Breaking News
Home / ਨਜ਼ਰੀਆ / ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ

ਬਹੁਤ ਸ਼ੁਕਰੀਆ-ਬੜੀ ਮੇਹਰਬਾਨੀ

ਗੁਰਦੀਸ਼ ਕੌਰ ਗਰੇਵਾਲ
ਇਹ ਦੋ ਲਫ਼ਜ਼ ਦੇਖਣ ਨੂੰ ਸਧਾਰਨ ਪ੍ਰਤੀਤ ਹੁੰਦੇ ਹਨ- ਪਰ ਇਹਨਾਂ ਅੰਦਰ ਅਥਾਹ ਸ਼ਕਤੀ ਦਾ ਸੋਮਾਂ ਛੁਪਿਆ ਹੋਇਆ ਹੈ। ਕਿਸੇ ਛੋਟੇ ਬੱਚੇ ਨੂੰ ਵੀ, ਕਿਸੇ ਕੰਮ ਬਦਲੇ ‘ਥੈਂਕ ਯੂ’ ਕਹਿ ਕੇ, ਉਸ ਦੇ ਚਿਹਰੇ ਦੀ ਖੁਸ਼ੀ ਨੂੰ ਦੇਖੋ। ਉਹ ਤੁਹਾਡੇ ਸਾਰੇ ਛੋਟੇ ਛੋਟੇ ਕੰਮ ਭੱਜ ਭੱਜ ਕੇ ਕਰੇਗਾ। ਇਹੀ ਹਾਲ ਵੱਡਿਆਂ ਦਾ ਹੈ। ਮਨੁੱਖੀ ਮਨ ਦੂਜਿਆਂ ਲਈ ਕੀਤੇ ਕੰਮ ਲਈ ਕੋਈ ਨਾ ਕੋਈ ਇਨਾਮ ਚਾਹੁੰਦਾ ਹੈ। ਉਹ ਇਨਾਮ ਕਿਸੇ ਵੀ ਸ਼ਕਲ ਵਿੱਚ ਹੋ ਸਕਦਾ ਹੈ। ਜੇ ਅਸੀਂ ਉਸ ਨੂੰ ਕੁਝ ਹੋਰ ਨਹੀਂ ਦੇ ਸਕਦੇ, ਤਾਂ ‘ਧੰਨਵਾਦ’ ਦੇ ਦੋ ਬੋਲ ਕਹਿਣ ਨਾਲ ਤਾਂ ਸਾਡਾ ਕੋਈ ਮੁੱਲ ਨਹੀਂ ਲਗਦਾ। ਪਰ ਇਸ ਨਾਲ ਉਸ ਬੰਦੇ ਨੂੰ ਹੋਰ ਵਲੰਟੀਅਰ ਕੰਮ ਕਰਨ ਲਈ ਉਤਸ਼ਾਹ ਮਿਲਦਾ ਹੈ। ਸਾਡਾ ਮਨ ਚੰਚਲ ਹੋਣ ਦੇ ਨਾਲ ਨਾਲ ਲਾਲਚੀ ਵੀ ਹੈ ਤੇ ਇਸ ਦਾ ਲਾਲਚ ਕਈ ਵਾਰੀ ‘ਧੰਨਵਾਦ’ ਦੇ ਲਫਜ਼ ਨਾਲ ਵੀ ਸੰਤੁਸ਼ਟ ਹੋ ਜਾਂਦਾ ਹੈ।
ਅੰਗਰੇਜ਼ ਲੋਕਾਂ ਦੇ ਤਾਂ ਇਹ ਲਫਜ਼- ‘ਸੌਰੀ’ ‘ਥੈਂਕ ਯੂ’ ਆਦਿ ਮੂੰਹ ਚੜ੍ਹੇ ਹੋਏ ਹਨ- ਉਹਨਾਂ ਦੇ ਸ਼ਿਸ਼ਟਾਚਾਰ ਦਾ ਹਿੱਸਾ ਹਨ ਇਹ। ਪਰ ਅਸੀਂ ਲੋਕ ਕੋਈ ਚੰਗੀ ਆਦਤ ਅਪਨਾਉਣ ਵਿੱਚ ਢਿੱਲ ਕਰਦੇ ਹਾਂ ਜਦ ਕਿ ਬੁਰੀਆਂ ਬਹੁਤ ਜਲਦੀ ਗ੍ਰਹਿਣ ਕਰ ਲੈਂਦੇ ਹਾਂ। ਵਿਦੇਸ਼ਾਂ ਵਿੱਚ ਵਸਣ ਨਾਲ ਵੈਸੇ ਸਾਨੂੰ ਕਾਫੀ ਅਕਲ ਆ ਗਈ ਹੈ ਪਰ ਅਜੇ ਵੀ ਅਸੀਂ ਬਹੁਤ ਵਾਰੀ ਸ਼ੁਕਰੀਆ ਕਹਿਣ ਵਿੱਚ ਸੰਕੋਚ ਕਰ ਜਾਂਦੇ ਹਾਂ। ਇੱਕ ਦੂਜੇ ਦਾ ਧੰਨਵਾਦ ਕਰਨ ਨਾਲ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਸ ਦੁਨੀਆਂ ਦੇ ਸਾਰੇ ਜੀਵ ਇੱਕ ਦੂਜੇ ਦੇ ਪੂਰਕ ਹਨ। ਕਿਸੇ ਇਕੱਲੇ ਦੀ ਕੋਈ ਹਸਤੀ ਨਹੀਂ ਹੈ। ਤੁਸੀਂ ਕਿਸੇ ਲਈ ਕੁੱਝ ਕਰਦੇ ਹੋ ਤੇ ਕੋਈ ਹੋਰ ਤੁਹਾਡੇ ਲਈ ਕੁੱਝ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਕਿਸੇ ਲਈ ਧੰਨਵਾਦ ਦੇ ਪਾਤਰ ਬਣਦੇ ਹੋ ਤੇ ਕੋਈ ਤੁਹਾਡੇ ਲਈ ਬਣਦਾ ਹੈ। ਇੱਕ ਤਾਕਤ ਮਿਲਦੀ ਹੈ, ਇੱਕ ਖੁਸ਼ੀ ਮਿਲਦੀ ਹੈ- ਇਹਨਾਂ ਦੋ ਲਫਜ਼ਾਂ ਨਾਲ ਤੇ ਸਾਡਾ ਮਨ ਹੋਰਨਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿਣ ਲੱਗ ਜਾਂਦਾ ਹੈ।
ਛੋਟੇ ਬੱਚੇ ਨੂੰ ਜਦੋਂ ਕੋਈ ਟੌਫੀ ਵੀ ਦਿੰਦਾ ਹੈ- ਤਾਂ ਅਸੀਂ ਝੱਟ ਕਹਿੰਦੇ ਹਾਂ, ”ਬੇਟਾ, ਥੈਂਕ ਯੂ ਬੋਲੋ।” ਇਸੇ ਤਰ੍ਹਾਂ ਜੇ ਕੋਈ ਪਾਣੀ ਦਾ ਗਿਲਾਸ ਵੀ ਦੇਵੇ, ਕੋਈ ਡਿੱਗੀ ਚੀਜ਼ ਚੁੱਕ ਕੇ ਫੜਾ ਦੇਵੇ ਤਾਂ ਉਸ ਨੂੰ -‘ਥੈਂਕ ਯੂ’ ਜਾਂ ‘ਸ਼ੁਕਰੀਆ’ ਕਹਿ ਦੇਣਾ- ਇੱਕ ਬਹੁਤ ਵਧੀਆ ਆਦਤ ਹੈ। ਸਾਡੇ ਦੋ ਲਫ਼ਜ਼ ਬੋਲਣ ਨਾਲ ਸਾਡਾ ਕੁੱਝ ਘਟਦਾ ਨਹੀਂ ਪਰ ਦੂਸਰੇ ਨੂੰ ਬਹੁਤ ਕੁੱਝ ਮਿਲ ਜਾਂਦਾ ਹੈ ਇਸ ਨਾਲ। ਇੱਕ ਪ੍ਰੇਰਣਾ ਮਿਲਦੀ ਹੈ, ਤੁਹਾਡੇ ਲਈ ਹੋਰ ਕੁੱਝ ਕਰਨ ਦੀ। ‘ਬੜੀ ਮੇਹਰਬਾਨੀ’ ਕਹਿ ਕੇ- ਅਸੀਂ ਵੀ ਇੱਕ ਤਰ੍ਹਾਂ ਨਾਲ ਉਸ ਦੇ ਕੀਤੇ ਕੰਮ ਲਈ, ਉਸ ਦੇ ਅਹਿਸਾਨਮੰਦ ਹੁੰਦੇ ਹਾਂ।
ਮੇਰੀ ਕੈਨੇਡਾ ਵਸਦੀ ਇੱਕ ਸਹੇਲੀ ਨੇ, ਇੱਕ ਦਿਨ ਮੈਂਨੂੰ ਆਪਣੀ ਆਪ ਬੀਤੀ ਸੁਣਾਈ। ਉਹ ਇੱਕ ਵੀਕ ਐਂਡ ਤੇ, 40 ਕੁ ਕਿਲੋਮੀਟਰ ਦੂਰ ਰਹਿੰਦੇ ਆਪਣੇ ਮਾਪਿਆਂ ਨੂੰ ਮਿਲ ਕੇ, ਸ਼ਾਮ ਦੇ ਸਮੇਂ ਆਪਣੀ ਗੱਡੀ ਤੇ ਵਾਪਿਸ ਆ ਰਹੀ ਸੀ। ਉਸ ਦਾ ਚਾਰ ਕੁ ਸਾਲ ਦਾ ਬੇਟਾ ਵੀ ਉਸ ਦੇ ਨਾਲ ਸੀ ਤੇ ਉਦੋਂ ਉਹ ਦੂਸਰੇ ਬੇਟੇ ਦੀ ਮਾਂ ਬਨਣ ਵਾਲੀ ਸੀ। ਰਸਤੇ ਵਿੱਚ ਅਚਾਨਕ ਉਸਦੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ। ਸੜਕ ਤੇ ਟ੍ਰੈਫਿਕ ਵੀ ਵਿਰਲਾ ਹੀ ਸੀ, ਆਸੇ ਪਾਸੇ ਸੰਘਣਾ ਜੰਗਲ ਤੇ ਉਤੋਂ ਰਾਤ ਦਾ ਹਨ੍ਹੇਰਾ। ਉਹ ਘਬਰਾ ਗਈ- ਹੁਣ ਟਾਇਰ ਬਦਲਣ ਕਈ ਕਿਸ ਦੀ ਮਦਦ ਲਏ। ਛੇਤੀ ਹੀ ਇੱਕ ਗੱਡੀ ਆਈ ਜਿਸ ਵਿੱਚ ਇੱਕ ਅੰਗਰੇਜ਼ ਜੋੜਾ ਸਵਾਰ ਸੀ। ਉਹਨਾਂ ਗੱਡੀ ਰੋਕੀ ਤੇ ਮਦਦ ਲਈ ਪੇਸ਼ਕਸ਼ ਕੀਤੀ। ਉਸ ਦੇ ਦੱਸਣ ਤੇ, ਉਹਨਾਂ ਝੱਟ ਹੀ ਟਾਇਰ ਬਦਲ ਦਿੱਤਾ। ਜਦ ਉਸ ਨੇ ਕਿਹਾ, ‘ਥੈਂਕ ਯੂ ਵੈਰੀ ਮੱਚ’ ਤਾਂ ਉਹ ਕਹਿਣ ਲੱਗੇ, ‘ਇਟ ਇਜ਼ ਓ ਕੇ- ਅਸੀਂ ਤਾਂ ਕਰਾਈਸਟ ਨੂੰ ਖੁਸ਼ ਕਰਨ ਲਈ ਆਪਣਾ ਫਰਜ਼ ਨਿਭਾਇਆ ਹੈ।’ ਮੈਂ ਹੈਰਾਨ ਹੋਈ ਉਸਦੀ ਗੱਲ ਸੁਣਕੇ ਤੇ ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ, ”ਧੰਨ ਨੇ ਉਹ ਲੋਕ, ਜਿਹਨਾਂ ਦੀ ਸੋਚ ਇੰਨੀ ਉੱਚੀ ਹੈ!” ਪਰ ਸਾਡੀ ਆਤਮਾ ਦੀ ਅਵੱਸਥਾ ਅਜੇ ਇੰਨੀ ਉਚੀ ਨਹੀਂ ਹੋਈ ਕਿ ਅਸੀਂ ਕਹੀਏ ਕਿ- ਅਸੀਂ ਤਾਂ ਤੁਹਾਡੀ ਮਦਦ ਕੇਵਲ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕੀਤੀ ਹੈ, ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਕਦੇ ਸ਼ੁਕਰੀਆ ਕੀਤਾ ਹੈ- ਜਿਸ ਨੇ ਸਾਨੂੰ ਅਣਗਿਣਤ ਦਾਤਾਂ ਦਿੱਤੀਆਂ ਹਨ ਤੇ ਦੇਈ ਜਾ ਰਿਹਾ ਹੈ?ਇਹ ਸੁੰਦਰ ਕਾਇਆ, ਮਾਤਾ ਪਿਤਾ, ਰਹਿਣ ਲਈ ਧਰਤੀ, ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ, ਮਹਿਲ ਮਾੜੀਆਂ, ਧੀਆਂ ਪੁੱਤਰ, ਕਾਰੋਬਾਰ, ਖਾਣ ਲਈ ਛੱਤੀ ਪਦਾਰਥ ਤੇ ਹੋਰ ਕਿੰਨੀ ਤਰ੍ਹਾਂ ਦੇ ਗੁਣ ਦਿੱਤੇ ਬੰਦੇ ਨੂੰ- ਕੀ ਉਸ ਦਾ ਧੰਨਵਾਦ ਕਰਨਾ ਨਹੀਂ ਬਣਦਾ?
ਜਪੁਜੀ ਸਾਹਿਬ ਵਿੱਚ ਵੀ ਆਉਂਦਾ ਹੈ- ”ਦੇਦਾ ਦੇ, ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥”
ਭਾਵ- ਜੁਗਾਂ ਜੁਗਾਂਤਰਾਂ ਤੋਂ ਸਭ ਜੀਅ ਉਸ ਦਾ ਦਿੱਤਾ ਰਿਜ਼ਕ ਖਾ ਰਹੇ ਹਨ, ਉਹ ਦੇਈ ਜਾ ਰਿਹਾ ਹੈ ਪਰ ਲੈਣ ਵਾਲੇ ਥੱਕ ਜਾਂਦੇ ਹਨ। ਭਾਵੇਂ ਗੁਰੂ ਸਾਹਿਬ ਇਹ ਵੀ ਫ਼ੁਰਮਾ ਰਹੇ ਹਨ, ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਪ੍ਰਮਾਤਮਾ ਤਾਂ ਬੇਪਰਵਾਹ ਹੈ। ਪਰ ਸ਼ੁਕਰਾਨੇ ਦੀ ਆਦਤ ਨਾਲ ਸਾਡੇ ਮਨ ਦੀ ਭਟਕਣਾ ਖਤਮ ਹੁੰਦੀ ਹੈ। ਸਾਡੇ ਵਿੱਚ ਸਬਰ ਸੰਤੋਖ ਵਰਗੇ ਗੁਣ ਪੈਦਾ ਹੁੰਦੇ ਹਨ। ਸਾਡੀ ਖੁਸ਼ੀ ਵਿੱਚ ਵਾਧਾ ਹੁੰਦਾ ਹੈ। ਅਸੀਂ ਮਾਇਆ ਦੇ ਪਿੱਛੇ ਭੱਜਦੇ ਨਹੀਂ। ਸਾਡਾ ਸੁਭਾਅ ਪਰਉਪਕਾਰੀ ਹੋ ਜਾਂਦਾ ਹੈ ਤੇ ਅਸੀਂ ਲੋੜਵੰਦਾਂ ਦੀ ਮਦਦ ਕਰਨ ਨੂੰ ਪਹਿਲ ਦੇਣ ਲੱਗ ਜਾਂਦੇ ਹਾਂ।
ਕਹਿੰਦੇ ਨੇ ਕਿ ਇੱਕ ਵਾਰੀ, ਸ਼ੇਖ ਸਾਅਦੀ ਤਪਦੀ ਦੁਪਹਿਰ ਵਿੱਚ, ਨੰਗੇ ਪੈਰੀਂ ਮਸੀਤ ਵੱਲ ਨੂੰ ਨਮਾਜ਼ ਅਦਾ ਕਰਨ ਜਾ ਰਹੇ ਸਨ। ਪੁਹੰਚ ਕੇ ਮਸੀਤ ਦੇ ਬਾਹਰ ਖੜ੍ਹ ਕੇ ਕਹਿਣ ਲੱਗੇ, ”ਯਾ ਅੱਲਾ ਪੈਰਾਂ ਨੂੰ ਜੁੱਤੀ ਤਾਂ ਦੇ ਦੇ- ਪੈਰ ਸਾੜ ਕੇ ਤੇਰੇ ਦਰ ਤੇ ਆਇਆ ਹਾਂ” ਜਦ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਬੰਦੇ ਦੇ ਪੈਰ ਨਹੀਂ ਸਨ ਤੇ ਉਹ ਰਿੜ੍ਹ ਕੇ ਆ ਰਿਹਾ ਸੀ। ਸੋ ਦੂਜੇ ਹੀ ਪਲ ਮਨ ਸ਼ੁਕਰਾਨਾ ਕਰਨ ਲੱਗਾ, ”ਸ਼ੁਕਰ ਹੈ ਅੱਲਾ, ਮੈਂਨੂੰ ਪੈਰ ਤਾਂ ਦਿੱਤੇ ਹਨ- ਜੁੱਤੀ ਨਹੀਂ ਤਾਂ ਕੋਈ ਗੱਲ ਨਹੀਂ।”
ਰੀਡਰਜ਼ ਡਾਇਜੈਸਟ ਵਿੱਚ ਇੱਕ ਵਾਰੀ ਇੱਕ ਖੋਜ ਤੇ ਅਧਾਰਤ ਲੇਖ ਛਪਿਆ ਸੀ- ਜਿਸ ਵਿੱਚ ਲਿਖਿਆ ਸੀ ਕਿ ਸੁਖੀ ਤੇ ਤੰਦਰੁਸਤ ਜੀਵਨ ਜੀਉਣ ਲਈ ਧੰਨਵਾਦ ਦੀ ਆਦਤ ਬਹੁਤ ਜਰੂਰੀ ਹੈ। ਇਕ ਦੂਜੇ ਦਾ ਧੰਨਵਾਦ ਵੀ ਤੇ ਪ੍ਰਮੇਸ਼ਰ ਦਾ ਧੰਨਵਾਦ ਵੀ, ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਇੱਕ ਅੰਗਰੇਜ਼ ਮਨੋਵਿਗਿਆਨੀ ਪ੍ਰੋਫੈਸਰ ਨੇ ਵੋਲੰਟੀਅਰਾਂ ਦੀਆਂ ਦੋ ਟੋਲੀਆਂ ਬਣਾ ਕੇ- ਕੁੱਝ ਕੰਮ ਕਰਨ ਨੂੰ ਦਿੱਤੇ। ਉਸ ਵਿੱਚੋਂ ਕੇਵਲ ਇੱਕ ਟੋਲੀ ਨੂੰ, ਹਰ ਕੰਮ ਦੀ ਸਫਲਤਾ ਲਈ ਇੱਕ ਦੂਜੇ ਦਾ, ਰੋਜ਼ਾਨਾ ਜੀਵਨ ਵਿੱਚ ਹਰ ਇੱਕ ਦਾ, ਤੇ ਰਾਤ ਨੂੰ ਸੌਣ ਤੋਂ ਪਹਿਲਾਂ ਗੌਡ ਦਾ ਧੰਨਵਾਦ ਕਰਨ ਲਈ ਕਿਹਾ ਗਿਆ। ਨਤੀਜਾ ਇਹ ਹੋਇਆ ਕਿ ਧੰਨਵਾਦੀ ਟੋਲੇ ਕੋਲ ਦੂਸਰੇ ਤੋਂ ਵੱਖਰੀ ਹੀ ਇੱਕ ਅਲੌਕਿਕ ਸ਼ਕਤੀ ਸੀ। ਉਹ ਆਸ਼ਾਵਾਦੀ ਸਨ, ਮਦਦਗਾਰ ਸਨ, ਵੰਡ ਸਕਣ ਵਿੱਚ ਯਕੀਨ ਰੱਖਦੇ ਸਨ, ਪਦਾਰਥਵਾਦੀ ਘੱਟ ਸਨ, ਸਬਰ ਸੰਤੋਖ ਵਾਲੇ ਸਨ, ਦੂਸਰਿਆਂ ਨਾਲ ਸਾੜਾ ਨਹੀਂ ਸਨ ਕਰਦੇ, ਫਿਕਰਮੰਦ ਨਹੀਂ ਸੀ ਹੁੰਦੇ, ਜ਼ਿਆਦਾ ਫੁਰਤੀਲੇ ਸਨ, ਦ੍ਰਿੜ ਵਿਸ਼ਵਾਸੀ ਸਨ, ਜ਼ਿਆਦਾ ਕਸਰਤ ਕਰਦੇ ਸਨ, ਖੁਸ਼ ਤਬੀਅਤ ਤੇ ਸਮਾਜਿਕ ਹਿੱਤਾਂ ਲਈ ਕੰਮ ਕਰਨ ਲਈ ਵਧੇਰੇ ਤਤਪਰ ਸਨ।
ਇਸ ਖੋਜ ਤੋਂ ਇਹ ਸਿੱਧ ਕੀਤਾ ਗਿਆ ਕਿ-‘ਧੰਨਵਾਦ’ ਦੀ ਅਲੌਕਿਕ ਸ਼ਕਤੀ ਵਾਲੇ ਲੋਕ-  ਬੀਮਾਰ ਘੱਟ ਹੁੰਦੇ ਹਨ, ਵਧੀਆ ਸੌਂ ਸਕਦੇ ਹਨ, ਲੋੜ ਪੈਣ ਤੇ ਹੋਰਨਾਂ ਦੀ ਮਦਦ ਲਈ ਤਿਆਰ- ਬਰ- ਤਿਆਰ ਰਹਿੰਦੇ ਹਨ। ਇਹ ਸਪਸ਼ਟ ਸੋਚ ਦੇ ਮਾਲਕ ਹੁੰਦੇ ਹਨ ਤੇ ਮੁਸੀਬਤ ਵਿੱਚ ਘਬਰਾਉਂਦੇ ਨਹੀਂ। ਤਕੜੀ ਰੱਖਿਆ ਪ੍ਰਣਾਲੀ ਦੇ ਮਾਲਕ ਹੁੰਦੇ ਹਨ ਤੇ ਜ਼ਿਆਦਾ ਲੰਬੀ ਉਮਰ ਭੋਗਦੇ ਹਨ। ਪਰਿਵਾਰ ਨਾਲ ਚੰਗੇ ਸਬੰਧ ਰੱਖਦੇ ਹਨ ਤੇ ਧਾਰਮਿਕ ਭਾਵਨਾਵਾਂ ਨਾਲ ਭਰਪੂਰ ਹੁੰਦੇ ਹਨ।
ਹੁਣ ਤਾਂ ਮੈਡੀਕਲ ਸਾਇੰਸ ਵੀ ਇਹ ਮੰਨਣ ਲੱਗ ਪਈ ਹੈ ਕਿ ਧੰਨਵਾਦ ਦੇ ਪ੍ਰਭਾਵਾਂ ਨਾਲ ਬੰਦਾ ਪ੍ਰਭਾਵਤ ਹੁੰਦਾ ਹੈ। ਇਸ ਨਾਲ ਦਿਮਾਗ ਵਿੱਚ ਇੱਕ ਰਸਾਇਣ- ਡੋਪਾਮੀਨ ਪੈਦਾ ਹੁੰਦੀ ਹੈ ਜਿਸ ਨਾਲ ਬੰਦਾ ‘ਅੱਛਾ’ ਮਹਿਸੂਸ ਕਰਦਾ ਹੈ। ਇਸ ਰਸਾਇਣ ਨਾਲ, ਦਿਮਾਗ ਦੇ ਉਸ ਸੈਂਟਰ ਨੂੰ ਹੋਰ ਸ਼ਕਤੀ ਮਿਲਦੀ ਹੈ ਜੋ ਕਿਸੇ ਸਮੱਸਿਆ ਨੂੰ ਹੱਲ ਕਰਦਾ ਹੈ। ਇਸ ਨਾਲ ਬੰਦਾ ਚੁਣੌਤੀਆਂ ਸਾਹਮਣੇ ਹੋਰ ਉਤਸ਼ਾਹਤ ਹੁੰਦਾ ਹੈ। ਉਸ ਦੀ ਸੋਚ ਉਸਾਰੂ ਹੋ ਜਾਂਦੀ ਹੈ ਜੋ ਉਸ ਨੂੰ ਵਧੇਰੇ ਹਮਦਰਦ ਬਨਾਉਣ ਵਿੱਚ ਸਹਾਈ ਹੁੰਦੀ ਹੈ। ਕਿਸੇ ਦੀ ਮਦਦ ਕਰਨ ਨਾਲ ਆਦਮੀ ਖੁਸ਼ੀ ਮਹਿਸੂਸ ਕਰਦਾ ਹੈ ਤੇ ਆਪਣੇ ਆਪ ਨੂੰ ਪਹਿਲਾਂ ਤੋਂ ਵਧੇਰੇ ਚੰਗਾ ਸਮਝਦਾ ਹੈ।
ਧੰਨਵਾਦ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਦੂਜੇ ਦੇ ਕੀਤੇ ਕੰਮ ਦੀ ਸ਼ਲਾਘਾ ਕਰਦੇ ਹਾਂ। ਮੰਨ ਲਵੋ ਆਦਮੀ ਬਾਹਰੋਂ ਕੰਮ ਤੋਂ ਆਉਂਦਾ ਹੈ ਤੇ ਆਉਂਦੇ ਸਾਰ ਹੀ ਜਨਾਨੀ ਤੇ ਵਰ੍ਹ ਪਵੇ- ”ਤੂੰ ਸਾਰਾ ਦਿਨ ਕੀਤਾ ਹੀ ਕੀ ਹੈ? ਮੇਰਾ ਆਹ ਕੰਮ ਨਹੀਂ ਕੀਤਾ- ਓਹ ਨਹੀਂ ਕੀਤਾ..” ਤਾਂ ਜੋ ਉਸ ਨੇ ਕੀਤਾ ਹੈ ਕੱਲ੍ਹ ਨੂੰ ਉਹ ਵੀ ਨਹੀਂ ਕਰੇਗੀ ਤੇ ਘਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਜਾਏਗਾ। ਪਰ ਜੇ ਇਸ ਦੇ ਉਲਟ ਪਤੀ ਆਉਂਦੇ ਸਾਰ, ਉਸ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰੇ, ਉਸ ਦਾ ਧੰਨਵਾਦ ਕਰੇ- ਤਾਂ ਉਸ ਨੂੰ ਕੰਮ ਕਰਨ ਦੀ ਨਵੀਂ ਊਰਜਾ ਮਿਲੇਗੀ। ਪਰ ਸਾਡੇ ਮਰਦਾਂ ਦੀ ਤਾਂ ਤਾਰੀਫ਼ ਕਰਨ ਤੇ ਧੰਨਵਾਦ ਕਰਨ ਨਾਲ ‘ਈਗੋ’ ਹਰਟ ਹੁੰਦੀ ਹੈ। ਜੇ ਉਹ ਖਾਣਾ ਖਾਣ ਵੇਲੇ ਇੰਨਾ ਹੀ ਕਹਿ ਦੇਣ- ”ਡਾਰਲਿੰਗ, ਤੈਂਨੂੰ ਕਿੰਨਾ ਖਿਆਲ ਹੈ ਮੇਰਾ- ਮੇਰੇ ਪਸੰਦ ਦੀ ਡਿਸ਼ ਬਣਾਈ ਹੈ- ਬਹੁਤ ਸੁਆਦੀ ਹੈ- ਥੈਂਕ ਯੂ ਵੈਰੀ ਮੱਚ” ਤਾਂ ਉਸ ਔਰਤ ਨੂੰ ਉਸ ਦਿਨ- ਬਲੱਡ ਪ੍ਰੈਸ਼ਰ ਜਾਂ ਡਿਪਰੈਸ਼ਨ ਜਾਂ ਤਾਕਤ ਦਾ ਕੋਈ ਕੈਪਸੂਲ ਲੈਣ ਦੀ ਵੀ ਲੋੜ ਮਹਿਸੂਸ ਨਹੀਂ ਹੋਣੀ। ਔਰਤਾਂ ਨੂੰ ਵੀ ਚਾਹੀਦਾ ਹੈ ਕਿ ਜੇ ਮਰਦ ਉਹਨਾਂ ਲਈ ਕੁੱਝ ਕਰਦੇ ਹਨ ਤਾਂ ਉਹ ਵੀ ਸ਼ੁਕਰਗੁਜ਼ਾਰ ਹੋਣ- ਜੇ ਘਰ ਵਿੱਚ ਬਜ਼ੁਰਗ ਤੁਹਾਡੇ ਲਈ ਸਹਾਈ ਹੁੰਦੇ ਹਨ, ਤਾਂ ਉਹਨਾਂ ਦੇ ਵੀ ਧੰਨਵਾਦੀ ਬਣੋ। ਜੇ ਬੱਚੇ ਕੁੱਝ ਕਰਦੇ ਹਨ ਤਾਂ ਉਹਨਾਂ ਦਾ ਵੀ ਧੰਨਵਾਦ ਕਰੋ। ਜੇਕਰ ਪਰਿਵਾਰ ਦੇ ਸਭ ਜੀਆਂ ਨੂੰ ਇਹ ਰਾਜ਼ ਦੀ ਗੱਲ ਸਮਝ ਆ ਜਾਏ ਤਾਂ ਬਹੁਤ ਸਾਰੇ ਪਰਿਵਾਰ ਟੁੱਟਣੋਂ ਬਚ ਸਕਦੇ ਹਨ।
ਸਾਨੂੰ ਤਾਂ ਗੁਰਬਾਣੀ ਪਹਿਲਾਂ ਹੀ ‘ਸ਼ੁਕਰਾਨਾ’ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਹੁਣ ਤਾਂ ਅੰਗਰੇਜ਼ ਵੀ ਇਸ ਦੀ ਸ਼ਕਤੀ ਨੂੰ ਮੰਨਣ ਲੱਗ ਪਏ ਹਨ ਤੇ ਸਾਇੰਸ ਵੀ। ਅਸੀਂ ਹੀ ਇਸ ਅਨਮੋਲ ਖਜ਼ਾਨੇ ਨੂੰ ਖੋਜ ਕੇ, ਲਾਭ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਸੋ ਆਓ- ਸ਼ੁਕਰਾਨੇ ਦੀ ਸ਼ਕਤੀ ਨੂੰ ਸਮਝੀਏ ਤੇ ‘ਬਹੁਤ ਸ਼ੁਕਰੀਆ- ਬੜੀ ਮੇਹਰਬਾਨੀ’ ਕਹਿਣ ਦੀ ਆਦਤ ਪਾਈਏ। ਇਸ ਦੀ ਸ਼ੁਰੂਆਤ ਅੱਜ ਹੀ ਆਪਣੇ ਪਰਿਵਾਰ ਤੋਂ ਸ਼ੁਰੂ ਕਰ ਦੇਈਏ। ਜੇਕਰ ਪਰਿਵਾਰ ਦੇ ਸਾਰੇ ਜੀਅ ਇੱਕ ਦੂਜੇ ਲਈ ਧੰਨਵਾਦੀ ਹੋ ਜਾਣ ਤਾਂ ਪਰਿਵਾਰਾਂ ਦੇ ਕਲਾ ਕਲੇਸ਼ ਖਤਮ ਹੋ ਸਕਦੇ ਹਨ ਤੇ ਸੁੱਖ ਸ਼ਾਂਤੀ ਦਾ ਨਿਵਾਸ ਹੋ ਸਕਦਾ ਹੈ। ਪਰਿਵਾਰ ਤੋਂ ਬਾਅਦ ਸਮਾਜ ਤੇ ਫਿਰ ਦੁਨੀਆਂ ਦੇ ਹਰ ਇਨਸਾਨ ਲਈ ਧੰਨਵਾਦੀ ਹੋਈਏ। ਇੱਕ ਦੂਜੇ ਦਾ ਹੀ ਨਹੀਂ ਸਗੋਂ ਉਸ ਅਕਾਲ ਪੁਰਖ ਵਲੋਂ ਦਿੱਤੀਆਂ ਬੇਅੰਤ ਸੁੱਖ ਸਹੂਲਤਾਂ ਲਈ, ਉਸਦੇ ਵੀ ਸ਼ੁਕਰਗੁਜ਼ਾਰ ਹੋਈਏ- ਦੁਖਾਂ ਨੂੰ ਵੀ ਉਸ ਦਾ ਭਾਣਾ ਮੰਨ ਕੇ, ਚੜ੍ਹਦੀ ਕਲਾ ਵਾਲਾ ਜੀਵਨ ਗੁਜ਼ਾਰੀਏ। ਲੋਕਾਂ ਨਾਲ ਵੀ ਸਾਂਝ ਪੈਦਾ ਕਰੀਏ। ਕਹਿੰਦੇ ਹਨ ਕਿ ਜੇ ਰੱਬ ਨੂੰ ਪਿਆਰ ਕਰਨਾ ਚਾਹੁੰਦੇ ਹੋ ਤਾਂ ਰੱਬ ਦੇ ਬੰਦਿਆਂ ਨੂੰ ਪਿਆਰ ਕਰੋ। ਛੋਟੇ ਛੋਟੇ ਕੰਮਾਂ ਤੇ ਕੋਈ ਕੀਮਤ ਨਹੀਂ ਲਗਦੀ ਪਰ ਫਾਇਦੇ ਬਹੁਤ ਹੁੰਦੇ ਹਨ। ਸਾਨੂੰ ਸ਼ੁਕਰੀਆ ਕਰਨ ਕਰਾਉਣ ਦੇ ਮੌਕੇ ਹੱਥੋਂ ਨਹੀਂ ਗਵਾਉਣੇ ਚਾਹੀਦੇ- ਇਸ ਨਾਲ ਕੇਵਲ ਸਾਡੀ ਆਤਮਾ ਨੂੰ ਹੀ ਅਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਸਾਡੀ ਜ਼ਿੰਦਗੀ ਮਾਮੂਲੀ ਤੋਂ ਉਪਰ ਉੱਠ ਕੇ ਇੱਕ ਤੋਹਫ਼ਾ ਬਣ ਸਕਦੀ ਹੈ।
403-404-1450 ਕੈਲਗਰੀ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …