀ ਉਤਸੁਕਤਾ ਨਾਲ ਇਸ ਦਾ ਇੰਤਜਾਰ ਕਰਨ ਲੱਗੇ। ਕੁਝ ਕੁ ਹੈਲੀਕਾਪਟਰਾਂ ਅਤੇ ਪੁਰਾਣੇ ਹਵਾਈ ਜਹਾਜਾਂ ਨੇ ਪਾਣੀਆਂ ਦੇ ਦਿਸਹੱਦੇ ਤੋਂ ਉਡਾਨਾਂ ਭਰ ਸ਼ੋਅ ਦੀ ਬੜੀ ਰੋਚਕ ਸ਼ੁਰੁਆਤ ਕੀਤੀ ਅਤੇ ਇਸ ਤੋਂ ਬਾਅਦ ਆਧੁਨਿਕ ਹਵਾਈ ਜਹਾਜਾਂ ਆਪਣੇ ਹੈਰਾਨੀਜਨਕ ਕਰਤਬ ਦਿਖਾਉਣੇ ਸ਼ੁਰੂ ਕਰ ਦਿੱਤੇ। ਕਈ ਵਾਰ ਜਾਪਿਆ ਜਿਵੇਂ ਜਹਾਜ ਪਾਣੀ ਵਿੱਚ ਹੀ ਚੁੱਭੀ ਮਾਰ ਜਾਵੇਗਾ ਪਰ ਮਾਹਿਰ ਪਾਇਲਟ ਜਹਾਜ ਨੂੰ ਐਨ ਪਾਣੀ ਦੇ ਨੇੜਿਓਂ ਸਿੱਧਾ ਉੱਪਰ ਨੂੰ ਚੁੱਕ ਲੈਂਦੇ ਤੇ ਦੇਖਣ ਵਾਲਿਆਂ ਦਾ ਸਾਹ ਸੂਤਿਆ ਜਾਂਦਾ। ਪਾਇਲਟਾਂ ਦੀ ਕਾਰਗੁਜਾਰੀ ਦੇਖ ਸਭ ਅਸ਼ ਅਸ਼ ਕਰ ਉੱਠੇ। ਸ਼ਾਮ ਨੂੰ ਮਿਥੇ ਸਮੇਂ ਤੇ ਵਾਪਸੀ ਲਈ ਸਭ ਬੱਸ ‘ਚ ਸਵਾਰ ਹੋ ਗਏ ਅਤੇ ਘਰਾਂ ਨੂੰ ਚਾਲੇ ਪਾ ਦਿੱਤੇ ਗਏ। ਕਲੱਬ ਪ੍ਰਬੰਧਕਾਂ ਬਲਬੀਰ ਸੈਣੀ, ਤਾਰਾ ਸਿੰਘ ਗਰਚਾ ਅਤੇ ਸੈਕਟਰੀ ਗੁਰਦੇਵ ਸਿੰਘ ਸਿੱਧੂ ਨੇ ਇਸ ਟੂਰ ਨੂੰ ਸਫਲ ਬਨਾਉਣ ‘ਚ ਉਚੇਚਾ ਯੋਗਦਾਨ ਪਾਇਆ ਅਤੇ ਟੂਰ ਵਿੱਚ ਹਾਜਰੀ ਭਰਨ ਵਾਲੇ ਸਭ ਮੈਂਬਰਾਂ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਟੂਰ ਦੀ ਸਮਾਪਤੀ ਕੀਤੀ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …