Breaking News
Home / ਰੈਗੂਲਰ ਕਾਲਮ / ਇੰਝ ਵੀ ਹੁੰਦੈ!

ਇੰਝ ਵੀ ਹੁੰਦੈ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਨੇਕ ਨੀਤੀ, ਧਰਮਾਤਮੀ ਸੋਚ, ਸੁੱਚੇ ਤੇ ਸਾਦੇ ਵਿਅਕਤੀਤਿਵ ਵਾਲੇ ਜੱਜਾਂ ਦੀਆਂ ਗੱਲਾਂ ਕਰਦਿਆਂ-ਸੁਣਦਿਆਂ ਮਨ ਗਦ-ਗਦ ਹੋ ਉਠਦਾ ਹੈ। ਉਹ ਅਜਿਹੇ ਮੁਨਸਿਫ਼ ਸਨ ਕਿ ‘ਇਨਸਾਫ਼ ਦੀ ਦੇਵੀ’ ਉਨ੍ਹਾਂ ਉਤੇ ਕਦੇ ਨਰਾਜ਼ ਨਹੀਂ ਹੋਈ ਹੋਵੇਗੀ। ਇਨਸਾਫ਼ ਦੇਣਾ ਹੀ ਉਨ੍ਹਾਂ ਦਾ ‘ਕਰਮ’ ਤੇ ‘ਧਰਮ’ ਬਣ ਗਿਆ ਹੋਇਆ ਸੀ। ਉਹ ਹਫੜਾ-ਦਫੜੀ, ਭੀੜ ਤੇ ਭਾਜੜ ਅਤੇ ਲੋਕਾਂ ਦੀ ਚਕਾਚੌਂਧ ਤੋਂ ਬਹੁਤ ਪਰ੍ਹੇ ਹੋ ਕੇ ਵਿਚਰਦੇ ਸਨ। ਆਪਣੇ ਸੇਵਾਦਾਰਾਂ, ਅਰਦਲੀਆਂ ਤੇ ਪਿਆਦਿਆਂ ਆਦਿ ਤੋਂ ਕਿਸੇ ਘਰੇਲੂ ਕੰਮ ਦੀ ਕੋਈ ਝਾਕ ਨਹੀਂ ਸਨ ਰੱਖਦੇ ਤੇ ਘਰ ਦੇ ਸਾਰੇ ਕੰਮ ਆਪ ਹੀ ਕਰ ਲੈਂਦੇ ਸਨ। ਲਿਖਦੇ-ਲਿਖਦੇ ਯਾਦ ਆ ਰਿਹਾ ਹੈ ਕਿ ਜਨਾਬ ਚੌਧਰੀ ਸਾਹਿਬ ਹੱਥੀਂ ਮਿਹਨਤ ਕਰਨ ਵਾਲੇ ਜੱਜ ਸਨ। ਉਨ੍ਹਾਂ ਆਪਣੀ ਕੋਠੀ ਵਿਚ ਆਪਣੇ ਹੱਥੀਂ ਕਈ ਸਬਜ਼ੀਆਂ ਉਗਾ ਰੱਖੀਆਂ ਸਨ। ਇਕ ਦਿਨ ਉਹ ਰੰਬਾ ਲੈ ਕੇ ਬਾੜੀ ਦੀ ਗੋਡ-ਗੁਡਾਈ ਕਰ ਰਹੇ ਸਨ ਕਿ ਛੋਟੇ ਗੇਟ ਉਤੋਂ ਸਿਰ ਚੁੱਕ ਕੇ ਕਿਸੇ ਨੇ ਉੱਚੀ ਆਵਾਜ਼ ਵਿਚ ਪੁੱਛਿਆ, ”ਓ ਮਾਲੀ, ਜੱਜ ਸਾਹਿਬ ਕਿੱਥੇ ਨੇ…?” ਉਹ ਰੰਬੀ ਸੁੱਟ ਕੇ ਖੜੇ ਹੋਏ ਤੇ ਬੋਲੇ, ”ਹਾਂ ਜੀ, ਦੱਸੋ… ਮੈਂ ਹੀ ਆਂ ਜੱਜ..।”
ਬਾਹਰ ਖਲੋਤਾ ਬੰਦਾ ਬੂਹਾ ਖੋਲ੍ਹ ਕੇ ਅੰਦਰ ਆਉਂਦਾ ਬੋਲਦਾ ਹੈ, ”ਜੀ ਜੱਜ ਸਾਹਬ ਮੈਨੂੰ ਤੁਆਡੇ ਫਲਾਣੇ ਰਿਸ਼ਤੇਦਾਰ ਨੇ ਭੇਜਿਐ, ਮੇਰੇ ਜਮਾਈ ਦੀ ਧੁਆਡੇ ਕੋਲ ਜ਼ਮਾਨਤ ਲੱਗੀ ਹੋਈ ਐ, ਕਿਰਪਾ ਕਰਕੇ ਏਹ ਕੰਮ ਕਰ ਦਿਓ ਜੀ, ਮੇਰੀ ਕੁੜੀ ਦਾ ਘਰ ਵਸਦਾ ਹੋ ਜਾਊ।”
ਬਾੜੀ ਵਿਚ ਖਲੋਤੇ ਜੱਜ ਸਾਹਿਬ ਦੇ ਮੱਥੇ ਉਤੇ ਤਿਊੜੀਆਂ ਉਭਰ ਆਈਆਂ। ਉਹ ਬੋਲੇ, ”ਭਾਈ ਸਾਹਬ, ਮੁਆਫ਼ ਕਰਨਾ… ਜਿਵੇਂ ਆਏ ਓ, ਉਵੇਂ ਚਲੇ ਜਾਓ… ਮੈਂ ਆਪਦਾ ਇਹ ਕੰਮ ਨਹੀਂ ਕਰ ਸਕਾਂਗਾ।” ਉਹ ਰੰਬੀ ਚੁੱਕ ਕੇ ਫਿਰ ਆਪਣੇ ਕੰਮ ਲੱਗ ਗਏ। ਉਹ ਬੰਦਾ ਬੂਹਾ ਭੇੜਦਾ ਹੋਇਆ ਬਾਹਰ ਹੋ ਗਿਆ ਸੀ। ਸ. ਹਰਨਾਮ ਸਿੰਘ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸਨ। ਸੁਭਾਅ ਦਾ ਚਾਹੇ ਕੋਮਲ ਸਨ ਪਰ ਆਪਣੇ ਕੰਮ ਵਿਚ ਕਿਸੇ ਦੀ ਦਖ਼ਲ ਅੰਦਾਜ਼ੀ ਤੋਂ ਬੜਾ ਚਿੜ੍ਹਦੇ ਸਨ। ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਮਿਲਦੇ ਸਨ। ਉਨ੍ਹਾਂ ਦਾ ਇਹ ਤਕੀਆ ਕਲਾਮ ਹੀ ਬਣ ਗਿਆ ਹੋਇਆ ਸੀ, ”ਮੈਂ ਨਹੀਂ ਮਿਲਣਾ।” ਇਹ ਤਕੀਆ ਕਲਾਮ ਜੱਜਾਂ ਤੇ ਵਕੀਲਾਂ ਵਿਚ ਬੜਾ ਮਸ਼ਹੂਰ ਹੋਇਆ ਸੀ ਉਹ ਸੇਵਾਮੁਕਤ ਵੀ ਹੋ ਗਏ ਪਰ ਆਪਣਾ ਸੁਭਾਅ ਰਤਾ ਜਿੰਨਾ ਵੀ ਨਾ ਬਦਲਿਆ। ਇਕ ਦਿਨ ਉਨ੍ਹਾਂ ਦਾ ਕੁੜਮ ਮਿਲਣ ਆ ਗਿਆ। ਵੱਡੇ ਪੁੱਤਰ ਨੇ ਕਿਹਾ, ”ਪਾਪਾ ਜੀ, ਮਿਲ ਲਓ ਜ਼ਰਾ…।”
”ਮੈਂ ਨਹੀਂ ਮਿਲਣਾ।” ਸੁਭਾਵਿਕ ਹੀ ਉਨ੍ਹਾਂ ਦੇ ਮੂੰਹੋਂ ਨਿਕਲਿਆ ਸੀ। ਪੁੱਤਰ ਨੇ ਕਿਹਾ, ”ਪਾਪਾ ਜੀ, ਹੁਣ ਤਾਂ ਤੁਸੀਂ ਸੇਵਾਮੁਕਤ ਹੋ ਚੁੱਕੇ ਹੋਏ ਓ, ਹੁਣ ਕਿਹੜਾ ਜੌਬ ਵਿਚ ਹੋ, ਹੁਣ ਕਿਉਂ ਨਹੀਂ ਮਿਲਣਾ?” ਸੋ, ਪੁੱਤਰ ਦੇ ਵਾਰ-ਵਾਰ ਆਖਣ ਉਤੇ ਉਹ ਆਪਣੇ ਕੁੜਮ ਨੂੰ ਦਸ ਮਿੰਟਾਂ ਲਈ ਹੀ ਮਿਲੇ ਸਨ।
ਇੱਕ ਜੱਜ ਇਹ ਵੀ!
ਹੁਣੇ-ਹੁਣੇ ਮੱਧ-ਪੂੰਦੇਸ਼ ਦੇ ਖੰਡਵਾ ਜ਼ਿਲ੍ਹੇ ਤੋਂ ਖ਼ਬਰ ਆਈ ਹੈ, ਜਿੱਥੋਂ ਜੱਜ ਮਾਣਯੋਗ ਅਕਸ਼ੈ ਦਿਵੇਦੀ ਬਾਰੇ ਪੜ੍ਹ-ਸੁਣ ਕੇ ਹੈਰਾਨ ਹੋਣੋਂ ਨਹੀਂ ਰਿਹਾ ਜਾ ਸਕਦਾ।  ਜੱਜ ਦਿਵੇਦੀ ਜੀ ਨੇ ਸਰਕਾਰੀ ਸਹੂਲਤਾਂ ਠੁਕਰਾ ਦਿੱਤੀਆਂ ਹੋਈਆਂ ਨੇ। ਸਰਕਾਰੀ ਬੰਗਲਾ ਛੱਡ ਕੇ ਬਾਹਰ ਕਿਰਾਏ ਦੇ ਕਮਰੇ ਵਿਚ ਰਹਿੰਦੇ ਹਨ। ਅਰਦਲੀ ਨੂੰ ਕਹਿ ਦਿੱਤਾ, ”ਤੂੰ ਮੇਰੇ ਘਰ ਦਾ ਕੋਈ ਕੰਮ ਨਹੀਂ ਕਰਨਾ, ਬਸ… ਆਪਣੇ ਘਰੋਂ ਕਚਹਿਰੀ ਆਉਣਾ ਤੇ ਕਚਹਿਰਿਉਂ ਘਰ ਨੂੰ ਜਾਣਾ ਹੈ। ਮੈਂ ਆਪਣਾ ਖਾਣਾ ਆਪ ਬਣਾਵਾਂਗਾ।”  ਜੱਜ ਸਾਹਿਬ  ਤੁਰ ਕੇ ਹੀ ਅਦਾਲਤ ਵਿਚ ਜਾਂਦੇ ਹਨ। ਜੱਜ ਦਿਵੇਦੀ ਦਾ ਜੱਦੀ ਜ਼ਿਲ੍ਹਾ ਰੀਵਾ ਹੈ। 26 ਸਤੰਬਰ 2014 ਨੂੰ ਉਹ ਪਤਰਾ ਜ਼ਿਲ੍ਹੇ ਤੋਂ ਬਦਲ ਕੇ ਖੰਡਵਾ ਜ਼ਿਲ੍ਹੇ ਵਿਚ ਤਾਇਨਾਤ ਹੋ ਗਏ। ਢਾਈ ਵਰ੍ਹਿਆਂ ਵਿਚ ਕਾਫੀ ਲੋਕ ਜੱਜ ਸਾਹਿਬ ਦੀ ਸਾਦਗੀ ਤੇ ਇਮਾਨਦਾਰੀ ਤੋਂ ਉਨ੍ਹਾਂ ਦੇ ਕਾਇਲ ਹੋ ਗਏ। ਜੱਜ ਸਾਹਿਬ ਨੇ ਮੱਧ-ਪੂੰਦੇਸ਼ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖਿਆ ਕਿ ਮੇਰੀ ਤਨਖ਼ਾਹ ਅੱਧੀ ਕਰ ਦਿੱਤੀ ਜਾਵੇ। ਜਦੋਂ 2014 ਵਿਚ ਉਨ੍ਹਾਂ ਦਾ ਤਬਾਦਲਾ ਹੋਣ ਲੱਗਿਆ ਤਾਂ ਉਨ੍ਹਾਂ ਨੂੰ ਹਾਈਕੋਰਟ ਵਲੋਂ ਪੁੱਛਿਆ ਗਿਆ ਕਿ ਤੁਹਾਨੂੰ ਕਿੱਥੇ ਲਾਈਏ? ਉਨ੍ਹਾਂ ਅੱਗੋਂ ਏਨਾ ਹੀ ਆਖਿਆ,”ਕੰਮ ਹੀ ਕਰਨਾ ਏਂ, ਜਿੱਥੇ ਮਰਜ਼ੀ ਲਾ ਦਿਓ ਜੀ।”
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜੱਜ ਦਿਵੇਦੀ ਜੀ ਆਖਦੇ ਹਨ ਕਿ ਮੇਰੀ ਤਾਂ ਦੁਨੀਆਂ ਹੀ ਵੱਖਰੀ ਏ। ਇੱਥੇ ਇਹ ਵੀ ਦੱਸ ਦੇਈਏ ਕਿ ਦਿਵੇਦੀ ਜੀ ਦੇ ਜੱਜ ਬਣਨ ਦੀ ਕਹਾਣੀ ਵੀ ਬੜੀ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ, ”ਮੈਂ ਹਾਲੇ  ਵਿਦਿਆਰਥੀ ਹੀ ਸਾਂ ਕਿ ਮਾਂ ਨਾਲ ਜੱਦੀ ਜਾਇਦਾਦ ਦੇ ਝਗੜੇ ਲਈ ਅਦਾਲਤ ਵਿਚ ਜਾਇਆ ਕਰਦਾ ਸਾਂ। ਤਾਰੀਖ਼ ‘ਤੇ ਤਾਰੀਖ਼ ਪਈ ਜਾਂਦੀ। ਮੈਂ ਤੇ ਮੇਰੀ ਮਾਂ ਅਦਾਲਤਾਂ ਦੇ ਗੇੜੇ ਕੱਢ-ਕੱਢ ਪਰੇਸ਼ਾਨ ਹੋ ਗਏ। ਮੈਂ ਆਪਣੀ ਮਾਂ ਦੀ ਮਾਨਸਿਕ ਹਾਲਤ ਦੇਖ ਕੇ ਬਹੁਤ ਦੁਖੀ ਹੋਇਆ ਸਾਂ ਤੇ ਉਸੇ ਦਿਨ ਤੋਂ ਮੈਂ ਜ਼ਿੱਦ ਫੜ ਲਈ ਕਿ ਮੈਂ ਪਹਿਲਾਂ ਵਕੀਲ ਬਣਾਂਗਾ। ਫਿਰ ਜੱਜ ਬਣਨ ਲਈ ਪੇਪਰ ਦੇਵਾਂਗਾ। ਵਕੀਲ ਬਣ ਗਿਆ ਤਾਂ ਦੇਖਿਆ ਕਿ ਲੋਕ ਨਿਆਂ ਲੈਣ ਲਈ ਕਿੰਨੇ ਖੱਜਲ-ਖੁਆਰ ਹੁੰਦੇ ਫਿਰਦੇ ਨੇ ਤੇ ਕਿੰਨੀ ਮਾਨਸਿਕ ਪੀੜਾ ਵੀ ਸਹਿੰਦੇ ਤੇ ਆਰਥਿਕ ਬੋਝ ਝੱਲਦੇ ਨੇ, ਮੈਂ ਜੱਜ ਬਣ ਕੇ ਲੋਕਾਂ ਨੂੰ ਸਹੀ ਇਨਸਾਫ਼ ਦਿਆਂਗਾ ਤੇ ਤੇਜ਼ੀ ਨਾਲ ਕੰਮ ਕਰਾਂਗਾ।” ਵਰਣਨਯੋਗ ਗੱਲ ਹੋਰ ਵੀ ਕਿ ਜੱਜ ਦਿਵੇਦੀ ਜੀ ਨੂੰ ਆਪਣੀ ਘਰ ਦੀ ਸੰਪਤੀ ਵਿਚੋਂ ਸਿਰਫ਼ ਇਕੋ ਇਕ ਮੋਬਾਇਲ ਫ਼ੋਨ ਹੀ ਮਿਲਿਆ ਹੈ, ਜੋ ਉਹਨਾਂ ਦੀ ਮਾਂ ਨੇ ਲੈ ਕੇ ਦਿੱਤਾ ਹੈ।
ਉਨ੍ਹਾਂ ਨੂੰ ਆਪਣੀ ਮਾਂ ਨਾਲ ਬਹੁਤ ਪਿਆਰ ਹੈ ਤੇ ਉਹ ਸਵੇਰੇ, ਦੁਪਹਿਰੇ ਤੇ ਆਥਣੇ, ਦਿਨ ਵਿਚ ਕੁਝ-ਕੁਝ ਮਿੰਟ ਮਾਂ ਨਾਲ  ਗੱਲਬਾਤ ਕਰਦੇ ਹਨ। ਜੱਜ ਸਾਹਿਬ ਨੇ ਵਿਆਹ ਵੀ ਨਹੀਂ ਕਰਵਾਇਆ ਹੈ। ਪਤਾ ਲੱਗਿਆ ਕਿ ਉਨ੍ਹਾਂ ਵਲੋਂ ਕੀਤੇ ਗਏ ਫ਼ੈਸਲੇ ਬਿਲਕੁਲ ਤਰਕ ਦੀ ਕਸਵੱਟੀ ਉਤੇ ਖਰੇ ਉਤਰੇ ਹੋਏ ਹੁੰਦੇ ਨੇ। ਉਨ੍ਹਾਂ ਦੇ ਦਿੱਤੇ ਫ਼ੈਸਲਿਆਂ ਦੀ ਚਰਚਾ ਵੀ ਚੋਖੀ ਹੁੰਦੀ ਰਹਿੰਦੀ  ਹੈ। ਉਹ ਨਿਰਭੈ ਤੇ ਸੁਤੰਤਰ ਸੋਚ ਦੇ ਧਾਰਨੀ ਹਨ। ਜੱਜ ਦਿਵੇਦੀ ਬਾਰੇ ਇੰਨਾ ਕੁਝ ਪੜ੍ਹਦਿਆਂ ਤੇ ਸੁਣਦਿਆਂ ਮੈਂ ਕਈ ਦਿਨ ਸੋਚਦਾ ਰਿਹਾ ਕਿ ਕੀ ਪੰਜਾਬ ਵਿਚ ਵੀ ਕੋਈ ਅਜਿਹਾ ‘ਇਨਸਾਫ਼ ਦਾ ਦੇਵਤਾ’ ਹੋਵੇਗਾ?

[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …