Breaking News
Home / ਕੈਨੇਡਾ / ਲੰਮੀ ਦੌੜ ਦੇ ਦੌੜਾਕ ਅਮਨ ਪਿਰਾਨੀ ਦੀ ਯਾਦ ‘ਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਲਗਾਈ 10 ਕਿਲੋਮੀਟਰ ਦੌੜ ਅਤੇ ਵਾਕ

ਲੰਮੀ ਦੌੜ ਦੇ ਦੌੜਾਕ ਅਮਨ ਪਿਰਾਨੀ ਦੀ ਯਾਦ ‘ਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਲਗਾਈ 10 ਕਿਲੋਮੀਟਰ ਦੌੜ ਅਤੇ ਵਾਕ

ਬਰੈਂਪਟਨ/ਰੈੱਕਸਡੇਲ, (ਡਾ. ਝੰਡ)
ਪ੍ਰਾਪਤ ਸੂਚਨਾ ਅਨੁਸਾਰ ਲੰਘੇ ਐਤਵਾਰ 14 ਜੂਨ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ.ਕਲੱਬ) ਦੇ ਮੈਂਬਰਾਂ ਵੱਲੋਂ 24 ਮਈ ਨੂੰ ਹੋਏ ਇਕ ਭਿਆਨਕ ਕਾਰ ਹਾਦਸੇ ਵਿਚ ਸਦਾ ਲਈ ਵਿਛੜ ਗਏ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਸਰਗ਼ਰਮ ਮੈਂਬਰ 29 ਸਾਲਾ ਅਮਨ ਪਿਰਾਨੀ ਦੀ ਯਾਦ ਵਿਚ 10 ਕਿਲੋਮੀਟਰ ਰੱਨ-ਕਮ-ਵਾਕ ਵਾੱਕ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਤਿੰਨ ਦਰਜਨ ਤੋਂ ਵਧੀਕ ਮੈਂਬਰਾਂ ਨੇ ਆਪੋ-ਆਪਣੀ ਸਹੂਲਤ ਅਨੁਸਾਰ ਵੱਖ-ਵੱਖ ਥਾਵਾਂ ‘ਤੇ ਸਵੇਰੇ 8.00 ਵਜੇ ਤੋਂ 9.30 ਵਜੇ ਤੱਕ 10 ਕਿਲੋਮੀਟਰ ਦੌੜ ਕੇ ਅਤੇ ਪੈਦਲ ਮਾਰਚ ਕਰਕੇ ਅਮਨ ਪਿਰਾਨੀ ਦੀ ਵਿੱਛੜੀ ਆਤਮਾ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਣ ਕੀਤੀ। ਇੱਥੇ ਇਹ ਵਰਨਣਯੋਗ ਹੈ ਕਿ ਅਮਨ ਪਿਰਾਨੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਹਰ ਸਾਲ ਕਰਵਾਈ, ઑਇੰਸਪੀਰੇਸ਼ਨਲ ਸਟੈੱਪਸ਼ ਅਤੇ ਹੋਰ ਈਵੈਂਟਸ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ 1999 ਵਿਚ ਉਸਨੇ ਡਿਕਸੀ ਗੁਰੂਘਰ ਤੋਂ ਸ਼ੁਰੂ ਹੋ ਕੇ ਔਟਵਾ ਤੱਕ ਦੌੜਨ ਵਾਲੇ 300 ਮੈਂਬਰਾਂ ਦੇ ਵੱਡੇ ਗਰੁੱਪ ਵਿਚ ਆਪਣੀ ਸ਼ਮੂਲੀਅਤ ਕੀਤੀ ਸੀ। ਇਸ ਗਰੁੱਪ ਨੇ ਇਹ ਲੰਮੀ ਦੌੜ ਪੰਜ ਵੱਖ-ਵੱਖ ਪੜਾਵਾਂ ਵਿਚ ਵੱਖ-ਵੱਖ ਥਾਵਾਂ ઑਤੇ ਰਾਤਾਂ ਗ਼ੁਜ਼ਾਰ ਕੇ ਇਕ ਹਫ਼ਤੇ ਵਿਚ ਪੂਰੀ ਕੀਤੀ ਸੀ।
ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਕਈ ਥਾਵਾਂ ‘ਤੇ ਇਕੱਲੇ-ਇਕੱਲੇ ਜਾਂ 2-3 ਜਣੇ ਮਿਲ ਕੇ ਦੌੜੇ, ਜਦ ਕਿ ਇਸ ਦੇ 10 ਮੈਂਬਰਾਂ ਦਾ ਇਕ ਗਰੁੱਪ ਈਟੋਬੀਕੋ ਏਰੀਏ ਵਿਚ ਵੈੱਸਟਮੋਰ ਡਰਾਈਵ ਤੇ ਕੈਰੀਅਰ ਡਰਾਈਵ ਸਥਿਤ ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਜੋ ਰੈਕਸਡੇਲ ਗੁਰੂਘਰ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਦੇ ਪਾਰਕਿੰਗ-ਏਰੀਏ ਵਿਚ ਸਵੇਰੇ 7.45 ਵਜੇ ਇਕੱਤਰ ਹੋਇਆ। ਉੱਥੋਂ ਸਵੇਰੇ 8.00 ਵਜੇ ਉਨ੍ਹਾਂ ਨੇ ਇਹ 10 ਕਿਲੋਮੀਟਰ ਦੌੜ ਆਰੰਭ ਕੀਤੀ ਅਤੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਪਾਰਕਿੰਗ, ਜੋ ਇਨ੍ਹੀ ਦਿਨੀਂ ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਸਵੇਰ ਸਮੇਂ ਬਿਲਕੁਲ ਖਾਲੀ ਸੀ, ਦੇ ਦੋ ਚੱਕਰ ਲਗਾ ਕੇ ਕੈਰੀਅਰ ਡਰਾਈਵ ਤੇ ਐਲਬੀਅਨ ਰੋਡ ਤੋਂ ਹੁੰਦੇ ਹੋਏ ਉਹ ਫਿੰਚ ਸਟਰੀਟ ਵੱਲ ਚਲੇ ਗਏ। ਉੱਥੋਂ ਖੱਬੇ ਹੱਥ ਹੋ ਕੇ ਉਹ ਹਾਈਵੇਅ-27 ਤੋਂ ਹੁੰਦੇ ਹੋਏ ਸਾਢੇ ਨੌਂ ਵਜੇ ਦੇ ਕਰੀਬ ਵਾਪਸ ਰੈਕਸਡੇਲ ਗੁਰੂਘਰ ਦੀ ਪਾਰਕਿੰਗ ਵਿਚ ਆ ਗਏ। ਇੱਥੇ ਆ ਕੇ ਉਨ੍ਹਾਂ ਨੇ ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਵੱਲੋਂ ਟਿਮ ਹੌਰਟਿਨ ਤੋਂ ਲਿਆਂਦਾ ਹੋਇਆ ਬਰੇਕ-ਫ਼ਾਸਟ ਇਕ ਦੂਸਰੇ ਤੋਂ ਇਨ੍ਹੀਂ ਦਿਨੀਂ ਲੋੜੀਂਦੀ ਦੂਰੀ ਬਣਾ ਕੇ ਕੀਤਾ ਅਤੇ ਚਾਹ-ਕੌਫ਼ੀ ਪੀਤੀ। ਇਸ ਈਵੈਂਟ ਦੇ ਦੌਰਾਨ ਕਰੋਨਾ ਦੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਮੈਂਬਰਾਂ ਨੇ ਮਾਸਕ ਪਾਏ ਹੋਏ ਸਨ ਅਤੇ ਵਾਕਿੰਗ ਡਰਾਈਵ ਵਿਚ ਇਕ ਲਾਈਨ ਵਿਚ ਦੌੜਦਿਆਂ ਹੋਇਆਂ ਵੀ ਉਨ੍ਹਾਂ ਨੇ ਆਪਸ ਵਿਚ 2 ਮੀਟਰ ਦਾ ਫ਼ਾਸਲਾ ਬਾਕਾਇਦਾ ਬਣਾਈ ਰੱਖਿਆ। ਸਾਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਹਾਲਾਤ ਦੇ ਮੱਦੇਨਜ਼ਰ ਮਾਰਚ 2020 ਤੋਂ ਬਾਅਦ ਕਲੱਬ ਦੇ ਮੈਂਬਰਾਂ ਦਾ ਇੰਜ ਛੋਟੇ-ਛੋਟੇ ਗਰੁੱਪਾਂ ਵਿਚ ਇੱਕੋ ਸਮੇਂ ਵੱਖ-ਵੱਖ ਥਾਵਾਂ ਤੋਂ ਦੌੜਨ ਦਾ ਆਪਣੀ ਕਿਸਮ ਦਾ ਪਹਿਲਾ ਤਜਰਬਾ ਸੀ। ਇਸ ਤੋਂ ਪਹਿਲਾਂ ਉਹ ਕਿਸੇ ਇਕ ਜਗ੍ਹਾ ਇਕੱਠੇ ਹੋ ਕੇ ਕਿਸੇ ਨਾ ਕਿਸੇ ਟਰੇਲ ‘ਤੇ ਗਰੁੱਪ ਦੀ ਸ਼ਕਲ ਵਿਚ ਦੌੜਿਆ ਕਰਦੇ ਸਨ। ਦੌੜ ਤੇ ਵਾੱਕ ਦੇ ਇਸ ਈਵੈਂਟ ਦੀ ਰੂਪ-ਰੇਖਾ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਸਕੱਤਰ ਜੈਪਾਲ ਸਿੱਧੂ ਤੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਅਤੇ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਆਪਣੀ ਹੀ ਕਿਸਮ ਦੇ ਇਸ ਵੱਖਰੇ ਈਵੈਂਟ ਵਿਚ ਸੰਧੂਰਾ ਸਿੰਘ ਬਰਾੜ, ਜੈਪਾਲ ਸਿੱਧੂ, ਮਨਜੀਤ ਸਿੰਘ, ਸੰਜੂ ਗੁਪਤਾ, ਬਲਜਿੰਦਰ ਲੇਲਣਾ, ਸਰਬਜੀਤ ਕੌਰ ਲੇਲਣਾ, ਜਸਪਾਲ ਗਰੇਵਾਲ, ਚਰਨਜੀਤ ਕੌਰ ਗਰੇਵਾਲ, ਹਰਜੀਤ ਸਿੰਘ ਲੋਚਮ, ਬਲਕਾਰ ਸਿੰਘ ਹੇਅਰ, ਈਸ਼ਰ ਸਿੰਘ, ਹਰਬੰਸ ਬਰਾੜ, ਜਸਵੀਰ ਸਿੰਘ ਪਾਸੀ, ਪਰਦੀਪ ਕੌਰ ਪਾਸੀ, ਭੁਪਿੰਦਰ ਸਿੰਘ, ਮਨਜੀਤ ਨੌਟਾ, ਮਨਜੀਤ ਕੌਰ, ਬੇਅੰਤ ਬਰਾੜ, ਸੁਖਦੇਵ ਸਿੰਘ, ਰਾਕੇਸ਼ ਸ਼ਰਮਾ ਤੇ ਉਨ੍ਹਾਂ ਦੀ ਪੋਤਰੀ, ਡਾ. ਰਾਜਿੰਦਰ ਸਿੰਘ, ਧਿਆਨ ਸਿੰਘ ਸੋਹਲ, ਸਿਮਰਤਪਾਲ ਭੁੱਲਰ, ਪਲਵਿੰਦਰ ਚੌਹਾਨ, ਧਰਮ ਸਿੰਘ ਰੰਧਾਵਾ, ਸੁਰਿੰਦਰ ਨਾਗਰਾ, ਨਰਿੰਦਰਪਾਲ ਉਰਫ਼ ਪਾਲ ਬੈਂਸ, ਉਨ੍ਹਾਂ ਦੀ ਬੇਟੀ ਜੈਸਮੀਨ ਤੇ ਬੇਟੇ ਗੁਰਜੱਸ, ਮੋਹਿੰਦਰ ਪੰਨੂ, ਉਰਮਲ ਪੰਨੂ, ਸਤਿੰਦਰ ਛੱਤਵਾਲ, ਬੌਬੀ ਛੱਤਵਾਲ, ਉਦੈ ਭਾਸਕਰ ਗੁਗੀਲਾ, ਮਾਲਤੀ ਗੁਗੀਲਾ ਤੇ ਅਮੋਗ ਗੁਗੀਲਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਲੰਡਨ ਦੇ ਮੇਅਰ ਬੈੱਨ ਅਤੇ ਕਿਰਨ ੳਰਫ਼ ਜੈਸ ਨੇ 5 ਕਿਲੋਮੀਟਰ ਦੌੜ ਕੇ ਇਸ ਈਵੈਂਟ ਵਿਚ ਆਪਣਾ ਹਿੱਸਾ ਪਾਇਆ। ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਇਸ ਦੌੜ ਵਿਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਅਜਿਹੇ ਹੋਰ ਵੀ ਦੌੜ-ਕਮ-ਵਾੱਕ ਈਵੈਂਟਸ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਕਰੋਨਾ ਦਾ ਮੁਕਾਬਲਾ ਕਰਨ ਲਈ ਸਰੀਰਾਂ ਨੂੰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਰੱਖਿਆ ਜਾ ਸਕੇ ਅਤੇ ਨੇੜ ਭਵਿੱਖ ਵਿਚ ਹਾਲਾਤ ਠੀਕ ਹੋਣ ‘ਤੇ ਕਲੱਬ ਦੀਆਂ ਸਰਗ਼ਰਮੀਆਂ ਨੂੰ ਤੇਜ਼ ਕੀਤਾ ਜਾ ਸਕੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …