Breaking News
Home / ਪੰਜਾਬ / ਦੋ ਬੇਰੁਜ਼ਗਾਰਾਂ ਨੇ ਭਾਖੜਾ ਨਹਿਰ ‘ਚ ਮਾਰੀ ਛਾਲ

ਦੋ ਬੇਰੁਜ਼ਗਾਰਾਂ ਨੇ ਭਾਖੜਾ ਨਹਿਰ ‘ਚ ਮਾਰੀ ਛਾਲ

ਮੋਤੀ ਬਾਗ ਪੈਲੇਸ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ
ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੀ ਪੁਲਿਸ ਦੇ ਡਰੋਂ ਅਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਦੋ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉੱਧਰ ਪੰਜ ਜਥੇਬੰਦੀਆਂ ਆਧਾਰਿਤ ਗਠਿਤ ‘ਬੇਰੁਜ਼ਗਾਰ ਸਾਂਝਾ ਮੋਰਚਾ’ ਦੇ ਸੱਦੇ ਉੱਤੇ ‘ਨਿਊ ਮੋਤੀ ਬਾਗ ਪੈਲੇਸ’ ਦੇ ਘਿਰਾਓ ਲਈ ਪੋਲੋ ਗਰਾਊਂਡ ਕੋਲ ਅੱਪੜੇ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ‘ਤੇ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ। ਪੁਲਿਸ ਨੇ ਮੋਰਚੇ ਦੀ ਲੀਡਰਸ਼ਿਪ, ਜਿਸ ਵਿੱਚ ਅੱਠ ਮਹਿਲਾਵਾਂ ਵੀ ਸ਼ਾਮਲ ਹਨ, ਨੂੰ ਵੀ ਜਬਰੀ ਹਿਰਾਸਤ ‘ਚ ਲੈ ਲਿਆ। ਇਸ ਦੌਰਾਨ ਕਈ ਮਹਿਲਾਵਾਂ ਨੂੰ ਵੀ ਸੱਟਾਂ ਲੱਗੀਆਂ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ‘ਚ ਵੱਖ-ਵੱਖ ਦੋ ਬੇਰੁਜ਼ਗਾਰ ਅਧਿਆਪਕ ਗੁੱਟਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਤੇ ਸਬੰਧਤ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਦੀ ਸਥਾਨਕ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਸ਼ਹਿਰ ‘ਚ ਚੱਪੇ ਚੱਪੇ ‘ਤੇ ਪੁਲਿਸ ਕਰਮੀ ਤੇ ਖੁਫ਼ੀਆਤੰਤਰ ਮੁਸਤੈਦ ਸੀ। ਅਜਿਹੇ ਦੌਰਾਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੱਦੇ ‘ਤੇ ਪ੍ਰਦਰਸ਼ਨਕਾਰੀ ਜਿਉਂ ਹੀ ਬਾਰਾਂਦਰੀ ‘ਚ ਇਕੱਤਰ ਹੋਏ ਤਾਂ ਪੁਲਿਸ ਬਲਾਂ ਨੇ ਇਕੱਠ ਨੂੰ ਜਬਰੀ ਖਦੇੜਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਵੱਡੀ ਗਿਣਤੀ ਹੋਰ ਕਾਰਕੁਨਾਂ ਨੂੰ ਹਿਰਾਸਤ ‘ਚ ਲੈ ਲਿਆ। ਇਸ ਦੇ ਰੋਸ ਵਜੋਂ ਜਿੱਥੇ ਮਗਰਲੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਰੋਡ ‘ਤੇ ਪੈਂਦੇ ਭਾਖੜਾ ਪੁਲ ‘ਤੇ ਜਾਮ ਲਗਾ ਦਿੱਤਾ, ਉੱਥੇ ਹੀ ਪੁਲਿਸ ਦੀ ਮੁੜ ਸਖ਼ਤੀ ਨੂੰ ਭਾਂਪਦਿਆਂ ਦੋ ਕਾਰਕੁਨਾਂ, ਅਮਨ ਤੇ ਭਾਰਤ ਦੋਵੇਂ ਵਾਸੀ ਫਾਜ਼ਿਲਕਾ ਨੇ ਵਗਦੀ ਨਹਿਰ ‘ਚ ਛਾਲ ਮਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਕਾਰਕੁਨ ਭਾਵੇਂ ਤੇਜ਼ ਪਾਣੀ ‘ਚ ਰੁੜਦੇ ਰਹੇ ਪਰ ਪੁਲਿਸ ਵੱਲੋਂ ਹੀ ਪਹਿਲਾਂ ਤੋਂ ਮੁਸਤੈਦ ਕੀਤੀ ਗੋਤਾਖੋਰਾਂ ਦੀ ਟੀਮ ਨੇ ਉਨ੍ਹਾਂ ਨੂੰ ਬਚਾਅ ਲਿਆ, ਜਿਨ੍ਹਾਂ ‘ਚੋਂ ਇੱਕ ਕਾਰਕੁਨ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ। ਉਂਜ ਦੋਵੇਂ ਕਾਰਕੁਨਾਂ ਨੇ ਸਰਕਾਰੀ ਸਿਹਤ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …