ਪੰਜਾਬ ‘ਚ ਕਦੇ ਚਿੱਟੀ ਮੱਖੀ ਅਤੇ ਕਦੇ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਨੂੰ ਕੀਤਾ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਨਰਮੇ ਦੀ ਫਸਲ ਹੇਠਲਾ ਰਕਬਾ ਘਟਣ ਲੱਗਿਆ ਹੈ। ਉਂਜ, ਸਮੁੱਚੇ ਉੱਤਰੀ ਭਾਰਤ ‘ਚ ਨਰਮੇ ਦੀ ਫਸਲ ਸੰਕਟ ਵਿੱਚ ਹੈ। ਐਤਕੀਂ ਪੰਜਾਬ ਵਿੱਚ ਨਰਮੇ ਹੇਠ ਰਕਬਾ ਘਟ ਕੇ ਕਰੀਬ 96 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਨਰਮੇ ਦੀ ਫਸਲ ਦਾ ਰਕਬਾ ਅੱਧਾ ਰਹਿ ਗਿਆ ਹੈ। ਬੀਜ ਕੰਪਨੀਆਂ ਦੇ ਬੀਜ ਦੀ ਵਿਕਰੀ ਇਕਦਮ ਡਿੱਗ ਪਈ ਹੈ। ਜਦੋਂ ਨਰਮੇ ਦੀ ਬਿਜਾਂਦ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਸਮੇਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ। ਆਮ ਆਦਮੀ ਪਾਰਟੀ ਵੀ ਚੋਣਾਂ ਵਿੱਚ ਉਲਝੀ ਹੋਈ ਸੀ। ਪੰਜਾਬ ਵਿੱਚ ਕਦੇ ਚਿੱਟੀ ਮੱਖੀ ਅਤੇ ਕਦੇ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ। ਸਾਲ 2015 ਵਿਚ ਪੰਜਾਬ ‘ਚ ਨਰਮੇ ਹੇਠ 3.25 ਲੱਖ ਹੈਕਟੇਅਰ ਨਰਮਾ ਸੀ ਅਤੇ ਉਸ ਸਾਲ ਚਿੱਟੀ ਮੱਖੀ ਨੇ ਪੂਰੀ ਫਸਲ ਤਬਾਹ ਕਰ ਦਿੱਤੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਰੀਬ 25 ਤੋਂ 50 ਫੀਸਦੀ ਰਕਬਾ ਹੇਠਾਂ ਆ ਗਿਆ ਹੈ। ਰਾਜਸਥਾਨ ਵਿੱਚ ਨਰਮੇ ਦੀ ਚੁਗਾਈ ਲਈ ਲੇਬਰ ਦਾ ਸੰਕਟ ਹੈ। ਪੰਜਾਬ ਵਿੱਚ ਇਸ ਵਾਰ ਫਸਲ ਦਾ ਭਾਅ ਨਾ ਮਿਲਿਆ ਤਾਂ ਅਗਲੇ ਵਰ੍ਹੇ ਨਰਮਾ ਪੰਜਾਬ ਨੂੰ ‘ਅਲਵਿਦਾ’ ਆਖ ਸਕਦਾ ਹੈ।
ਪੰਜਾਬ ‘ਚ ਜ਼ਮੀਨੀ ਪਾਣੀ ਦਾ ਵੱਡਾ ਸੰਕਟ ਹੈ ਅਤੇ ਨਰਮੇ ਹੇਠਲੇ ਘੱਟ ਰਹੇ ਰਕਬੇ ਨਾਲ ਫਸਲੀ ਵਿਭਿੰਨਤਾ ਦੇ ਰਾਹ ਵੀ ਔਖੇ ਹੋ ਜਾਣੇ ਹਨ। 1990-91 ਵਿੱਚ ਰਿਕਾਰਡ ਰਕਬਾ 7.01 ਲੱਖ ਹੈਕਟੇਅਰ ਨਰਮੇ ਦੇ ਹੇਠ ਸੀ ਜਦੋਂਕਿ ਰਿਕਾਰਡ ਪੈਦਾਵਾਰ 2006-07 ਵਿਚ 27 ਲੱਖ ਗੱਠਾਂ ਦੀ ਹੋਈ ਸੀ। 2009-10 ਵਿਚ ਬੀਟੀ ਫਸਲ ਦੀ ਚੜ੍ਹਤ ਸੀ ਅਤੇ ਉਸ ਮਗਰੋਂ ਨਰਮੇ ਹੇਠਲਾ ਰਕਬਾ ਲਗਾਤਾਰ ਘਟਦਾ ਆ ਰਿਹਾ ਹੈ। ਕਿਤੇ ਫਸਲੀ ਭਾਅ ਨਾ ਮਿਲਣ ਕਰਕੇ ਕਦੇ ਚਿੱਟੀ ਮੱਖੀ ਜਾਂ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਕਿਸਾਨ ਪ੍ਰੇਸ਼ਾਨ ਹੀ ਰਿਹਾ ਹੈ। ਲੰਘੇ ਸੀਜ਼ਨ ਵਿਚ ਨਰਮੇ ਦਾ ਸਰਕਾਰੀ ਭਾਅ 6620 ਰੁਪਏ ਮੀਡੀਅਮ ਰੇਸ਼ੇ ਵਾਲੀ ਫਸਲ ਦਾ ਰਿਹਾ ਹੈ। ਨਰਮੇ ਦੀ ਚੁਗਾਈ ਮਹਿੰਗੀ ਹੋ ਗਈ ਹੈ ਅਤੇ ਫਸਲ ਪਾਲਣ ਲਈ ਲਾਗਤ ਖਰਚੇ ਵਧ ਗਏ ਹਨ ਜਿਸ ਕਰਕੇ ਕਿਸਾਨਾਂ ਦਾ ਫਸਲ ਨਾਲੋਂ ਮੋਹ ਭੰਗ ਹੋਣ ਲੱਗਿਆ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਬੀਟੀ ਬੀਜ ਦੇ 30 ਲੱਖ ਪੈਕੇਟਾਂ ਦੀ ਵਿਕਰੀ ਸੀ ਅਤੇ ਅੱਜ ਸਿਰਫ ਛੇ ਲੱਖ ਪੈਕੇਟਾਂ ਦੀ ਰਹਿ ਗਈ ਹੈ। ਪੰਜਾਬ ਵਿੱਚ ਪਿਛਲੇ ਵਰ੍ਹੇ 1.69 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਸੀ ਅਤੇ 2022 ਵਿੱਚ 2.48 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਸੀ। ਪਿਛਲੇ ਵਰ੍ਹੇ ਮੌਸਮ ਦੀ ਮਾਰ ਪੈਣ ਕਰਕੇ ਵੀ ਫਸਲ ਪ੍ਰਭਾਵਿਤ ਹੋਈ ਸੀ।