ਕਿਸਾਨਾਂ ਵਲੋਂ ਸੰਸਦ ਮੈਂਬਰ ਨੂੰ ਹਵਾਈ ਟਿਕਟ ਦੇਣ ਤੇ ਪੰਜ ਤਾਰਾ ਹੋਟਲ ਵਿੱਚ ਰਿਹਾਇਸ਼ ਦੇ ਪ੍ਰਬੰਧ ਦੀ ਪੇਸ਼ਕਸ਼
ਜਲੰਧਰ : ਕਿਸਾਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਹੇਮਾ ਮਾਲਿਨੀ ਪੰਜਾਬ ਆ ਕੇ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਸਮਝਾ ਦੇਣ। ਇਸ ਸਬੰਧੀ ਕਿਸਾਨਾਂ ਨੇ ਸੰਸਦ ਮੈਂਬਰ ਨੂੰ ਹਵਾਈ ਟਿਕਟ ਤੇ ਪੰਜ ਤਾਰਾ ਹੋਟਲ ਵਿੱਚ ਰਿਹਾਇਸ਼ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।
ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਭਾਜਪਾ ਦੀ ਮਥੁਰਾ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਦੀ ਅਦਾਕਾਰਾ ਹੇਮਾ ਮਾਲਿਨੀ ਨੂੰ ਉਨ੍ਹਾਂ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ਦੇ ਪਤੇ ‘ਤੇ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਜਥੇਬੰਦੀ ਨੇ ਹੇਮਾ ਮਾਲਿਨੀ ਨੂੰ ਸਪੱਸ਼ਟ ਤੌਰ ‘ਤੇ ਲਿਖਿਆ ਹੈ, ”ਕਿਸਾਨਾਂ ਦੀਆਂ ਮੰਗਾਂ ਅਤੇ ਲੋੜਾਂ ਸਬੰਧੀ ਤੁਸੀਂ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕਰੋ। ਤੁਹਾਡੇ ਲਈ ਆਉਣ-ਜਾਣ ਦੀ ਹਵਾਈ ਟਿਕਟ ਅਤੇ ਤੁਹਾਡੇ ਆਲੀਸ਼ਾਨ ਜੀਵਨ ਮੁਤਾਬਕ ਹੀ ਪੰਜ ਤਾਰਾ ਹੋਟਲ ਵਿੱਚ ਇੱਕ ਹਫ਼ਤਾ ਰੁਕਣ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ।” ਜਥੇਬੰਦੀ ਦੇ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਪੰਜਾਬ ਆਉਣ ਦਾ ਸਾਰਾ ਖ਼ਰਚਾ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ ਆਪਣੀ ਹੱਡਭੰਨ੍ਹਵੀਂ ਮਿਹਨਤ ਨਾਲ ਕੀਤੀ ਗਈ ਕਮਾਈ ‘ਚੋਂ ਚੁੱਕਣਗੇ। ਪੱਤਰ ਵਿੱਚ ਲਿਖਿਆ ਹੈ, ”ਇਹ ਲੋਕ ਮਿੱਟੀ ਨਾਲ ਮਿੱਟੀ ਹੋ ਕੇ ਅੰਨ ਉਗਾਉਂਦੇ ਹਨ ਤੇ ਤੁਹਾਡੇ ਵਰਗੇ ਲੋਕ ਉਸ ਨੂੰ ਸੋਨੇ ਦੀਆਂ ਥਾਲੀਆਂ ਵਿੱਚ ਪਾ ਕੇ ਖਾਂਦੇ ਆ ਰਹੇ ਹਨ। ਇਸ ਦੇ ਬਾਵਜੂਦ 72 ਸਾਲਾਂ ਬਾਅਦ ਵੀ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਉਗਾਏ ਜਾਂਦੇ ਅਨਾਜ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਪੰਜਾਬ ਦੇ ਲੋਕਾਂ ਦੀ ਸਮਝ ਮੁਤਾਬਕ ਕੇਂਦਰ ਦੀ ਮੋਦੀ ਸਰਕਾਰ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਲੈ ਕੇ ਆਈ ਹੈ ਉਨ੍ਹਾਂ ਨਾਲ ਪੰਜਾਬ ਦਾ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ ਅਤੇ ਹਰ ਵਰਗ ਪ੍ਰਭਾਵਿਤ ਹੋਵੇਗਾ। ਖੇਤੀ ਕਾਨੂੰਨ ਲਾਗੂ ਹੋਣ ਦੀ ਸੂਰਤ ਵਿੱਚ ਪੰਜਾਬ ਫਿਰ ਪੰਜਾਬ ਨਹੀਂ ਰਹੇਗਾ।
ਖੇਤੀ ਕਾਨੂੰਨਾਂ ਦੀ ਆੜ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਆਂ ਨੂੰ ਤਬਾਹ ਕਰਨ ਦੀ ਜਿਹੜੀ ਇਬਾਰਤ ਮੋਦੀ ਸਰਕਾਰ ਨੇ ਲਿਖ ਦਿੱਤੀ ਹੈ ਇਹ ਇਬਾਰਤ ਤਾਂ ਪੰਜਾਬ ਦੇ ਬੱਚੇ-ਬੱਚੇ ਨੂੰ ਸਮਝ ਆ ਗਈ ਹੈ ਪਰ ਜੇ ਤੁਹਾਡੇ ਕੋਲ ਇਸ ਬਾਰੇ ਨਜ਼ਰੀਆ ਵੱਖਰੀ ਤਰ੍ਹਾਂ ਦਾ ਹੈ ਤਾਂ ਸਮੂਹ ਪੰਜਾਬੀਆਂ ਵੱਲੋਂ ਤੁਹਾਨੂੰ ਇਹ ਅਪੀਲ ਹੈ ਕਿ ਪੰਜਾਬ ਆ ਕੇ ਸਾਰਿਆਂ ਨੂੰ ਸਮਝਾ ਕੇ ਜਾਓ ਤਾਂ ਜੋ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਲੋਕ ਅਜਾਈਂ ਜਾਨਾਂ ਨਾ ਗਵਾਉਣ।” ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਭਾਜਪਾ ਨੇ ਬਾਲੀਵੁੱਡ ਅਦਾਕਾਰ ਧਰਮਿੰਦਰ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸੰਸਦ ਮੈਂਬਰ ਤਾਂ ਬਣਾ ਦਿੱਤਾ ਪਰ ਕੋਈ ਵੀ ਪੰਜਾਬ ਨਾਲ ਖੜ੍ਹਾ ਨਹੀਂ ਹੋ ਰਿਹਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …