Breaking News
Home / ਰੈਗੂਲਰ ਕਾਲਮ / ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਦਿਲਦਾਰ ਮਨੁੱਖ ਹੈ-ਦੇਵ ਥਰੀਕਿਆਂ ਵਾਲਾ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਬਹੁਤ ਘੱਟ ਲੋਕੀ ਜਾਣਦੇ ਨੇ ਕਿ ਦੇਣ ਦਾ ਅਸਲੀ ਪਿੰਡ ਰਹੀੜ ਸੀ। ਦੇਵ ਦਾ ਪਿਓ ਉਦੋਂ ਚਾਰ ਕੁ ਸਾਲਾਂ ਦਾ ਸੀ, ਉਹਦੇ ਮਾਂ-ਪਿਓ (ਦੇਵ ਦੇ ਦਾਦਾ ਦਾਦੀ)  ਮਰ ਗਏ। ਇਹਦੀ ਭੂਆ ਥਰੀਕੇ ਵਿਆਹੀ ਹੋਈ ਸੀ, ਉਹ ਆਪਣੇ ਭਰਾ ਰਾਮ ਸਿੰਘ ਨੂੰ  ਆਪਣੇ ਕੋਲ ਥਰੀਕੇ ਲੈ ਆਈ। ਦੇਵ ਦੇ ਪਿਤਾ ਰਾਮ  ਸਿੰਘ ਦਾ ਪਿੰਡ ਹੁਣ ਥਰੀਕੇ  ਹੋ ਗਿਆ ਸੀ। ਦੇਵ ਦਾ ਜਨਮ ਸੰਨ 1939 ਦੀ 13 ਸਤੰਬਰ ਦਾ ਹੈ। ਦੇਵ ਦੀ ਮਾਤਾ ਦਾ ਨਾਂ ਅਮਰ ਕੌਰ ਸੀ। ਸੰਨ 1955 ਵਿੱਚ ਦੇਵ ਲਲਤੋਂ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ, ਉਥੇ ਸ੍ਰ.ਹਰੀ ਸਿੰਘ ਦਿਲਬਰ ਮਾਸਟਰ ਸਨ (ਜੋ ਮੰਨੇ-ਪ੍ਰਮੰਨੇ ਕਹਾਣੀਕਾਰ ਤੇ ਨਾਵਲਕਾਰ ਸਨ), ਉਹਨਾਂ ਹੀ ਦੇਵ ਨੂੰ ਕਵਿਤਾਵਾਂ ਲਿਖਣ ਦੀ ਚੇਟਕ ਲਗਾਈ।
ਦੇਵ ਨੇ ਆਪਣੀ ਲੇਖਣੀ ਦਾ ਸਫ਼ਰ ਬਾਲ-ਕਵਿਤਾਵਾਂ ਤੋਂ ਅਰੰਭ ਕੀਤਾ ਤੇ ਫਿਰ ਉਹ ਕਹਾਣੀਆਂ ਲਿਖਣ ਲੱਗ ਪਿਆ। ਉਸਦੇ ਤਿੰਨ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ, ਪਹਿਲੇ ਕਹਾਣੀ ਸੰਗ੍ਰਹਿ ਦੇ ਨਾਂ ‘ਰੋਹੀ ਦਾ ਫੁੱਲ’ ਸੀ, ਦੂਸਰਾ ਕਹਾਣੀ ਸੰਗ੍ਰਹਿ ‘ਇੱਕ ਸੀ ਕੁੜੀ’ ਤੇ ਤੀਸਰਾ ‘ਜੀਹਦੀ ਬਾਂਹ ਫੜੀਏ’। ਸੰਨ 1960 ਵਿੱਚ ਦੇਵ ਲੁਧਿਆਣਾ ਦੇ ਮਲਟੀਪਰਪਜ਼ ਸਕੂਲ ਵਿੱਚ ਟੀਚਰ ਲੱਗ ਗਿਆ। ਜੇ.ਬੀ.ਟੀ. ਉਹ ਕਰ ਹੀ ਚੁੱਕਾ ਸੀ। ਦੇਵ ਦਾ ਵਿਆਹ ਸੰਨ 1958 ਵਿੱਚ ਸਹੌਲੀ ਪਿੰਡ ਦੀ ਪ੍ਰੀਤਮ ਕੌਰ ਨਾਲ ਹੋਇਆ। ਇੰਦਰਜੀਤ ਹਨਪੁਰੀ ਦਾ ਲਿਖਿਆ ਤੇ ਬਖ਼ਸੀ-ਸ਼ਾਦੀ ਦਾ ਗਾਇਆ ਗੀਤ, ”ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ” ਰਿਕਾਰਡ ਹੋ ਕੇ ਵੱਜ ਰਿਹਾ ਸੀ ਤਾਂ ਦੇਵ ਦੇ ਇੱਕ ਮਿੱਤਰ ਪ੍ਰੇਮ ਕੁਮਾਰ ਸ਼ਰਮਾ, ਜਿਸਨੂੰ ਗਾਉਣ ਦਾ ਸ਼ੌਕ ਸੀ, ਨੇ ਦੇਵ ਨੂੰ ਕਿਹਾ ਕਿ ਮੈਨੂੰ ਗੀਤ ਲਿਖ ਕੇ ਦੇਹ… ਇਸਨੇ ਲਿਖ ਦਿੱਤੇ। ਸੰਨ 1961 ਵਿੱਚ ਪ੍ਰੇਮ ਸ਼ਰਮਾ ਨੇ ਇਹਦੇ ਦੋ ਗੀਤ ਐਚੱ.ਐਮੱ.ਵੀ ਕੰਪਨੀ ਵਿੱਚ ਰਿਕਾਰਡ ਕਰਵਾਏ, ਪਹਿਲਾ ਸੀ-”ਹੌਲੀ-ਹੌਲੀ ਨੱਚ ਪਤਲੋ, ਤੇਰੀ ਗੁੱਤ ਗਿੱਟਿਆਂ ‘ਤੇ ਵੱਜਦੀ”, ਦੂਸਰਾ ਸੀ-”ਭਾਬੀ ਤੇਰੀ ਧੌਣ ਦੇ ਉਤੇ ਗੁੱਤ ਮੇਲਦੀ ਨਾਗ ਬਣ ਕਾਲਾ”। ਇੰਜ ਹੋਇਆ ਸੀ ਦੇਵ ਦੀ ਗੀਤ ਕਲਾ ਦੇ ਸਫ਼ਰ ਦਾ ਆਰੰਭ। ਜਦ ਦੇਵ ਦੇ ਗੀਤ ਸਵਰਨ ਲਤਾ ਤੇ  ਬੀਬਾ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋ ਗਏ ਤਾਂ ਕਰਮਜੀਤ ਧੂਰੀ ਵੀ ਇਸ ਤੋਂ ਗੀਤ ਲੈਣ ਆਇਆ। ਗੀਤ ਲੈ ਗਿਆ। ਬੀਬਾ  ਦੇ ਗਾਏ ਗੀਤ ਦੇ ਬੋਲ ਇਹ ਸਨ-”ਭੱਖੜੇ ਨੇ ਪੈਰ ਗਾਲ ਤੇ,ਜੁੱਤੀ ਲੈ ਦੇ ਵੇ ਮੁਲਾਜ਼ੇਦਾਰਾ”, ਦੂਜੇ ਗੀਤ ਦੇ ਬੋਲ ਸਨ-”ਖਾਲੀ ਗੱਡੀ ਲੈ ਜਾ ਮੋੜਕੇ, ਅਸੀਂ ਜਾਣਾ ਨਹੀਓਂ ਭਾਰਿਆ ਸ਼ੌਕੀਨਾ”। ਇਸ ਬਾਅਦ ਸਦੀਕ ਤੇ ਬੀਬਾ ਦੇ ਗਾਏ ਦੋ ਗੀਤਾਂ ਦੇ ਬੋਲ ਇਹ ਸਨ-”ਲੌਂਗ ਨੀ ਬਿਸ਼ਨੀਏ ਮੇਰਾ, ਨਰਮੇ ‘ਚੋਂ ਲਿਆਈਂ ਲੱਭਕੇ।” ਦੂਜਾ ਸੀ-”ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪਘੂੰੜਾ”।
ਮੈਂ ਦੇਵ ਨੂੰ ਪੁੱਛਦਾ ਹਾਂ, ”ਮਾਣਕ ਨਾਲ ਮੇਲ ਕਦੋਂ ਹੋਇਆ ਸੀ ਪਹਿਲੀ ਵਾਰ?”
”ਮੈਂ ਉਦੋਂ ਨਰਿੰਦਰ ਬੀਬਾ ਨਾਲ ਜਾਂਦਾ ਹੁੰਂਦਾ ਸੀ ਤੇ ਇਹ ਉਦੋਂ ਹਰਚਰਨ ਗਰੇਵਾਲ ਨਾਲ ਹੁੰਦਾ ਸੀ ਚੁਬਾਰੇ ‘ਚ…ਮੈਨੂੰ ਨਹੀਂ ਪਤਾ ਕੀ ਕਰਦਾ ਫਿਰਦਾ ਹੁੰਦਾ ਸੀ…ਨਾ ਈ ਇਹ ਪਤਾ ਸੀ ਕਿ ਇਹ ਕੁਲਦੀਪ ਮਾਣਕ ਐ…ਫਿਰ ਮੇਰੀ ਅਸਲੀ ਜਾਣ-ਪਛਾਣ ਕਰਾਈ ਇਹਦੇ ਨਾਲ ਮਾਸਟਰ ਗੁਰਦਿਆਲ ਸਿੰਘ ਪੀ.ਟੀ. ਨੇ…ਇਹ ਪਿੰਡ ਈਸੇਵਾਲ ਦਾ ਸੀ…ਇਹ ਮਾਣਕ ਨੂੰ ਪਹਿਲਾਂ ਤੋਂ ਜਾਣਦਾ ਸੀ ਕਿਉਂਕਿ ਮਾਸਟਰ ਨੂੰ ਵੀ ਗੀਤ-ਸੰਗੀਤ ਦਾ ਭੁੱਸ ਸੀ…ਮੈਂ ਤੇ ਮਾਸਟਰ ਢਾਬੇ ‘ਤੇ ਬੈਠੇ ਪੈੱਗ-ਸ਼ੈੱਗ ਲਾਉਂਦੇ ਹੁੰਦੇ ਸੀ…ਇੱਕ ਦਿਨ ਮੈਂ ਤੇ ਮਾਣਕ ਵੀ ਪੀ ਰਹੇ ਸਾਂ…ਤੇ ਢਾਬੇ ‘ਤੇ ਇੱਕ ਵੱਡੇ ਗਵੱਈਏ ਦਾ ਗੀਤ ਵੱਜ ਰਿਹਾ ਸੀ-”ਮਿੱਤਰਾਂ ਦੇ ਤਿੱਤਰਾਂ ਨੂੰ”….ਮੈਂ ਕਿਹਾ ਮਾਣਕਾ ਤੇਰੀ ਵਾਜ ਕਮਾਲ ਦੀ ਆ…ਆਪਾਂ ਐਹਦਾ ਮੁਕਾਬਲਾ ਕਰਨੈਂ…ਮਾਣਕ ਕਹਿੰਦਾ ਕਿ ਬਾਈ ਫੱਟੇ ਚੱਕ ਦਿਆਂਗੇ…ਤੂੰ ਜਮਾਂ ਨਾ ਘਬਰਾ…ਤੂੰ ਦੇਖੀਂ ਜਾਈਂ ਮੈਂ ਕਿਮੇਂ ਦਬੱਲਦਾ…ਤੂੰ ਮੈਨੂੰ ਲਿਖ ਕੇ ਤਾਂ ਦੇਹ? ਮੈਂ ਲਿਖੇ ਤੇ ਇਹਨੇ ਗਾਏ…-”ਹੀਰ ਦੀ ਕਲੀ” -”ਕਹਿ ਰਸਾਲੂ ਰਾਣੀਏਂ ਘੁੰਡ ਮੂੰਹ ਤੋਂ ਲਾਹ ਦੇ” -”ਤੇਰੀ ਖਾਤਰ ਹੀਰੇ ਛੱਡਕੇ ਤਖ਼ਤ ਹਜ਼ਾਰੇ ਨੂੰ” ਚਾਰ ਗੀਤ ਸਨ…ਧੰਨ ਧੰਨ ਹੋਗੀ…।”
”ਮੈਂ ਇੱਕ ਥਾਂ ਛਪਿਆ ਪੜ੍ਹਿਆ ਸੀ, ਜਿਸ ਵਿੱਚ ਮਾਣਕ ਨੇ ਕਿਹਾ ਸੀ ਕਿ  ਜਦ ਦੇਵ ਪਹਿਲੀ ਵਾਰੀ ਮਿਲਿਆ ਸੀ ਇਹ ਦਾਰੂ ਨਾਲ ਟੱਲੀ ਸੀ…ਪੱਗ ਲੱਥੀ ਹੋਈ ਸੀ…ਇਹ ਗੱਲ ਠੀਕ ਹੋਣੀ ਮਾਣਕ ਦੀ ਕਿ…?”
”ਛਡ ਯਾਰ…ਤੂੰ ਵੀ ਮੁਰਦੇ ਸਿਵੇਂ ਉਖੇੜਦਾਂ…ਪਤਾ ਨਹੀਂ ਮਾਣਕ ਨੇ ਕੀ-ਕੀ ਕਿਹਾ…ਕੋਈ ਨਾ ਉਹ ਜਾਣੇ…! ਇਹ ਲੋਕਾਂ ਨੂੰ ਪਤੈ ਈ ਐ ਕਿ ਮੈਂ ਕਿੰਨਾ ਕੁ ਡਿਗਦਾ ਸੀ ਪੀਕੇ…ਜਾਂ ਕਿੰਨੀ ਮੇਰੀ ਪੱਗ ਲੱਥਦੀ ਸੀ…ਪਤਾ ਨਹੀਂ ਮਾਣਕ ਨੇ ਇਹ ਗੱਲਾਂ ਕਿਹੜੀ ਮੱਤ ‘ਚ ਆਖੀਆਂ ਸਨ ਉਦੋਂ…ਮੈਨੂੰ ਵੀ ਦੁੱਖ ਲੱਗਿਆ ਸੀ…ਜੇ ਮੈਂ ਸ਼ਰਾਬੀ ਹੋਕੇ ਡਿੱਗਿਆ ਹੁੰਦਾ ਤਾਂ ਫਿਰ ਸਾਈਕਲ ‘ਤੇ ਪਿੰਡ ਕਿਵੇਂ ਜਾਵੜਦਾ…ਖ਼ੈਰ…ਸਾਡੇ ਰੋਸੇ ਤੇ ਗ਼ਿਲੇ-ਸ਼ਿਕਵੇ ਬੜੀ ਵੇਰ ਹੋਏ…ਮੈ ਸਟ੍ਰਗਲ ਵੇਲੇ ਦੀ ਗੱਲ ਕਰਦਾਂ…ਸਾਡੇ ਕੋਲ ਤਾਂ ਕਿਰਾਇਆ-ਭਾੜਾ ਵੀ ਹੈਨੀ ਸੀ ਜਦ ਅਸੀਂ ਦਿੱਲੀ ਗਏ ਮੈਂ ਤੇ ਮਾਣਕ…ਏਹ ਗੱਲ ਕੋਈ 1970 ਦੀ ਹੋਣੀ ਆਂ…ਮਾਣਕ ਦੀ ਰਿਕਾਰਡਿੰਗ ਲਈ ਡੇਟ ਲੈਣ ਗਏ ਸੀ…ਲੇਟ ਹੋ ਗਏ ਤਾਂ ਨਿਰਮਲ ਸਿੰਘ ਨਿਰਮਲ ਨੂੰ ਮਿਲਣ ਲਈ ਪਹਾੜ ਗੰਜ ਚਲੇ ਗਏ…ਨਿਰਮਲ ਦਾ ਗੀਤ ‘ਪੰਚਣੀ ਪਿੰਡ ਦੀ ਬਣੀ’ ਉਦੋਂ ਕਾਫ਼ੀ ਮਕਬੂਲ ਸੀ…ਖ਼ੈਰ…ਥਰੀਵੀਲਰ ‘ਚੋਂ ਉਤਰ੍ਹੇ…ਗੱਡੀ ਤੁਰਨ ਵਾਲੀ ਸੀ ਤੇ ਅਸੀਂ ਟਿਕਟਾਂ ਲਏ ਬਗੈਰ ਈ ਭਜਕੇ ਗੱਡੀ ਵਿੱਚ ਜਾ ਵੜੇ…ਡਰਦੇ ਰਹੇ ਕਿ ਹੁਣ ਵੀ ਟੀਟੀ ਆਇਆ ਕਿ ਆਇਆ…ਪਹਿਲੀ ਵਾਰੀ ਬਿਨਾਂ ਟਿਕਟੋਂ ਸਫ਼ਰ ਕਰ ਰਹੇ ਸਾਂ…ਸਵੇਰੇ ਮੂੰਹ ਹਨੇਰੇ ਜਦ ਗੱਡੀ ਲੁਧਿਆਣੇ ਆਈ ਤਾਂ ਸੁਖ ਦਾ ਸਾਹ ਲਿਆ…ਗੱਡੀਓਂ ਉਤਰ੍ਹੇ…ਰੱਖ ਬਾਗ ਵੱਲ ਦੀ ਲਾਈਨਾਂ ਵਿੱਚੋਂ ਦੀ ਚੋਰੀਓਂ ਟੱਪੇ ਸਾਂ…ਮਾਣਕ ਆਖੇ ਜੇ ਫੜ੍ਹੇ ਗਏ ਜੁਰਮਾਨਾ ਵੀ ਹੋਜੂ…ਜ਼ੇਲ੍ਹ ਵੀ ਜਾਵਾਂਗੇ…ਸੋ ਮਾਣਕ ਨੇ ਤੇ ਮੈਂ ਬਹੁਤ ਔਖੇ ਦਿਨ ਕੱਠਿਆਂ ਕੱਟੇ…ਜੇ ਉਹ ਕੁਝ ਮਾੜਾ-ਮੋਟਾ ਬੁਰਾ-ਭਲਾ ਕਹਿ ਵੀ ਲੈਂਦਾ ਐ ਤਾਂ ਮੈਂ ਬੁਰਾ ਨਹੀਂ ਮੰਨਾਉਂਦਾ…ਹਾਂ ਹੋਰ ਦੱਸ ਦਿਆਂ ਤੈਨੂੰ ਕੁਝ ਗੱਲਾਂ ਮਾਣਕ ਦੀਆਂ…ਲੁਧਿਆਣੇ ਕੋਛੜ ਮਾਰਕੀਟ  ‘ਚ ਰਹਿੰਦੇ ਵੇਲੇ ਦੀ ਗੱਲ ਦਸਦਾਂ…ਰੋਜ਼ ਆਥਣੇ ਗੁਰਚਰਨ ਪੋਹਲੀ, ਸੀਤਲ ਸਿੰਘ ਸੀਤਲ ਤੇ ਸੰਤ ਰਾਮ ਖੀਵਾ ਤੇ ਹੋਰ ਵੀ ਕਈ ਜਣੇ ਆ ਜਾਣੇ…ਸੰਤਰਾ ਮਾਰਕਾ ਦਾਰੂ ਮੰਗਵਾ ਲੈਣੀ…ਖੀਵੇ ਨੇ ਜਾਂ ਪੋਹਲੀ ਨੇ ਕਹਿ ਦੇਣਾ ਕਿ ਮਾਣਕਾ ਯਾਰ ਬਹੁਤੀ ਨਾ ਪੀਆ ਕਰ…ਤਾਂ ਮਾਣਕ ਨੇ ਝਟ ਅਗਲੇ ਦੇ ਮੂੰਹ ‘ਤੇ ਮਾਰਨੀ…ਅਖੇ ਜੇ ਮੈਂ ਨਾ ਪੀਊਂ ਤਾਂ ਥੋਨੂੰ ਮੁਫ਼ਤ ਖੋਰਿਆਂ ਨੂੰ ਕਿੱਥੋਂ ਮਿਲੂ ਪੀਣ ਨੂੰ…? ਰੰਡੀ ਤਾਂ ਰੰਡ ਕੱਟਲੇ…ਪਰ ਥੋਡੇ ਅਰਗੇ ਮੁਸ਼ਟੰਡੇ ਨੀ ਕੱਟਣ ਦਿੰਦੇ…ਮੈਂ ਤਾਂ ਛਡਦੂੰ ਦਾਰੂ…ਥੋਡੇ ਅਰਗੇ ਨੀ ਛੱਡਣ ਦਿੰਦੇ…ਆਹੋ ਏਹ ਗੱਲ 1979 ਦੀ ਆ…ਮਾਣਕ ਮੈਂ ਤੇ ਜਸਬੀਰ ਸੁਪਰਟੈਕ ਵਾਲਾ…ਅਸੀਂ ਬੰਬਈ ਗਏ…ਜਾਂਦੇ ਹੋਏ ਤਾਂ ਅਸੀਂ ਰੇਲੇ ਗਏ ਤੇ ਆਉਣ ਲੱਗਿਆਂ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਲਈਆਂ…ਮਾਣਕ ਤਾਂ ਜਹਾਜ਼ ‘ਤੇ ਪਹਿਲਾਂ ਵੀ ਸਫ਼ਰ ਕਰ ਚੁੱਕਾ ਸੀ ਪਰ ਮੈਂ ਨਹੀਂ ਸੀ ਕੀਤਾ…ਜਦੋਂ ਸ਼ਾਂਤਾ ਕਰੂਜ਼ ਹਵਾਈ ਅੱਡੇ ਤੋਂ ਜਹਾਜ਼ੇ ਬੈਠੈ ਤਾਂ ਜਹਾਜ਼ ਉਡਾਨ ਭਰਨ ਸਾਰ ਸਮੁੰਦਰ ਉਤੋਂ ਦੀ ਲੰਘਣ ਲੱਗਿਆ ਤੇ ਮੈਂ ਸੀਸੇ ਵਿਚਦੀ ਹੇਠਾਂ ਵੱਲ ਨੂੰ ਦੇਖ ਕੇ ਡਰ ਗਿਆ…ਚਾਰੇ ਪਾਸੇ ਪਾਣੀ ਹੀ ਪਾਣੀ…ਮੈਂ ਕੁਰਸੀ ਘੁੱਟ ਕੇ ਫੜ੍ਹ ਲਈ…ਮਾਣਕ ਨੂੰ ਕਿਹਾ ਵਈ ਓ ਏਹ ਪੰਗਾ ਕਾਸਨੂੰ ਲੈਣਾ ਸੀ…ਜੇ ਪਾਣੀ ਵਿੱਚ ਡਿਗ ਪਿਆ ਤਾਂ ਮੱਛੀਆਂ ਤੇ ਮਗਰਮੱਛ ਖਾ ਜਾਣਗੇ ਉਏ…ਓਏ ਕੰਜਰਾ ਘਰ ਦਿਆਂ ਨੂੰ ਕੁਛ ਪਤਾ ਨੀ ਲੱਗਣਾ…ਮਾਣਕ ਤਾੜੀ ਮਾਰਕੇ ਹੱਸਿਆ ਤੇ ਕਹਿੰਦਾ ਬੁੜ੍ਹਿਆ ਕਿਧਰੇ ਨੀ ਡਿਗਦਾ…ਮੈਂ ਵੀ ਤੇਰੇ ਨਾਲ ਈ ਆਂ…ਬਾਖਰੂ ਬਾਖਰੂ ਕਰੀ ਚੱਲ ਬੁੜ੍ਹਿਆ…ਨਰਾਜ਼ ਅਸੀਂ ਬੜੀ ਵਾਰੀ ਹੋਏ ਆਂ ਪਰ ਮਾਣਕ ਨੇ ਮੋਹ ਨੀ ਤੋੜਿਆ ਤੇ ਨਾ ਈ ਕਦੇ ਮੇਰੇ ਮੂਹਰੇ ਔਖਾ ਹੋਕੇ ਬੋਲਿਆ…ਇੱਕ ਵਾਰੀ ਦੀ ਗੱਲ ਸੁਣ…ਇੱਕ ਗੀਤਕਾਰ ਮਾਣਕ ਦੇ ਘਰ ਜਾ ਕੇ ਕਹਿੰਦਾ ਕਿ ਦੇਵ ਤੇਰੇ ਬਾਰੇ ਬੜਾ ਮਾੜਾ-ਚੰਗਾ ਬੋਲਦੈ…ਮਾਣਕ ਸੁਣੀ ਗਿਆ ਤੇ ਹੁੰਘਾਰਾ ਕੋਈ ਨਾ ਭਰਿਆ…ਜਦ ਉਹ ਗੀਤਕਾਰ ਬੋਲ ਹਟਿਆ ਤਾਂ ਮਾਣਕ ਕਹਿੰਦਾ…ਗੱਲ ਸੁਣ ਉਏ ਤੂੰ ਬੁੜ੍ਹੇ ਬਾਰੇ ਝੂਠੀਆਂ-ਮੂਠੀਆਂ ਗੱਲਾਂ ਕਰਕੇ ਮੇਰੇ ਤੋਂ ਆਬਦੇ ਗੀਤ ਰਿਕਾਰਡ ਕਰਵਾਉਣੇ ਚਾਹੁੰਨੈ? ਵੱਡਾ ਚੁਗਲਖੋਰ ਨਾ ਹੋਵੇ ਤਾਂ…ਤੂੰ ਤਿੰਨਾਂ ‘ਚੋਂ ਨੀ ਤੇਰਾ੍ਹਂ ‘ਚ ਨੀ…ਬੂਥਾ ਚੱਕ ਕੇ ਆ ਗਿਆ ਐਂ…ਅਸੀਂ ਲੜੀਏ-ਭਿੜੀਏ…ਤੂੰ ਕੀ ਵਿੱਚੋਂ ਟਿੰਡੀਆਂ ਲੈਣੀਆਂ?ਔਹ ਦਰਵਾਜ਼ਾ ਦੀਂਹਦਾ ਐ? ਉਡਜਾ ਏਥੋਂ…ਕਿਤੇ ਧੱਕੇ ਮਾਰਕੇ ਨਾ ਕੱਢਣਾ ਪਵੇ ਮੈਨੂੰ…ਏਹੋ ਜਿਹਾ ਆ ਮਾਣਕ…।”
ਦੇਵ ਮਾਣਕ ਬਾਰੇ ਇੱਕੋ-ਸਾਹੇ ਕਿੰਨੀਆਂ ਹੀ ਗੱਲਾਂ ਸੁਣਾ ਗਿਆ ਸੀ।
(ਬਾਕੀ ਅਗਲੇ ਹਫਤੇ)
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …