Breaking News
Home / ਪੰਜਾਬ / ਗੁਰਦੀਪ ਸਿਧਾਣਾ ‘ਤੇ ਤਸ਼ੱਦਦ ਦੇ ਦਿੱਲੀ ਪੁਲਿਸ ‘ਤੇ ਆਰੋਪ

ਗੁਰਦੀਪ ਸਿਧਾਣਾ ‘ਤੇ ਤਸ਼ੱਦਦ ਦੇ ਦਿੱਲੀ ਪੁਲਿਸ ‘ਤੇ ਆਰੋਪ

ਨਵਜੋਤ ਸਿੱਧੂ ਨੇ ਕਿਹਾ – ਦਿੱਲੀ ਪੁਲਿਸ ਵੱਲੋਂ ਪੰਜਾਬੀਆਂ ‘ਤੇ ਤਸ਼ੱਦਦ ਕਰਨਾ ਸ਼ਰਮਨਾਕ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦੀਪ ਸਿੰਘ ਸਿਧਾਣਾ ਦੇ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਨੂੰ ਹਨ੍ਹੇਰੇ ‘ਚ ਰੱਖੇ ਜਾਣ ਤੋਂ ਕੈਪਟਨ ਸਰਕਾਰ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਨੌਜਵਾਨ ਆਗੂ ਲੱਖਾ ਸਿਧਾਣਾ, ਜੋ ਦਿੱਲੀ ਪੁਲਿਸ ਨੂੰ 26 ਜਨਵਰੀ ਦੀ ਘਟਨਾ ਦੇ ਮਾਮਲੇ ‘ਚ ਲੋੜੀਦਾ ਹੈ, ਦੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਸਿਧਾਣਾ ਨੂੰ ਦਿੱਲੀ ਪੁਲਿਸ ਵੱਲੋਂ 8 ਅਪਰੈਲ ਨੂੰ ਪਟਿਆਲਾ ਤੋਂ ਚੁੱਕੇ ਜਾਣ ਦਾ ਪਤਾ ਲੱਗਾ ਹੈ। ਦਿੱਲੀ ਪੁਲਿਸ ਵੱਲੋਂ ਅੰਬਾਲਾ ‘ਚ ਛੱਡਣ ਮਗਰੋਂ ਮੁੰਡੀ ਸਿਧਾਣਾ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿਥੋਂ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਹੈ। ਬਠਿੰਡਾ ਪੁਲਿਸ ਵੱਲੋਂ ਗੁਰਦੀਪ ਸਿੰਘ ਸਿਧਾਣਾ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਤਾਹਨਾ ਮਾਰਿਆ ਹੈ। ਨਵਜੋਤ ਸਿੱਧੂ ਨੇ ਗੁਰਦੀਪ ਸਿਧਾਣਾ ਦੇ ਹਵਾਲੇ ਨਾਲ ਕਿਹਾ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਪੰਜਾਬ ਦੇ ਅਧਿਕਾਰ ਖੇਤਰ ਵਿਚ ਆ ਕੇ ਪੰਜਾਬੀਆਂ ‘ਤੇ ਤਸ਼ੱਦਦ ਕਰ ਰਹੀ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਆਖਰ ਇਹ ਕਿਸ ਦੀ ਸ਼ਹਿ ‘ਤੇ ਹੋ ਰਿਹਾ ਹੈ। ਸਿੱਧੂ ਨੇ ਕਿਹਾ ਕਿ ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਸ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਵਿੱਚ ਘੁਸਪੈਠ ਕਰਨ ‘ਤੇ ਸੀਬੀਆਈ ਅਧਿਕਾਰੀਆਂ ਨੂੰ ਵੀ ਜੇਲ੍ਹ ਭੇਜ ਦਿੱਤਾ ਸੀ।
ਇਸੇ ਦੌਰਾਨ ਪੀੜਤ ਗੁਰਦੀਪ ਸਿਧਾਣਾ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਉਸ ਨੂੰ ਅੱਠ ਅਪਰੈਲ ਨੂੰ ਪਟਿਆਲਾ ਦੀ ਯੂਨੀਵਰਸਿਟੀ ਸੜਕ ਤੋਂ ਚੁੱਕ ਕੇ ਦਿੱਲੀ ਦੇ ਜਨਕਪੁਰੀ ਪੁਲਿਸ ਸਟੇਸ਼ਨ ਲੈ ਗਈ, ਜਿਥੇ ਉਸ ‘ਤੇ ਤਸ਼ੱਦਦ ਕੀਤਾ ਗਿਆ। ਇਸ ਦੌਰਾਨ ਉਸ ਤੋਂ ਲੱਖਾ ਸਿਧਾਣਾ ਬਾਰੇ ਪੁੱਛਿਆ ਗਿਆ ਅਤੇ ਦੂਸਰੇ ਦਿਨ ਦਿੱਲੀ ਪੁਲਿਸ ਉਸ ਨੂੰ ਅੰਬਾਲਾ ਛੱਡ ਕੇ ਚਲੀ ਗਈ। ਮਗਰੋਂ ਪੰਚਾਇਤ ਨੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ। ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨ ਲਿਖ ਲਏ ਗਏ ਹਨ ਅਤੇ ਪੜਤਾਲ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ‘ਤੇ ਕੇਸ ਦਰਜ ਹੋਵੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪੁਲਿਸ ਵੱਲੋਂ ਮੁੰਡੀ ਸਿਧਾਣਾ ‘ਤੇ ਤਸ਼ੱਦਦ ਢਾਹੁਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸੂਬੇ ਦੇ ਨੌਜਵਾਨਾਂ ‘ਤੇ ਢਾਹੇ ਜਾ ਰਹੇ ਤਸ਼ੱਦਦ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਆਪਣੇ ਅਧਿਕਾਰ ਖੇਤਰ ਵਿਚ ਦਿੱਲੀ ਪੁਲਿਸ ਨੂੰ ਆਗਿਆ ਕਿਉਂ ਦੇ ਰਹੇ ਹਨ। ਇਹ ਤੁਰੰਤ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੰਡੀ ਸਿਧਾਣਾ ‘ਤੇ ਤਸ਼ੱਦਦ ਢਾਹੁਣ ਵਾਲੀ ਦਿੱਲੀ ਪੁਲਿਸ ਦੀ ਟੀਮ ਖਿਲਾਫ਼ ਕੇਸ ਦਰਜ ਕੀਤਾ ਜਾਵੇ।

 

 

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …