ਕਿਹਾ : ਸਿਹਤ ਸਬੰਧੀ ਹਦਾਇਤਾਂ ਨੂੰ ਵੀ ਮੰਨਣ ਲੋਕ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸਥਾਨਕ ਸੜਕਾਂ ਜਾਮ ਹਨ ਅਤੇ ਪ੍ਰਦਰਸ਼ਨਕਾਰੀ ਟਰੱਕਾਂ ਦੇ ਹਾਰਨ ਵਜਾ-ਵਜਾ ਕੇ ਆਪਣਾ ਵਿਰੋਧ ਦਰਜ ਕਰ ਰਹੇ ਹਨ। ਦਰਅਸਲ ਕੈਨੇਡਾ ਸਰਕਾਰ ਨੇ ਸਰਹੱਦ ਤੋਂ ਪਾਰ ਜਾਂਦੇ ਉਨ੍ਹਾਂ ਟਰੱਕ ਡਰਾਇਵਰਾਂ ਲਈ ਕੋਵਿਡ ਨਿਯਮ ਬਦਲੇ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਈ ਹੋਈ ਹੈ। ਨਿਯਮਾਂ ਅਨੁਸਾਰ ਉਨ੍ਹਾਂ ਨੂੰ ਕੈਨੇਡਾ ਵਾਪਸ ਆਉਣ ‘ਤੇ ਇੱਕ ਤੈਅ ਵਕਤ ਲਈ ਕੁਆਰੰਟੀਨ ਹੋਣਾ ਪਵੇਗਾ। ਕੈਨੇਡਾ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੇ ਇਸ ਪ੍ਰਦਰਸ਼ਨ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ ਹੈ। ਜਸਟਿਨ ਟਰੂਡੋ ਨੇ ਆਖਿਆ ਹੈ ਕਿ ਮਹਾਂਮਾਰੀ ਕਾਰਨ ਕਈ ਲੋਕ ਪਰੇਸ਼ਾਨ ਹਨ। ਪਿਛਲੇ ਦੋ ਸਾਲਾਂ ਤੋਂ ਇਹ ਲੜਾਈ ਖ਼ਤਮ ਨਹੀਂ ਹੋ ਰਹੀ ਹੈ ਪਰ ਕੁਝ ਲੋਕਾਂ ਵੱਲੋਂ ਦੇਸ਼ ਦੀ ਰਾਜਧਾਨੀ ਵਿੱਚ ਕੀਤੇ ਗਏ ਵਿਵਹਾਰ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਵਰਕਰਾਂ ਨੂੰ ਪ੍ਰੇਸ਼ਾਨ ਕਰਨਾ, ਬੱਚਿਆਂ ਨੂੰ ਸਕੂਲ ਨਾ ਜਾਣ ਦੇਣਾ ਗਲਤ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਮੰਨਦਾ ਹਾਂ ਕਿ ਲੋਕ ਮਹਾਂਮਾਰੀ ਕਾਰਨ ਪ੍ਰੇਸ਼ਾਨ ਹਨ। ਜੇ ਉਹ ਮਾਸਕ ਨਹੀਂ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਪੁਲਿਸ ਨੂੰ ਲੋਕਾਂ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਸਿਹਤ ਸਬੰਧੀ ਹਦਾਇਤਾਂ ਨੂੰ ਵੀ ਮੰਨਣਾ ਚਾਹੀਦਾ ਹੈ। ਇਸ ਵਿਰੋਧ ਨੇ ਕੈਨੇਡਾ ਦੀਆਂ ਸਰਹੱਦਾਂ ਤੋਂ ਬਾਹਰ ਵੀ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਪ੍ਰਦਰਸ਼ਨਕਾਰੀ ਘੱਟੋ-ਘੱਟ ਹਫ਼ਤੇ ਦੇ ਅੰਤ ਤੱਕ ਪਾਰਲੀਮੈਂਟ ਹਿੱਲ ਦੇ ਨੇੜੇ ਓਟਾਵਾ ਦੇ ਡਾਊਨਟਾਊਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੇ ਹਨ।