Breaking News
Home / ਪੰਜਾਬ / ਨਵਜੋਤ ਸਿੱਧੂ ਵਲੋਂ ਕੈਪਟਨ ਵਜ਼ਾਰਤ ਤੋਂ ਅਸਤੀਫਾ

ਨਵਜੋਤ ਸਿੱਧੂ ਵਲੋਂ ਕੈਪਟਨ ਵਜ਼ਾਰਤ ਤੋਂ ਅਸਤੀਫਾ

ਪੰਜਾਬ ‘ਚ ਤੀਜਾ ਫਰੰਟ ਬਣਨ ਦੀਆਂ ਹੋਣ ਲੱਗੀਆਂ ਚਰਚਾਵਾਂ
ਚੰਡੀਗੜ੍ਹ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਟਵਿੱਟਰ ‘ਤੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਵਜ਼ਾਰਤ ਤੋਂ ਆਪਣਾ ਅਸਤੀਫ਼ਾ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਦਿੱਤਾ ਸੀ। ਸਿੱਧੂ ਦੇ ਇਸ ਫ਼ੈਸਲੇ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮੱਚ ਗਈ ਹੈ। ਇਸ ਦੇ ਨਾਲ ਸੂਬੇ ਵਿਚ ਤੀਜਾ ਫਰੰਟ ਬਣਨ ਦੀ ਚਰਚਾ ਮੁੜ ਸ਼ੁਰੂ ਹੋ ਗਈ ਹੈ ਅਤੇ ਸਿੱਧੂ ਦੀ ਥਾਂ ਵਜ਼ਾਰਤ ਵਿਚ ਥਾਂ ਲੈਣ ਦੇ ਚਾਹਵਾਨਾਂ ਨੇ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੁਝ ਅਹਿਮ ਮਸਲਿਆਂ, ਖਾਸ ਕਰਕੇ ਬਾਦਲਾਂ ਅਤੇ ਬਿਕਰਮ ਮਜੀਠਿਆ ਵਿਰੁੱਧ ਕਾਰਵਾਈ ਕਰਨ, ਨੂੰ ਲੈ ਕੇ ਮੱਤਭੇਦ ਹੋ ਗਏ ਸਨ। ਇਨ੍ਹਾਂ ਮੱਤਭੇਦਾਂ ਦਾ ਸਿਖਰ ਲੋਕ ਸਭਾ ਚੋਣਾਂ ਸਮੇਂ ਬਠਿੰਡਾ ਵਿਚ ਕੀਤੀਆਂ ਚੋਣ ਰੈਲੀਆਂ ਸਨ ਜਿਸ ਵਿਚ ਸਿੱਧੂ ਨੇ ਸੱਦਾ ਦਿੱਤਾ ਸੀ ਕਿ ‘ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਹਰਾਇਆ ਜਾਵੇ।’ ਇਸ ਮਗਰੋਂ ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਸੀ ਕਿ ਸਿੱਧੂ ਦੇ ਬਿਆਨ ਕਾਰਨ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਭਾਰੀ ਸੱਟ ਲੱਗ ਸਕਦੀ ਹੈ। ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਬਠਿੰਡਾ ਲੋਕ ਸਭਾ ਸੀਟ ਹਾਰੀ ਹੈ। ਉਸ ਤੋਂ ਬਾਅਦ ਮਾਮਲਾ ਉਲਝਦਾ ਚਲਾ ਗਿਆ ਸੀ।
ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੇ ਟਕਰਾਅ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਸੀ ਜਦੋਂ ਸਿੱਧੂ 6 ਜੂਨ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਅਤੇ ਉਸੇ ਸਮੇਂ ਪ੍ਰੈੱਸ ਕਾਨਫਰੰਸ ਕੀਤੀ। ਉਸੇ ਦਿਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਕੋਲੋਂ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਵਾਪਸ ਲੈ ਕੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਦਿੱਤਾ ਗਿਆ ਸੀ, ਜਿਸ ਦਾ ਉਨ੍ਹਾਂ ਅਜੇ ਤਕ ਚਾਰਜ ਨਹੀਂ ਸਾਂਭਿਆ ਸੀ। ਵਿਭਾਗ ਬਦਲੇ ਜਾਣ ਕਰ ਕੇ ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਸਥਿਤੀ ਸਪੱਸ਼ਟ ਕੀਤੀ, ਜਿਨ੍ਹਾਂ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਮਸਲਾ ਸੁਲਝਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਉਸ ਸਮੇਂ ਤਕ ਰਾਹੁਲ ਗਾਂਧੀ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਤੋਂ ਵਾਪਸ ਪਰਤਣ ‘ਤੇ ਸਿੱਧੂ ਦੇ ਅਸਤੀਫ਼ਾ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਪ੍ਰੰਤੂ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਤਾਂ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਦਰਬਾਰ ਦਿੱਲੀ ਵਿਖੇ ਪਹੁੰਚ ਗਏ ਅਤੇ ਇਹ ਮਾਮਲਾ ਫਿਰ ਲਟਕ ਗਿਆ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …