ਸ਼ੌਕ ਅਧੂਰਾ ਰਹਿ ਨਾ ਜਾਏ ਮੈਂ ਕਹਿੰਦਾ ਹਾਂ।
ਸੂਰਜ ਅੰਬਰੋਂ ਲਹਿ ਨਾ ਜਾਏ ਮੈਂ ਕਹਿੰਦਾ ਹਾਂ।
ਇਸਦੇ ਉਪਰ ਕੋਈ ਵੀ ਛੱਤ ਟਿਕ ਸਕਦੀ ਨਈਂ,
ਪਿੱਲੀ ਕੰਧ ਹੈ ਢਹਿ ਨਾ ਜਾਏ ਮੈਂ ਕਹਿੰਦਾ ਹਾਂ।
ਮੈਂ ਇਸ ਬੰਦੇ ਦੀ ਫਿਤਰਤ ਤੋਂ ਜਾਣੂ ਹਾਂ ਜੀ,
ਰਿਸ਼ਵਤ ਲੈ ਕੇ ਬਹਿ ਨਾ ਜਾਏ ਮੈਂ ਕਹਿੰਦਾ ਹਾਂ।
ਟੁੱਟੀ ਬੇੜੀ ਲੈ ਕੇ ਪਾਣੀ ਵਿਚ ਨਾ ਜਾਵੀਂ,
ਲਹਿਰਾਂ ਦੇ ਵਿਚ ਵਹਿ ਨਾ ਜਾਏ ਮੈਂ ਕਹਿੰਦਾ ਹਾਂ।
ਪਹਿਲਾਂ ਇਸ ਤੋਂ ਲੱਖਾਂ ਧੋਖੇ ਖਾਧੇ ਆਪਾਂ,
ਨਜ਼ਰ ਦੁਬਾਰਾ ਖਹਿ ਨਾ ਜਾਏ ਮੈਂ ਕਹਿੰਦਾ ਹਾਂ।
ਹੋਰ ਨਾ ਪੀੜਾ ਦੇਵੀਂ ਮੇਰੇ ਚੰਦਰੇ ਦਿਲ ਨੂੰ,
ਸਹਿੰਦਾ-ਸਹਿੰਦਾ ਸਹਿ ਨਾ ਜਾਏ ਮੈਂ ਕਹਿੰਦਾ ਹਾਂ।
ਉਸ ਨੂੰ ਆਖੋ ਘੁੰਡ ‘ਚੋਂ ਮੁਖੜਾ ਬਾਹਰ ਨਾ ਕੱਢੇ,
ਚੰਨ ਅੰਬਰ ‘ਚੋਂ ਲਹਿ ਨਾ ਜਾਏ ਮੈਂ ਕਹਿੰਦਾ ਹਾਂ।
ਰੇਤੇ ਦੀ ਦੀਵਾਰ ‘ਚ ਕੋਈ ਦਮਖਮ ਨਈਂਓੁ,
‘ਬਾਲਮ’ ਕਿਧਰੇ ਢਹਿ ਨਾ ਜਾਵੇ ਮੈਂ ਕਹਿੰਦਾ ਹਾਂ।
***
ਇਹ ਬਹਾਰਾਂ ਚਮਨ ਅੰਦਰ ਜ਼ਿੰਦਗੀ ਦੇ ਅਰਥ ਨੇ।
ਰਿਸ਼ਤਿਆਂ ਦੀ ਪੂਜਾ ਅੰਦਰ ਬੰਦਗੀ ਦੇ ਅਰਥ ਨੇ।
ਰਿੜਕਣੇਂ ਤੋਂ ਬਾਅਦ ਹੀ ਅਸਲੀ ਹਕੀਕਤ ਮਿਲਦੀ ਹੈ,
ਤੈਰਦਾ ਮੱਖਣ ਲੱਸੀ ਵਿਚ ਦੋਸਤੀ ਦੇ ਅਰਥ ਨੇ।
ਸੋਚ ਕੇ ਕੁਝ ਸਮਝ ਕੇ ਹੀ ਕਦਮ ਪੁੱਟਣੇ ਚਾਹੀਦੇ,
ਵਰਮੀਆਂ ਵਿਚ ਦੁੱਧ ਪਾਉਣਾ ਦੁਸ਼ਮਣੀ ਦੇ ਅਰਥ ਨੇ।
ਜੋ ਖੁਦਾ ਨੇ ਹੁਸਨ ਦਿੱਤਾ ਗਹਿਣਿਆਂ ਦੀ ਲੋੜ ਨਈਂ,
ਫੁੱਲ ਦੀ ਖ਼ੁਸ਼ਬੂ ‘ਚ ਅਸਲੀ ਸਾਦਗੀ ਦੇ ਅਰਥ ਨੇ।
ਕਿਸ ਮੰਗੇਤਰ ਦੀ ਨਿਸ਼ਾਨੀ ਸਾਂਭ ਕੇ ਰੱਖੀ ਏ,
ਖ਼ੂਬਸੂਰਤ ਉਂਗਲੀਆਂ ਵਿਚ ਆਰਸੀ ਦ੍ਵੇ ਆਰਥ ਨੇ।
ਫਿਰ ਇਕਾਗਰ ਚਿੱਤ ‘ਚ ਮਨ ਦਾ ਡੋਲਣਾ ਕੁਝ ਨਾ ਬੋਲਣਾ।
ਪੈਰ ਦੀ ਝਾਂਜਰ ‘ਚ ਸੋਹਣੀ ਰਾਗਣੀ ਦੇ ਅਰਥ ਨੇ।
ਪੀੜੀਆਂ ਦਰ ਪੀੜੀਆਂ ਇਹ ਸਿਲਸਿਲਾ ਹੈ ਚੱਲਣਾ,
ਫੁਲ ਉਪਰ ਭੰਵਰੇ ਦੀ ਉਲਫ਼ਤ ਆਸ਼ਕੀ ਦੇ ਅਰਥ ਨੇ।
‘ਬਾਲਮਾ’ ਇਹ ਯਾਦ ਮੇਰੀ ਦਾ ਸੁਹਾਣਾ ਪਲ ਹੈ,
ਸੱਤ ਰੰਗੀ ਪੀਂਘ ਦੇ ਵਿਚ ਪਾਲਕੀ ਦੇ ਅਰਥ ਨੇ।
ਬਲਵਿੰਦਰ ਬਾਲਮ ਗੁਰਦਾਸਪੁਰ
ਗ਼ਜ਼ਲ
RELATED ARTICLES

