ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਪੱਛਮੀ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਮੁਰਾਰੀਲਾਲ ਥਪਲਿਆਲ ਵੱਲੋਂ ਫੰਡ ਇਕੱਤਰ ਕਰਨ ਲਈ ਕੀਤੇ ਗਏ ਪ੍ਰੋਗਰਾਮ ਨੇ ਲੋਕਾਂ ਤੋਂ ਭਰਪੂਰ ਸਮਰਥਨ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ। ਇਹ ਪ੍ਰੋਗਰਾਮ ਐਤਵਾਰ ਨੂੰ ਚਾਂਦਨੀ ਵਿਕਟੋਰੀਆ ਕਨਵੈਨਸ਼ਨ ਸੈਂਟਰ ਵਿਖੇ ਕਰਾਇਆ ਗਿਆ। ਮੁਰਾਰੀਲਾਲ ਥਪਲਿਆਲ ਇੱਥੇ ਕਈ ਸਾਲਾਂ ਤੋਂ ਸਫਲਤਾ ਪੂਰਵਕ ਵਕੀਲ ਦੇ ਨਾਲ-ਨਾਲ ਸਮਾਜਿਕ ਤੌਰ ‘ਤੇ ਸਰਗਰਮ ਵਿਅਕਤੀ ਦੀ ਭੂਮਿਕਾ ਰਹੇ ਹਨ। ਇਸ ਸਮਾਗਮ ਵਿੱਚ ਵੱਡੀ ਸੰਖਿਆ ਵਿੱਚ ਬਰੈਂਪਟਨ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ‘ਤੇ ਰਾਜਨੇਤਾ ਅਤੇ ਬੇਕਰ ਮੈਕੇਨਜ਼ੀ ਟੋਰਾਂਟੋ ਆਫਿਸ ਦੇ ਭਾਈਵਾਲ ਪੀਟਰ ਮੈਕੇਅ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ 18 ਸਾਲ ਤੋਂ ਜ਼ਿਆਦਾ ਸਮੇਂ ਤੱਕ ਕੈਨੇਡਾ ਦੀ ਸੰਸਦ ਵਿੱਚ ਸੇਵਾਵਾਂ ਦਿੱਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਰਾਜਨੀਤਕ ਅਹੁਦਿਆਂ ‘ਤੇ ਕੰਮ ਕੀਤਾ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕੈਨੇਡਾ ਦੀ ਆਰਥਿਕ ਸਥਿਤੀ ਵਿੱਚ ਸੰਤੁਲਨ ਲਿਆਉਣ ਤੇ ਵਪਾਰਕ ਸਬੰਧਾਂ ਵਿੱਚ ਸੁਧਾਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਥਾਨਕ ਮੁੱਦਿਆਂ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਨੂੰਨੀ ਪਿਛੋਕੜ ਵਾਲਾ ਉਮੀਦਵਾਰ ਇਨ੍ਹਾਂ ਦੀ ਸੰਸਦ ਵਿੱਚ ਵਧੀਆ ਢੰਗ ਨਾਲ ਪ੍ਰਤੀਨਿਧਤਾ ਕਰ ਸਕਦਾ ਹੈ।
ਮੁਰਾਰੀਲਾਲ ਥਪਲਿਆਲ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਜ ਅਤੇ ਦੇਸ਼ ਲਈ ਕੁਝ ਬਿਹਤਰੀਨ ਕਰਨ ਦਾ ਮਾਦਾ ਰੱਖਦੇ ਹਨ। ਉਨ੍ਹਾਂ ਇੱਥੋਂ ਦੀ ਮੌਜੂਦਾ ਸਥਿਤੀ ਅਤੇ ਇਸ ਸਬੰਧੀ ਆਪਣੀ ਨਜ਼ਰੀਏ ਤੋਂ ਵੀ ਬਰੈਂਪਟਨ ਪੱਛਮੀ ਦੇ ਵਾਸੀਆਂ ਨੂੰ ਜਾਣੂ ਕਰਾਇਆ। ਇਸ ਮੌਕੇ ‘ਤੇ ਛੋਟੇ ਕਾਰੋਬਾਰ ਅਤੇ ਲਾਲ ਫੀਤਾਸ਼ਾਹੀ ਘਟਾਉਣ ਦੇ ਸਹਾਇਕ ਮੰਤਰੀ ਪ੍ਰਭਮੀਤ ਸਰਕਾਰੀਆ, ਬਰੈਂਪਟਨ ਪੱਛਮੀ ਤੋਂ ਐੱਮਪੀਪੀ ਅਮਰਜੋਤ ਸੰਧੂ ਤੋਂ ਇਲਾਵਾ ਮਾਰਖਾਮ-ਯੂਨੀਨੋਨਵਿਲੇ ਤੋਂ ਸੰਸਦ ਮੈਂਬਰ ਬੌਬ ਸਰੋਆ ਅਤੇ ਸਾਬਕਾ ਖੇਡ ਮੰਤਰੀ ਬਲ ਗੋਸਲ ਵੀ ਮੌਜੂਦ ਸਨ। ਕੰਸਰਵੇਟਿਵ ਪਾਰਟੀ ਦੇ ਹੋਰ ਉਮੀਦਵਾਰਾਂ ਵਿੱਚ ਬਰੈਂਪਟਨ ਤੋਂ ਪਵਨਜੀਤ ਗੋਸਲ, ਅਰਪਣ ਖੰਨਾ ਅਤੇ ਰਮੋਨਾ ਸਿੰਘ ਨੇ ਵੀ ਪ੍ਰੋਗਰਾਮ ਵਿੱਚ ਪਹੁੰਚ ਕੇ ਥਪਲਿਆਲ ਦਾ ਸਮਰਥਨ ਕੀਤਾ। ਪ੍ਰੋਗਰਾਮ ਦੌਰਾਨ ਗਿਟਾਰਿਸਟ ਰੋਬ ਤਡਰਿਕ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਫੰਡਰੇਜ਼ਿੰਗ ਪ੍ਰਧਾਨ ਰਿਤੇਸ਼ ਮਲਿਕ ਅਤੇ ਸਹਾਇਕ ਪ੍ਰਧਾਨ ਧਰਮੇਸ਼ ਮਹਿਤਾ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …