ਹਰਜੀਤ ਗਰੇਵਾਲ ਨੂੰ ਟਿਕਟ ਨਹੀਂ ਮਿਲੀ ਪਰ ਚੋਣ ਪ੍ਰਚਾਰ ਕਰਨਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਮੀਨਾਕਸ਼ੀ ਲੇਖੀ, ਹਰਦੀਪ ਪੁਰੀ, ਅਨੁਰਾਗ ਠਾਕਰ, ਜੇਪੀ ਨੱਢਾ, ਨਿਤਿਨ ਗਡਕਰੀ, ਪਿਊਸ਼ ਗੋਇਲ ਅਤੇ ਸਮਿਰਤੀ ਇਰਾਨੀ ਦਾ ਨਾਮ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਹੇਮਾ ਮਾਲਿਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਦਾ ਨਾਮ ਵੀ ਸਟਾਰ ਚੋਣ ਪ੍ਰਚਾਰਕਾਂ ਵਿਚ ਸ਼ਾਮਲ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਪ੍ਰਦੇਸ਼ ਦੇ ਸੀਐਮ ਜੈਰਾਮ ਠਾਕੁਰ, ਤਰੁਣ ਚੁੱਘ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸੋਮ ਪ੍ਰਕਾਸ਼ ਅਤੇ ਅਵਿਨਾਸ਼ ਰਾਏ ਖੰਨਾ ਵੀ ਪੰਜਾਬ ਵਿਚ ਭਾਜਪਾ ਲਈ ਚੋਣ ਪ੍ਰਚਾਰ ਕਰਨਗੇ। ਇਸੇ ਦੌਰਾਨ ਸਭ ਤੋਂ ਅਹਿਮ ਨਾਮ ਹਰਜੀਤ ਸਿੰਘ ਗਰੇਵਾਲ ਦਾ ਹੈ, ਜਿਸ ਨੂੰ ਭਾਜਪਾ ਨੇ ਟਿਕਟ ਨਹੀਂ ਦਿੱਤੀ, ਪਰ ਉਸ ਕੋਲੋਂ ਪੰਜਾਬ ਵਿਚ ਭਾਜਪਾ ਲਈ ਚੋਣ ਪ੍ਰਚਾਰ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਲੰਘੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਵਿਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਪ੍ਰਧਾਨ ਮੰਤਰੀ ਉਸ ਰੈਲੀ ਨੂੰ ਸੰਬੋਧਨ ਨਹੀਂ ਕਰ ਸਕੇ ਸਨ। ਚਰਚਾ ਤਾਂ ਇਹੀ ਚੱਲਦੀ ਰਹੀ ਸੀ ਕਿ ਭਾਜਪਾ ਦੀ ਰੈਲੀ ਵਾਲੇ ਸਥਾਨ ‘ਤੇ ਵੱਡੀ ਗਿਣਤੀ ਵਿਚ ਕੁਰਸੀਆਂ ਖਾਲੀ ਸਨ, ਜਿਸ ਕਰਕੇ ਪ੍ਰਧਾਨ ਮੰਤਰੀ ਵਾਪਸ ਮੁੜ ਗਏ ਸਨ। ਹੁਣ ਦੇਖਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਵਿਚ ਕਿੰਨੀ ਕੁ ਭੀੜ ਇਕੱਠੀ ਹੁੰਦੀ ਹੈ।