ਖੇਤੀ ਵੀ ਕਰਦੇ ਹਨ ਤੇ ਨਾਲ ਹੀ ਗਾਵਾਂ ਦੀ ਕੱਢਦੇ ਹਨ ਧਾਰਾਂ
ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤੋਂ ਇਲਾਵਾ ਜਿੱਥੇ ਜੈਵਿਕ ਖੇਤੀ ਕਰਦੇ ਹਨ ਉਥੇ ਹੁਣ ਕਣਕ ਦੀ ਵਾਢੀ ਵੀ ਆਪਣੇ ਹੱਥੀਂ ਕਰਨ ਵਿਚ ਜੁਟੇ ਹੋਏ ਹਨ। ਅਜਿਹਾ ਕਰਕੇ ਡੀਸੀ ਰਾਮਵੀਰ ਨੌਜਵਾਨਾਂ ਲਈ ਚੰਗੀ ਮਿਸਾਲ ਕਾਇਮ ਕਰ ਰਹੇ ਹਨ।
ਹਰਿਆਣੇ ਦੇ ਝੱਜਰ ਜ਼ਿਲ੍ਹੇ ਦੇ ਰਹਿਣ ਵਾਲੇ ਅਤੇ 2009 ਬੈਚ ਦੇ ਆਈਏਐੱਸ ਅਧਿਕਾਰੀ ਰਾਮਵੀਰ ਖੇਤੀਬਾੜੀ ਤੋਂ ਇਲਾਵਾ ਸਵੇਰੇ ਜਲਦੀ ਉੱਠ ਕੇ ਰੋਜ਼ਾਨਾ ਗਾਵਾਂ ਦੀਆਂ ਧਾਰਾਂ ਵੀ ਖੁਦ ਹੀ ਚੋਂਦੇ ਹਨ। ਰਾਮਵੀਰ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦਾ ਦਫਤਰੀ ਕੰਮਕਾਜ ਬਹੁਤ ਰੁਝੇਵਿਆਂ ਭਰਿਆ ਹੁੰਦਾ ਹੈ ਪਰ ਫਿਰ ਵੀ ਉਹ ਰੋਜ਼ਾਨਾ ਗਾਵਾਂ ਦੀਆਂ ਧਾਰਾਂ ਕੱਢਣ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਕੰਮਾਂ ਲਈ ਸਮਾਂ ਕੱਢ ਲੈਂਦੇ ਹਨ। ਆਪਣੀਆਂ ਜੜ੍ਹਾਂ ਨਾਲ ਜੁੜ ਕੇ, ਖੇਤੀਬਾੜੀ ਨਾਲ ਸਬੰਧਤ ਕੰਮ ਕਰਨ ਅਤੇ ਆਪਣੀਆਂ ਗਾਵਾਂ ਦੀ ਸੇਵਾ ਕਰਨ ਨਾਲ ਉਨ੍ਹਾਂ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਦਾ ਪੁੱਤਰ ਹੋਣ ਕਰਕੇ ਮੈਂ ਖੇਤੀਬਾੜੀ ਦਾ ਪੂਰੇ ਦਿਲ ਨਾਲ ਸਤਿਕਾਰ ਕਰਦਾ ਹਾਂ। ਜੈਵਿਕ ਫਸਲਾਂ ਉਗਾਉਣਾ, ਉਨ੍ਹਾਂ ਨੂੰ ਵਧਦੇ ਵੇਖਣਾ ਅਤੇ ਵਾਢੀ ਕਰਨਾ ਮੇਰੇ ਲਈ ਸੁਖਦ ਤਜਰਬਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਜਗ੍ਹਾ ਬਿਨਾਂ ਕਿਸੇ ਝਿਜਕ ਦੇ ਆਪਣੇ ਪਰਿਵਾਰਾਂ ਦੇ ਰੋਜ਼ਾਨਾ ਘਰੇਲੂ ਕੰਮਾਂ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸਭਿਆਚਾਰਕ ਜੜ੍ਹਾਂ ਬਹੁਤ ਮਜ਼ਬੂਤ ਹਨ ਅਤੇ ਨੌਜਵਾਨਾਂ ਨੂੰ ਇਨ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …