Breaking News
Home / ਰੈਗੂਲਰ ਕਾਲਮ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

ਇੰਟਰਨੈਟ ਦੇ ਯੁੱਗ ‘ਚ ਸਮਾਜਿਕ ਤੇ ਸੱਭਿਆਚਾਰਕ ਕੁਰੀਤੀਆਂ ਹੋਈਆਂ ਬੇਲਗਾਮ
ਮੁਲਾਕਾਤ ਕਰਤਾ
ਡਾ.ਦੇਵਿੰਦਰ ਪਾਲ ਸਿੰਘ 416-859-1856
(ਤੀਜੀ ਆਖਰੀ ਕਿਸ਼ਤ)
ਡਾ. ਸਿੰਘ : ਆਪ ਦੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ / ਇਤਿਹਾਸਕਾਰੀ ਦੇ ਵਿਸ਼ੇ ਪੱਖੋਂ ਪ੍ਰਮੁੱਖ ਝੁਕਾਅ ਕਿਹੜੇ-ਕਿਹੜੇ ਹਨ? ਕ੍ਰਿਪਾ ਕਰ ਕੇ ਥੋੜ੍ਹਾ ਵਿਸਥਾਰ ਨਾਲ ਸਮਝਾਓ ।
ਡਾ. ਸਰਨਾ : ਭਾਰਤ ਵਿੱਚ ਅੰਗਰੇਜ਼ੀ ਰਾਜ ਤੋਂ ਬਾਅਦ ਪੂੰਜੀਵਾਦੀ ਅਰਥ ਵਿਵਸਥਾ, ਪੱਛਮੀ ਮੁਲਕਾਂ ਦੇ ਨਵੇਂ ਰਾਜਨੀਤਕ, ਪ੍ਰਸ਼ਾਸਨਿਕ, ਸਭਿਆਚਾਰਕ ਅਤੇ ਸਾਹਿਤਕ ਪ੍ਰਭਾਵਾਂ ਰਾਹੀਂ ਉਜਾਗਰ ਹੁੰਦੀ ਹੈ। ਗੋਰਤਲਬ ਹੈ ਕਿ ਇਸੇ ਨੂੰ ਅਸੀਂ ਵਿਸ਼ੇਸ਼ ਸਿਧਾਂਤਕ ਅਤੇ ਤਵਾਰੀਖੀ ਨਜ਼ਰੀਏ ਤੋਂ ਇੱਕੀਵੀਂ ਸਦੀ ਦੇ ਯੁੱਗ ਦੀ ਸ਼ੁਰੂਆਤ ਕਹਿੰਦੇ ਹਾਂ। ਆਧੁਨਿਕ ਕਾਲ ਵਿੱਚ ਧਾਰਮਿਕ ਅਤੇ ਸਮਾਜਿਕ ਵਿਕਾਸ ਦੇ ਦਰਵਾਜ਼ੇ ਖੁੱਲ੍ਹਦੇ ਹਨ। ਕਾਵਿ, ਗਲਪ, ਨਾਟਕ ਤੇ ਇਕਾਂਗੀ, ਅਲੋਚਨਾ, ਵਾਰਤਕ ਆਦਿ ਇਸੇ ਜ਼ਮਰੇ ਵਿੱਚ ਆਉਂਦੇ ਹਨ। ਧਰਮ ਨਿਰਪੱਖਤਾ, ਵਿਗਿਆਨਿਕਤਾ, ਤਰਕਸ਼ੀਲਤਾ, ਸ਼ਹਿਰੀਕਰਨ, ਉਦਯੋਗਿਕ ਉਤਪਾਦਨ, ਸਾਂਝੀਵਾਲਤਾ, ਸਮਾਨਤਾ, ਵਿਸ਼ਵਿਆਪਕਤਾ, ਸੁਤੰਤਰਤਾ, ਰਾਜਨੀਤਿਕ ਚੇਤਨਾ, ਸਾਖਰਤਾ ਆਦਿ ਪ੍ਰਮੁੱਖ ਹਨ।
ਡਾ. ਸਿੰਘ: ਸਮਕਾਲੀ ਪੰਜਾਬੀ ਸਾਹਿਤਕਾਰਾਂ/ਇਤਿਹਾਸਕਾਰਾਂ ਵਿਚੋਂ ਆਪ ਕਿਸ ਕਿਸ ਦੀ ਕਿਹੜੀ ਵਿਸ਼ੇਸ਼ਤਾ ਤੋਂ ਪ੍ਰਭਾਵਿਤ ਹੋ?
ਡਾ. ਸਰਨਾ : ਮੈਂ ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰਾਂ ਤੋਂ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਦੀ ਲੰਮੀ ਫਿਰਿਸਤ ਹੈ। ਅਸਲ ਵਿੱਚ ਇਹ ਇੱਕ ਸੰਪੂਰਣ ਦ੍ਰਿਸ਼ਟੀਕੋਣ ਹੈ, ਜਿਸ ਦਾ ਮੁੱਖ ਲੱਛਣ ਜੀਵਨ ਨੂੰ ਉਸਦੀਆਂ ਸਾਰੀਆਂ ਜਟਿਲਤਾਵਾਂ ਦੇ ਬਾਵਜੂਦ ਇਕਾਗਰਤਾ ਦੇ ਰੂਪ ਵਿੱਚ ਪ੍ਰੇਰਣਾਦਾਇਕ ਹੋਣਾ ਹੈ। ਇਹੋ ਜੀਵਨ ਦੇ ਕੇਂਦਰੀ ਸੱਚ ਦਾ ਹਾਸਿਲ ਹੈ। ਫ਼ਿਰ ਵੀ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ ਉਨ੍ਹਾਂ ਵਿਚੋਂ ਖਾਸ ਜ਼ਿਕਰੇਯੋਗ ਹਨ : ਡਾ. ਅਤਰ ਸਿੰਘ, ਡਾ. ਗੁਰਭਗਤ ਸਿੰਘ, ਡਾ. ਗੰਡਾ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਗਰਜਾ ਸਿੰਘ, ਡਾ. ਸੁਰਜੀਤ ਪਾਤਰ ਆਦਿ।
ਡਾ. ਸਿੰਘ : ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘੱਟ ਕੇ ਸ਼ੋਸ਼ਲ ਮੀਡੀਆ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਸਾਹਿਤ ਨਾਲ ਜੋੜਣ ਲਈ ਕੋਈ ਹੱਲ?
ਡਾ. ਸਰਨਾ : ਕੰਪਿਊਟਰੀਕਰਨ ਅਤੇ ਸੈਟੇਲਾਈਟ ਨੇ ਅਜੋਕੇ ਯੁੱਗ ਵਿੱਚ ਇਕ ਵੱਡਾ ਪਰਿਵਰਤਨ ਲੈ ਆਂਦਾ ਹੈ। ਸ਼ੋਸ਼ਲ ਮੀਡੀਆ ਦਾ ਅਸਰ, ਬੱਚਿਆਂ ਤੇ ਨੌਜਵਾਨਾਂ ਦੇ ਮਨੋਵਿਗਿਆਨਕ ਹਾਲਤਾਂ ਦੇ ਰੂਬਰੂ, ਮਾਨਸਿਕ ਰੋਗਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਅਸੀਂ ਸਮਾਜ ਨੂੰ ਕਿਵੇਂ ਸਿੱਖਿਅਤ ਕਰੀਏ? ਕਿਹੜੀ ਅਜਿਹੀ ਤਕਨੀਕ ਦਾ ਇਸਤੇਮਾਲ ਕਰੀਏ, ਜਿਸ ਵਿੱਚ ਨੁਕਸਾਨ ਘਟ ਅਤੇ ਫ਼ਾਇਦਾ ਜਿਆਦਾ ਹੋਵੇ। ਜਿਵੇਂ ਜਿਵੇਂ ਸੂਚਨਾ ਤਕਨੀਕ ਅਤੇ ਇੰਟਰਨੈੱਟ ਦਾ ਯੁੱਗ ਆਪਣੀਆਂ ਪੈੜਾਂ ਪਸਾਰਦਾ ਜਾ ਰਿਹਾ ਹੈ, ਕਿਤਾਬਾਂ ਵੀ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਪਾਠਕਾਂ ਨੂੰ ਕਿਤਾਬਾਂ ਨਾਲ ਜੋੜਣ ਲਈ ਉਨ੍ਹਾਂ ਵਾਸਤੇ ਉਹੋ ਸਾਹਿਤ ਰਚਣਾ ਚਾਹੀਦਾ ਹੈ ਜਿਸ ਤੋਂ ਉਹ ਪ੍ਰਭਾਵਿਤ ਹੋ ਸਕਣ। ਛੋਟੀਆਂ ਛੋਟੀਆਂ ਕਿਤਾਬਾਂ ਹੀ ਛਾਪਣੀਆਂ ਉਚਿੱਤ ਹਨ ਜੋ ਪਾਠਕ ਸਹਿਜੇ ਹੀ ਪੜ੍ਹ ਸਕਣ।
ਡਾ. ਸਿੰਘ : ਡਾ. ਸਾਹਿਬ! ਆਪ ਇੱਕੀਵੀਂ ਸਦੀ ਦੀ ਇਤਿਹਾਸਕਾਰੀ ਦੀ ਪ੍ਰਸੰਗਿਕਤਾ ਵਿਚ ਪੰਜਾਬੀ ਇਤਿਹਾਸਕਾਰੀ ਦੀ ਸਥਿਤੀ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ?
ਡਾ. ਸਰਨਾ : ਇੱਕੀਵੀਂ ਸਦੀ ਦੀ ਪੰਜਾਬੀ ਇਤਿਹਾਸਕਾਰੀ ਵਿਸ਼ੇਸ਼ ਕਾਲ-ਕਰਮ ਦੀ ਗਵਾਹ ਰਹੀ ਹੈ। ਵੱਖ ਵੱਖ ਸਥਿਤੀਆਂ, ਪ੍ਰਸਥਿਤੀਆਂ ਨੇ ਲੇਖਕ ਨੂੰ ਸੰਵੇਦਨਸ਼ੀਲਤਾ ਦੇ ਮੰਥਨ ਰਾਹੀਂ ਉਸ ਦੀ ਕਲਪਨਿਕ ਸੋਚਣ ਸ਼ਕਤੀ ਨੂੰ ਪ੍ਰਭਾਵਿਤ ਕਰ ਕੇ ਕਾਮਯਾਬੀ ਬਖਸ਼ੀ ਹੈ। ਇਤਿਹਾਸਕਾਰੀ ਦੀ ਪ੍ਰੋੜਤਾ, ਸਮਾਜ ਦਾ ਦਰਪਣ ਹੁੰਦੀ ਹੈ ਕਿਉਂਕਿ ਇਹ ਮਨ ਦੀ ਪ੍ਰੋੜਤਾ ਨਾਲ ਇਕਮੁੱਠ ਹੋਈ ਹੁੰਦੀ ਹੈ।
ਡਾ. ਸਿੰਘ : ਵੀਹਵੀਂ ਸਦੀ ਦੀ ਤੁਲਨਾ ਵਿਚ ਆਪ ਨੇ ਇੱਕੀਵੀਂ ਸਦੀ ਦੇ ਸਮਾਜਿਕ, ਧਾਰਮਿਕ, ਸੱਭਿਆਚਾਰਕ, ਵਾਤਾਵਰਣੀ ਤੇ ਇਤਿਹਾਸਕਾਰ ਲੇਖਣ ਕਾਰਜਾਂ ਸੰਬੰਧਤ ਮਾਹੌਲ ਵਿਚ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?
ਡਾ. ਸਰਨਾ : ਵੀਹਵੀਂ ਸਦੀ ਤੋਂ ਇੱਕੀਵੀਂ ਸਦੀ ਤੱਕ ਪੁੱਜਣ ਲਈ ਸਮਾਜਿਕ, ਧਾਰਮਿਕ, ਸੱਭਿਆਚਾਰਕ, ਵਾਤਾਵਰਣੀ ਤੇ ਇਤਿਹਾਸਕਾਰੀ ਆਦਿ ਖੇਤਰਾਂ ਵਿਚ ਮਨੁੱਖੀ ਸਮਾਜ ਅੰਦਰ ਵੱਖ ਵੱਖ ਪਰਿਵਰਤਨ ਦ੍ਰਿਸ਼ਟੀਗੋਚਰ ਹੋਏ ਹਨ। ਇਸ ਸਦੀ ਵਿੱਚ ਇਲੈਕਟ੍ਰਾਨਿਕ ਮੀਡੀਆ ਦਾ ਸ਼ਕਤੀਸ਼ਾਲੀ ਸਰੂਪ ਸਾਹਮਣੇ ਆਇਆ ਹੈ। ਧਾਰਮਿਕ ਤੇ ਸਮਾਜਿਕ ਆਦਿ ਖੇਤਰਾਂ ਵਿਚ ਗਿਆਨ, ਸਿੱਖਿਆ ਅਤੇ ਮਨੋਰੰਜਨ ਸੰਬੰਧਤ ਵਿਸ਼ਾਲ ਸੇਵਾਵਾਂ ਉਪਲੱਬਧ ਹੋਣ ਕਾਰਨ, ਇਸ ਦਾ ਘੇਰਾ ਹੋਰ ਮੌਕਲਾ ਹੋਇਆ ਹੈ। ਵਿਸ਼ਵ ਵਿਆਪੀ ਨੈੱਟਵਰਕ ਨੇ ਸਾਰਾ ਆਲਮ ਹੀ ਬਦਲ ਦਿੱਤਾ ਹੈ। ਸਾਡੀਆਂ ਕਦਰਾਂ-ਕੀਮਤਾਂ, ਵਿਸ਼ਵਾਸਾਂ, ਸਭਿਆਚਾਰਕ ਮੁੱਲਾਂ ਅਤੇ ਧਾਰਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਮਾਸ ਮੀਡੀਆ ਦਾ ਸਿੱਧਾ ਸੰਬੰਧ ਸਮਾਜ ਤੇ ਸਭਿਆਚਾਰ ਨਾਲ ਹੈ। ਅਜੋਕੇ ਸੰਚਾਰ ਦੇ ਮਾਧਿਅਮ ਲਗਾਤਾਰ ਡਿਜੀਟਲ ਇਨਕਲਾਬ ਵੱਲ ਵੱਧ ਰਹੇ ਹਨ। ਇਹ ਮੀਡੀਆ ਸਾਡੇ ਸਮਾਜਿਕ, ਸਭਿਆਚਾਰਕ, ਤੇ ਵਾਤਾਵਰਣੀ ਮਾਹੌਲ ਉਤੇ ਕੰਟਰੋਲ ਕਰ ਰਿਹਾ ਹੈ। ਸਭਿਆਚਾਰ ਹੁਣ ਕੇਵਲ ਸਭਿਆਚਾਰਕ ਵਸਤੂ ਬਣ ਕੇ ਰਹਿ ਗਈ ਹੈ। ਮੀਡੀਆ ਨੇ ਬਹੁਤਾ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਡਾ. ਸਿੰਘ: ਧਾਰਮਿਕ ਅਤੇ ਖੇਤੀਬਾੜੀ ਕਾਰਜਾਂ ਦੇ ਖੇਤਰਾਂ ਵਿਚ ਆਪ ਵਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਚਾਨਣਾ ਪਾਓ ਜੀ?
ਡਾ. ਸਰਨਾ: ਧਾਰਮਿਕ ਅਤੇ ਖੇਤੀਬਾੜੀ ਖੇਤਰਾਂ ਵਿੱਚ ਮੇਰਾ ਕੋਈ ਵਿਸ਼ੇਸ਼ ਯੋਗਦਾਨ ਨਹੀਂ ਹੈ। ਖਾਲਸਾ ਕਾਲਜ ਅੰਮ੍ਰਿਤਸਰ ਸਮੇਂ ਮੈਂ ਹਰ ਸਾਲ ਸਿੱਖ ਵਿਦਿਆਰਥੀਆਂ ਨੂੰ ਜੋ ਬਹੁਤੇ ਕੇਸਾਂ ਦੀ ਬੇਅਦਬੀ ਕਰਦੇ ਸਨ, ਨੂੰ ”ਖੰਡੇ ਦੀ ਪਾਹੁਲ” ਲੈਣ ਲਈ ਸਰਗਰਮੀ ਨਾਲ ਕੰਮ ਕਰਦਾ ਸਾਂ। ਉਥੇ ਸ਼ਮਸ਼ੀਰਿ ਦਸਤ ਰਸਾਲੇ ਦਾ ਫਾਊਂਡਰ ਐਡੀਟਰ ਹੋਣ ਦੇ ਨਾਤੇ, ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਨਿੱਕਾ ਜਿਹਾ ਉਪਰਾਲਾ ਜ਼ਰੂਰ ਕੀਤਾ ਸੀ। ਜਿਥੋਂ ਤੱਕ ਖੇਤੀ ਬਾੜੀ ਦਾ ਸੰਬੰਧ ਹੈ ਵਿਭਾਗੀ ਤੋੱਰ ਤੇ ਬਾਖੂਬੀ ਰਚਨਾਤਮਕ ਭੂਮਿਕਾ ਨਿਭਾਈ ਹੈ। ਮੇਰੇ ਲਈ ਸੱਭ ਤੋਂ ਮਹੱਤਤਾ ਵਾਲੀ ਗੱਲ ਇਹ ਰਹੀ ਹੈ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਮੈਂ ਪਹਿਲੀ ਵਾਰ ”ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੇ ਬਨਸਪਤੀ ਤੇ ਪਸ਼ੂ-ਪੰਛੀ ਕੋਸ਼” ਤਿਆਰ ਕਰਕੇ ਸਿੱਖ ਕੌਮ ਨੂੰ ਦਿੱਤਾ ਹੈ।
ਡਾ. ਸਿੰਘ : ਸਮਾਜਿਕ, ਸਭਿਆਚਾਰਕ ਅਤੇ ਵਾਤਾਵਰਣੀ ਕੁਰੀਤੀਆਂ ਨੂੰ ਘੱਟ ਕਰਨ / ਖਤਮ ਕਰਨ ਵਿਚ ਆਪ ਅਜੋਕੇ ਸਮੇਂ ਦੌਰਾਨ ਸਾਹਿਤ, ਇਤਿਹਾਸ ਤੇ ਧਰਮ ਦਾ ਕੀ ਯੋਗਦਾਨ ਮੰਨਦੇ ਹੋ?
ਡਾ. ਸਰਨਾ : ਅਜੋਕੇ ਸਮੇਂ ਸਮਾਜਿਕ, ਸੱਭਿਆਚਾਰਕ ਅਤੇ ਵਾਤਾਵਰਣੀ ਕੁਰੀਤੀਆਂ ਅਪਣੇ ਸਿੱਖਰਾਂ ‘ਤੇ ਹਨ। ਅਜੋਕੇ ਇੰਟਰਨੈੱਟ ਯੁੱਗ ਵਿੱਚ ਇਹ ਬੇਕਾਬੂ ਘੋੜੇ ਵਾਂਗ ਦੌੜ ਰਹੀਆਂ ਹਨ। ਇਨ੍ਹਾਂ ਨੂੰ ਠੱਲ ਪਾਉਣ ਲਈ ਧਰਮ, ਇਤਿਹਾਸ ਅਤੇ ਸਾਹਿਤ ਅਪਣਾ ਰੋਲ ਬਾਖੂਬੀ ਅਦਾ ਕਰ ਸਕਦਾ ਹੈ। ਸਾਨੂੰ ਸਦਾਚਾਰਕ ਨੁਕਤੇ ਤੋਂ ਬੜਾ ਸਾਵਧਾਨ ਰਹਿਣਾ ਹੋਵੇਗਾ। ਸਾਨੂੰ ਆਪਣੇ ਪੁਰਖਿਆਂ ਦੇ ਉਤਮ ਗੁਣਾਂ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ।
ਪੰਜਾਬੀ ਸਾਹਿਤ ਦਾ ਅਹਿਮ ਯੋਗਦਾਨ ਇਸ ਵਿੱਚ ਸਾਡੀ ਰਹਿਨੁਮਾਈ ਕਰ ਸਕਦਾ ਹੈ। ਉੱਤਮ ਸਾਹਿਤ ਹੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਸਹਾਈ ਹੋ ਸਕਦਾ ਹੈ।
ਡਾ. ਸਿੰਘ : ਪੰਜਾਬੀ ਲੇਖਕਾਂ ਦੁਆਰਾ, ਹੁਣ ਤਕ ਛਾਪੇ ਗਏ ਸਮਾਜਿਕ, ਧਾਰਮਿਕ, ਸਭਿਆਚਾਰਕ, ਵਾਤਾਵਰਣੀ ਤੇ ਇਤਿਹਾਸਕਾਰੀ ਸਰੋਕਾਰਾਂ ਅਤੇ ਅਜੋਕੀ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ ਕਰਦੇ ਹੋ? ਵਿਸਥਾਰ ਨਾਲ ਦੱਸੋ ਜੀ।
ਡਾ. ਸਰਨਾ : ਅਦਬ ਇੱਕ ਅੰਤਰ-ਅਨੁਸ਼ਾਸਨੀ ਕਲਾ ਹੈ। ਇਹ ਹੋਰ ਵਿਗਿਆਨਕ ਅਨੁਸ਼ਾਸਨਾਂ ਨਾਲੋਂ ਵੱਧ ਅਸਰ ਰੱਖਦੀ ਹੈ। ਸਾਹਿਤ ਨੂੰ ਸਮਾਜ ਨਾਲ ਸਬੰਧਤ ਕਰ ਕੇ ਵਧੇਰੇ ਪ੍ਰਸੰਗਿਕਤਾ ਹੋਣੀ ਬਹੁਤ ਲਾਜ਼ਮੀ ਹੈ। ਸਰੋਕਾਰ ਵਧੇਰੇ ਪ੍ਰਬਲ ਰੂਪ ਵਿੱਚ ਮੂਰਤੀਮਾਨ ਹੁੰਦੇ ਹਨ। ਔਖੇ ਸਮੇਂ ਸਾਰਥਿਕ ਭੂਮਿਕਾ ਨਿਭਾਉਦੇਂ ਰਹੇ ਹਨ। ਨਵੀਆਂ ਜੁਗਤਾਂ ਦੀ ਤਲਾਸ਼ ਕਰਨੀ ਪਵੇਗੀ।
ਡਾ. ਸਿੰਘ: ਆਪ ਆਮ ਲੋਕਾਂ, ਨੌਜਵਾਨਾਂ, ਉਭਰਦੇ ਲੇਖਕਾਂ ਅਤੇ ਖੋਜੀਆਂ ਨੂੰ ਸਾਹਿਤਕ / ਧਾਰਮਿਕ ਵਿਰਸੇ ਨਾਲ ਜੁੜਣ ਤੇ ਇਸ ਦੀ ਸਾਂਭ ਸੰਭਾਲ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ. ਸਰਨਾ: ਮੈਂ ਕੋਈ ਵੱਡਾ ਦਾਨਿਸ਼ਵਰ ਨਹੀਂ ਕਿ ਸੰਦੇਸ਼ ਦੇਣ ਦਾ ਰੁਤਬਾ ਰਖਦਾ ਹੋਵਾਂ। ਧਾਰਮਿਕ ਵਿਰਸੇ ਪ੍ਰਤੀ ਜਾਗਰੂਕ ਅਤੇ ਸਾਂਭ ਸੰਭਾਲ ਬਾਰੇ ਜੋਦੜੀ ਜਰੂਰ ਕਰ ਸਕਦਾ ਹਾਂ। ਸੰਸਾਰ ਵਿੱਚ ਹਰ ਕੌਮ ਅਪਣੇ ਵਿਰਸੇ ਨੂੰ ਸੁਰੱਖਿਅਤ ਰੱਖਣ ਲਈ ਉਪਰਾਲੇ ਕਰ ਰਹੀ ਹੈ। ਸਿੱਖਾਂ ਦੀਆਂ ਹਰ ਸਾਲ ਦਰਜਨਾਂ ਇਤਿਹਾਸਕ ਇਮਾਰਤਾਂ ਅਤੇ ਨਿਸ਼ਾਨੀਆਂ ਕਾਰਸੇਵਾ ਦੇ ਨਾਂ ਹੇਠ ਬੇਦਰਦੀ ਨਾਲ ਖਤਮ ਕੀਤੀਆਂ ਜਾ ਰਹੀਆਂ ਹਨ । ਸਿੱਖਾਂ ਨੂੰ ਅਪਣੇ ਵਿਰਸੇ ਪ੍ਰਤੀ ਜਾਗਰੂਕ ਹੋਣ ਦੀ ਡਾਢੀ ਲੋੜ ਹੈ। 1984 ਵਿੱਚ ਸੈਂਕੜੇ ਦੁਰਲੱਭ ਹੱਥ ਲਿਖਤਾਂ ਆਦਿ ਗਾਇਬ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਲੱਭਣਾ ਸਮੇਂ ਦੀ ਮੁੱਖ ਲੋੜ ਹੈ। ਗੁਰੂ ਸਾਹਿਬ ਦੇ ਹੱਥਾਂ ਦੀ ਛੋਹ ਪ੍ਰਾਪਤ ਪਿੱਪਲ, ਬੇਰ, ਚਿਨਾਰ ਆਦਿ ਕੱਟ ਕੇ ਕਿਸੇ ਗੂੜੀ ਸਾਜਿਸ਼ ਤਹਿਤ ਕਾਰਸੇਵਾ ਵਾਲੇ ਬਾਬਿਆਂ ਨੇ ਸੰਗਮਰਮਰ ਦੀਆਂ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਨ੍ਹਾਂ ਦੀ ਲਿਸਟ ਬੜੀ ਲੰਬੀ ਹੈ। ਯਾਦ ਰੱਖੋ ਸੰਸਾਰ ਦੀ ਸਾਰੀ ਦੋਲਤ ਵੀ ਇਸ ਖਜ਼ਾਨੇ ਨੂੰ ਵਾਪਸ ਮੋੜ ਨਹੀਂ ਸਕਦੀ। ਸਵਾਲ ਇਹ ਹੈ ਆਖਰ ਸਿੱਖ ਕੌਮ ਕਦੋਂ ਜਾਗਰੂਕ ਹੋਵੇਗੀ।
ਡਾ. ਸਿੰਘ: ਸਮਕਾਲੀ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ ਲੈਸ ਹੈ, ਫ਼ਿਰ ਕਿਉਂ ਉਹ ਸਾਹਿਤ ਪਠਣ ਕਾਰਜਾਂ ਪ੍ਰਬੰਧੀ ਉਦਾਸੀਨਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ?
ਡਾ. ਸਰਨਾ : ਅੱਜ ਦਾ ਸਮਕਾਲੀ ਨੌਜਵਾਨ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਿਹਾ ਹੈ। ਜੇਕਰ ਜੜ੍ਹ ਮਜ਼ਬੂਤ ਹੋਵੇਗੀ ਤਾਂ ਹੀ ਪੌਦਾ ਵੱਧ ਫ਼ੁੱਲ ਸਕਦਾ ਹੈ। ਤਕਨਾਲੌਜੀ ਨਾਲ ਵਧੇਰੇ ਲੈਸ ਹੋਣ ਕਾਰਨ, ਨੋਜਵਾਨਾਂ ਕੋਲ ਸਮਾਂ ਨਹੀਂ ਬਚਦਾ। ਸਵੇਰ ਉਠਦੇ ਸਾਰ ਹੀ ਉਹ ਨੈੱਟ ਨਾਲ ਜੁੜ ਜਾਂਦੇ ਹਨ। ਜਿਸ ਵਿਸ਼ੇ ਦੀ ਵੀ ਜਾਣਕਾਰੀ ਉਹ ਲੈਣਾ ਚਾਹਣ ਉਨ੍ਹਾਂ ਨੂੰ ਉਹ ਨੈੱਟ ਵਿਖੇ ਮਿਲ ਜਾਂਦੀ ਹੈ। ਛੋਟੀਆਂ ਕਿਤਾਬਾਂ ਤਾਂ ਉਹ ਪੜ੍ਹ ਲੈਂਦੇ ਹਨ ਪਰ ਵੱਡੀਆਂ ਕਿਤਾਬਾਂ ਤੋਂ ਮੂੰਹ ਮੋੜ ਲੈਂਦੇ ਹਨ। ਸਾਨੂੰ ਸਮੇਂ ਨੂੰ ਮੁੱਖ ਰੱਖ ਕੇ ਹੀ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ।
ਡਾ. ਸਿੰਘ : ਸਰ! ਖੇਤੀਬਾੜੀ ਮਾਹਿਰ, ਸਾਹਿਤਕਾਰ ਅਤੇ ਇਤਿਹਾਸਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨਕ ਬਿਰਤੀ ਅਤੇ ਲੇਖਣ-ਵਿਚਾਰਧਾਰਾ ਹਮੇਸ਼ਾਂ ਸਮਾਂਤਰ ਕਾਰਜ਼ਸ਼ੀਲ ਰਹਿੰਦੇ ਹਨ ਜਾਂ ਸਮੇਂ ਸਮੇਂ ਕੋਈ ਇਕ ਵਧੇਰੇ ਭਾਰੂ ਵੀ ਹੋ ਜਾਂਦਾ ਹੈ?
ਡਾ. ਸਰਨਾ : ਮੇਰੇ ਚਿੰਤਨ ਦੀ ਸਰਜ਼ਮੀਨ ਤੇ ਸਾਹਿਤਕੀ, ਖੇਤੀਬਾੜੀ ਅਤੇ ਇਤਿਹਾਸਕਾਰੀ ਨਾਲ ਨਾਲ ਆਪ ਮੁਹਾਰੇ ਤੁਰਦੇ ਹਨ। ਮੈਂ ਤਾਂ ਤੁਰਿਆ ਸਾਂ ਖੇਤੀ ਦੀ ਧਾਰ ਤੇ ਅਪਣੇ ਉਪਜੀਵਕਤਾ ਲਈ, ਪਰ ਨਾਲ ਨਾਲ ਸਾਹਿਤਕ ਹੁਲਾਰ ਮੈਨੂੰ ਸੈਨਤਾਂ ਮਾਰਦੀ ਰਹੀ ਅਤੇ ਅਪਣਾ ਬੇਸ਼ਕੀਮਤੀ ਕੋਮੀ ਵਿਰਸਾ ਮੈਨੂੰ ਤਵਾਰੀਖੀ ਘਟਨਾਵਾਂ ਨੂੰ ਕਲਮਬੰਦ ਕਰਨ ਲਈ ਪ੍ਰੇਰਿਤ ਕਰਦਾ। ਇਹ ਤਿੰਨੇ ਹਮਸਫ਼ਰ ਹੋ ਕੇ ਤੁਰਦੇ ਹਨ ਅਤੇ ਇਕ-ਦੂਜੇ ਤੇ ਭਾਰੂ ਹੋਣ ਦੀ ਗੁਸਤਾਖੀ ਨਹੀਂ ਕਰਦੇ।
ਡਾ. ਸਿੰਘ: ਸਰਨਾ ਸਾਹਿਬ! ਗੱਲਬਾਤ ਚੰਗੀ ਰਹੀ। ਇੰਟਰਵਿਊ ਲਈ ਸਮਾਂ ਦੇਣ ਲਈ ਧੰਨਵਾਦ!
ਡਾ. ਸਰਨਾ : ਡਾ. ਸਾਹਿਬ! ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿਉਂ ਕਿ ਤੁਸਾਂ ਮੈਨੂੰ ਪਾਠਕਾਂ ਦੇ ਰੂਬਰੂ ਕਰਾਇਆ ਹੈ।
(ਸਮਾਪਤ)
ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਕੈਨੇਡਾ
ੲੲੲ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …