Breaking News
Home / ਪੰਜਾਬ / ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਯਾਦ ਆਏ ਦਲਿਤ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਯਾਦ ਆਏ ਦਲਿਤ

ਚੰਡੀਗੜ੍ਹ : ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਮੌਕੇ ਬੁੱਧਵਾਰ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਰੀਬ 9 ਮਹੀਨੇ ਪਹਿਲਾਂ ਸਿਆਸੀ ਦਲ ਦਲਿਤ ਏਜੰਡਾ ਸੈਟ ਕਰਦੇ ਨਜ਼ਰ ਆਏ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਸੱਤਾ ਵਿਚ ਆਏ ਤਾਂ ਦਲਿਤ ਭਾਈਚਾਰੇ ਵਿਚੋਂ ਡਿਪਟੀ ਸੀਐਮ ਬਣਾਵਾਂਗੇ। ਇਸ ਬਿਆਨ ‘ਤੇ ਭਾਜਪਾ ਨੇ ਕਿਹਾ, ਡਿਪਟੀ ਸੀਐਮ ਹੀ ਕਿਉਂ, ਸੀਐਮ ਕਿਉਂ ਨਹੀਂ। ਅਸੀਂ ਦਲਿਤ ਵਰਗ ‘ਚੋਂ ਮੁੱਖ ਮੰਤਰੀ ਬਣਾਵਾਂਗੇ। ਉਥੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੱਧਰੀ ਵਰਚੂਅਲ ਸਮਾਗਮ ਦੌਰਾਨ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਐਸਸੀ ਭਾਈਚਾਰੇ ਲਈ ਕਈ ਐਲਾਨ ਕੀਤੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਵਿਚ ਘੱਟ ਤੋਂ ਘੱਟ 30 ਫੀਸਦੀ ਫੰਡ ਰਾਜ ਦੀ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਖਰਚ ਕੀਤੇ ਜਾਣਗੇ। ਸਾਰੇ ਵਿਭਾਗਾਂ ਵਿਚ ਐਸਸੀ ਅਹੁਦਿਆਂ ਦਾ ਬੈਕਲਾਗ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦਾ ਡਿਪਟੀ ਸੀਐਮ ਦਾ ਐਲਾਨ ਚੁਣਾਵੀ ਹਥਕੰਡਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਦਲਿਤਾਂ ਲਈ 10 ਸਾਲਾਂ ਵਿਚ ਕੁਝ ਨਹੀਂ ਕੀਤਾ ਅਤੇ ਹੁਣ ਡਰਾਮੇਬਾਜ਼ੀ ਕਰ ਰਹੇ ਹਨ।
ਅਕਾਲੀ ਸਰਕਾਰ ਬਣਨ ‘ਤੇ ਦਲਿਤ ਆਗੂ ਬਣੇਗਾ ਉਪ ਮੁੱਖ ਮੰਤਰੀ : ਸੁਖਬੀਰ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਦਲਿਤ ਪੱਤਾ ਖੇਡਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿੱਚ ਆਉਣ ‘ਤੇ ਦਲਿਤ ਪਰਿਵਾਰ ਵਿੱਚੋਂ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਉਹ ਜਲੰਧਰ ‘ਚ ਡਾ. ਬੀ ਆਰ ਅੰਬੇਡਕਰ ਦੇ 130ਵੇਂ ਜਨਮ ਦਿਹਾੜੇ ਮੌਕੇ ਨਕੋਦਰ ਚੌਕ ਵਿੱਚ ਲੱਗੇ ਡਾ. ਅੰਬੇਡਕਰ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਸੱਤਾ ਵਿੱਚ ਆ ਕੇ ਦੋਆਬੇ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ‘ਤੇ ਇੱਕ ਵੱਡੀ ਯੂਨੀਵਰਸਿਟੀ ਬਣਾਏਗੀ। ਇਸ ਨਾਲ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਮੁਹੱਈਆ ਕਰਵਾਈ ਜਾਵੇਗੀ। ਪ੍ਰੋਗਰਾਮ ਦੇ ਕੋਆਰਡੀਨੇਟਰ ਵਿਧਾਇਕ ਪਵਨ ਟੀਨੂੰ ਸਨ। ਇਸ ਦੌਰਾਨ ਉੱਥੇ ਮੌਜੂਦ ਦਲਿਤ ਸੰਗਠਨਾਂ ਨੇ ‘ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਮੁਰਦਾਬਾਦ’ ਦੇ ਨਾਅਰੇ ਵੀ ਲਾਏ। ਜਦੋਂ ਸੁਖਬੀਰ ਬਾਦਲ ਪਾਰਟੀ ਦੇ ਆਗੂਆਂ ਨਾਲ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ ਤਾਂ ਉਨ੍ਹਾਂ ਵਿਰੁੱਧ ਬਸਪਾ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਬਾਦਲ ਨੂੰ ਬੁੱਤ ਨੇੜੇ ਪਹੁੰਚਣ ਤੱਕ ਭਾਰੀ ਮੁਸ਼ੱਕਤ ਵੀ ਕਰਨੀ ਪਈ।
ਸਾਡਾ ਸੀਐਮ ਦਲਿਤ ਭਾਈਚਾਰੇ ‘ਚੋਂ ਹੋਵੇਗਾ : ਤਰੁਣ ਚੁੱਘ
ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰ ਅਤੇ ਅਕਾਲੀ ਦਲ ਨੇ ਹਮੇਸ਼ਾ ਹੀ ਦਲਿਤ ਭਾਈਚਾਰੇ ਨੂੰ ਆਪਣੇ ਵੋਟ ਬੈਂਕ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ। ਪਰ ਭਾਜਪਾ ਨੇ ਹਮੇਸ਼ਾ ਹੀ ਦਲਿਤ ਭਾਈਚਾਰੇ ਨੂੰ ਪ੍ਰਮੁੱਖ ਅੰਗ ਮੰਨਿਆ ਹੈ। 2012 ਵਿਚ ਅਸੀਂ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਭਾਈਚਾਰੇ ਨੂੰ ਦੇਣ ਲਈ ਕਿਹਾ ਸੀ, ਪਰ ਅਕਾਲੀ ਦਲ ਨੇ ਉਸ ਅਹੁਦੇ ‘ਤੇ ਵੀ ਆਪਣਾ ਆਗੂ ਬਿਠਾਇਆ। ਜ਼ਮੀਨ ਖਿਸਕਦੀ ਦੇਖ ਸ਼੍ਰੋਮਣੀ ਅਕਾਲੀ ਦਲ ਨੂੰ ਦਲਿਤ ਵਰਗ ਯਾਦ ਆ ਗਿਆ। ਉਧਰ, ਭਾਜਪਾ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਸਾਡਾ ਸੀਐਮ ਦਲਿਤ ਭਾਈਚਾਰੇ ਵਿਚੋਂ ਹੋਵੇਗਾ। ਅੱਧੀ ਦਰਜਨ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ 6 ਵਾਰ ਕਾਂਗਰਸ ਨੇ ਸਰਕਾਰ ਬਣਾਈ। ਇਹ ਦੱਸਿਆ ਜਾਵੇ ਕਿ ਦਲਿਤ ਸੀਐਮ ਕਿਉਂ ਨਹੀਂ ਬਣੇਗਾ। ਕੈਪਟਨ ਨੇ ਵੀ 2017 ਵਿਚ ਵਾਅਦਾ ਕੀਤਾ ਸੀ। ਉਥੇ, ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਸੁਖਬੀਰ ਨੇ ਡਿਪਟੀ ਸੀਐਮ ਦਾ ਹੀ ਐਲਾਨ ਕਿਉਂ ਕੀਤਾ, ਸੀਐਮ ਤਾਂ ਭਾਜਪਾ ਹੀ ਬਣਾ ਸਕਦੀ ਹੈ। ਅਸੀਂ ਹੁਣ ਵੀ ਕੇਂਦਰ ਵਿਚ ਦਲਿਤ ਮੰਤਰੀ ਬਣਾਏ ਹੋਏ ਹਨ।
30 ਫ਼ੀਸਦੀ ਫੰਡ ਦਲਿਤ ਵਸੋਂ ‘ਤੇ ਖਰਚਾਂਗੇ : ਅਮਰਿੰਦਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤਰਫੋਂ ਸਾਰੀਆਂ ਸੂਬਾਈ ਯੋਜਨਾਵਾਂ ਵਿੱਚੋਂ ਘੱਟੋ-ਘੱਟ 30 ਫ਼ੀਸਦੀ ਫੰਡ ਪੰਜਾਬ ਦੀ ਅਨੁਸੂਚਿਤ ਜਾਤੀ ਵਸੋਂ ਦੀ ਭਲਾਈ ਲਈ ਖ਼ਰਚੇ ਜਾਣਗੇ। ਮੁੱਖ ਮੰਤਰੀ ਨੇ ਸੂਬਾ ਪੱਧਰੀ ਵਰਚੂਅਲ ਸਮਾਗਮ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਰੇ ਵਿਭਾਗਾਂ ਵਿੱਚ ਐੱਸਸੀ ਅਸਾਮੀਆਂ ਦਾ ਬੈਕਲਾਗ ਪਹਿਲ ਦੇ ਆਧਾਰ ‘ਤੇ ਭਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਿਯਾਜੀਰਾਓ ਗਾਇਕਵਾੜ ਵੱਲੋਂ ਸਥਾਪਤ ਸਕੀਮ ਤਹਿਤ ਬਾਬਾ ਸਾਹਿਬ ਨੂੰ ਦਿੱਤੀ ਗਈ ਬੜੌਦਾ ਸਟੇਟ ਸਕਾਲਰਸ਼ਿਪ ਸਕੀਮ ਦੀ ਤਰਜ਼ ‘ਤੇ ਐੱਸਸੀ ਵਿਦਿਆਰਥੀਆਂ ਲਈ ‘ਪੋਸਟ-ਮੈਟਿਰਕ ਓਵਰਸੀਜ਼ ਸਕਾਲਰਸ਼ਿਪ ਸਕੀਮ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬਾਰ੍ਹਵੀਂ ਜਮਾਤ ਦੇ ਸਾਰੇ ਐੱਸਸੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਜਦਕਿ ਡੇਅਰੀ ਫਾਰਮਿੰਗ ਲਈ ਪ੍ਰੇਰਿਤ ਕਰਨ ਵਾਸਤੇ 9 ਟ੍ਰੇਨਿੰਗ ਅਤੇ ਐਕਸਟੈਨਸ਼ਨ ਸੈਂਟਰਾਂ ਵਿੱਚ ਪਿੰਡ ਪੱਧਰੀ 150 ਜਾਗਰੂਕਤਾ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ‘ਹਰ ਘਰ ਪੱਕੀ ਛੱਤ’ ਹੇਠ ਪਿੰਡਾਂ ਵਿੱਚ ਐੱਸਸੀ ਅਰਜ਼ੀਆਂ ਲਈ 30 ਫ਼ੀਸਦੀ ਰਾਖਵਾਂਕਰਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਵਾਜਬ ਕੀਮਤਾਂ ਵਾਲੀ ਹਾਊਸਿੰਗ ਸਕੀਮ ਵਿੱਚ ਵੀ 30 ਫ਼ੀਸਦੀ ਰਾਖਵਾਂਕਰਨ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਵਿੱਚ ਡਾ. ਬੀ ਆਰ ਅੰਬੇਡਕਰ ਮਿਊਜ਼ੀਅਮ ਅਤੇ ਡਾ. ਬੀ ਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਨੇਜਮੈਂਟ ਦੀ ਸਥਾਪਨਾ ਸਮੇਤ ਹੋਰ ਪ੍ਰਾਜੈਕਟਾਂ ਦੀ ਵੀ ਯੋਜਨਾ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …