Breaking News
Home / ਨਜ਼ਰੀਆ / ਸਮਾਜਿਕ ਕਲਾਕਾਰੀ ਦਾ ਸ਼ੀਸ਼ਾ

ਸਮਾਜਿਕ ਕਲਾਕਾਰੀ ਦਾ ਸ਼ੀਸ਼ਾ

ਸਮਾਜ ਵਿੱਚ ਵਿਚਰਦਿਆਂ ਬੰਦਾ ਸਾਰੀ ਉਮਰ ਕੁੱਝ ਨਾ ਕੁੱਝ ਸਿੱਖੀ ਜਾਂਦਾ ਹੈ। ਇਸੇ ਲਈ ਸਮਾਜ ਨੂੰ ਚੱਲਦਾ ਨਿਰੰਤਰ ਵਰਤਾਰਾ ਵੀ ਕਿਹਾ ਜਾਂਦਾ ਹੈ। ਹਰ ਤਰ੍ਹਾਂ ਦੇ ਬੰਦੇ ਸਮਾਜ ਵਿੱਚ ਮਿਲ ਜਾਂਦੇ ਹਨ। ਮਾੜੇ ਬੰਦੇ ਨਾ ਹੋਣ ਤਾਂ ਚੰਗਿਆਂ ਦੀ ਪਹਿਚਾਣ ਨਹੀਂ ਹੁੰਦੀ। ਜਿਹੜੇ ਬੰਦੇ ਸਭ ਕੁੱਝ ਜਾਣਦੇ ਹੋਏ ਵੀ ਇਹ ਜਾਣਦੇ ਹਨ ਕਿ ਉਹ ਸਭ ਕੁੱਝ ਜਾਣਦੇ ਹਨ ਉਹ ਆਪ ਅਤੇ ਦੂਜਿਆਂ ਲਈ ਜਿਊਂਦੇ ਹਨ। ਪਰ ਜਿਹੜੇ ਬੰਦੇ ਕੁੱਝ ਨਹੀਂ ਜਾਣਦੇ ਉਹ ਇਹ ਵੀ ਨਹੀਂ ਜਾਣਦੇ ਕਿ ਅਸੀਂ ਕੁੱਝ ਨਹੀਂ ਜਾਣਦੇ। ਅਜਿਹੇ ਲੋਕ ਸਮਾਜਿਕ ਅੜਿੱਕੇ ਡਾਹੁਣ ਦੇ ਅਧਿਆਇ ਲਿਖਦੇ ਰਹਿੰਦੇ ਹਨ। ਸਮਾਜ ਵਿੱਚ ਵਿਚਰਦਿਆਂ ਜੋ ਸਮਾਜ ਦੇ ਚੰਗੇ ਮਾੜੇ ਵਰਤਾਰਿਆਂ ਦਾ ਸ਼ੀਸ਼ਾ ਦੇਖ ਲੈਂਦੇ ਹਨ ਉਹ ਵੀ ”ਜੀਓ ਅਤੇ ਜਿਊਣ ਦਿਓ” ਦੇ ਸਿਧਾਂਤ ‘ਤੇ ਪਹਿਰਾ ਦਿੰਦੇ ਹਨ।
ਇੰਝ ਲੱਗਦਾ ਹੈ ਕਿ ਸਮਾਜ ਦਾ ਸ਼ੀਸ਼ਾ ਸਮਾਜ ਵਿੱਚ ਅੜਿੱਕੇ ਪਾਉਣ ਵਾਲਿਆਂ ਨੂੰ ਸ਼ਕਲ ਨਹੀਂ ਦਿਖਾਉਂਦਾ। ਅਜਿਹੇ ਲੋਕ ਈਰਖਾ ਨਾਲ ਭਰੇ ਅਤੇ ਅਕਲੋਂ ਖਾਲੀ ਹੁੰਦੇ ਹਨ। ਸ਼ਰੀਕੇ ਵਿੱਚ ਮੁੰਡੇ ਨੂੰ ਦੇਖਣ ਵਾਲੇ ਆ ਗਏ, ਮੁੰਡੇ ਦੀਆਂ ਤਾਰੀਫਾਂ ਦੇ ਪੁਲ ਬੰਨੇ ਗਏ। ਆਖਰ ਅੜਿੱਕਾ ਪਾਉਣ ਵਾਲੇ ਨੇ ਆਪਣੀ ਕਲਾਕਾਰੀ ਦਿਖਾ ਦਿੱਤੀ। ਦੇਖੋ ਜੀ, ਸਭ ਤੋ ਵੱਡੀ ਗੱਲ ਇਹ ਹੈ ਕਿ ਦੋ ਕੁ ਸਾਲ ਤੋਂ ਮੁੰਡੇ ਨੂੰ ਹੁਣ ਕੋਈ ਦੌਰਾ ਵੀ ਨਹੀਂ ਪਿਆ। ਇੱਕ ਹੋਰ ਬੋਲਿਆ, ਮੇਰੇ ਨਾਲ ਤਿੰਨ ਸਾਲ ਪਹਿਲਾਂ ਪੈੱਗ ਲਾਇਆ ਸੀ ਉਸ ਤੋਂ ਬਾਅਦ ਹੁਣ ਕਦੇ ਨਹੀਂ ਲਾਇਆ। ਸਮਾਜ ਦੇ ਅਜਿਹੇ ਕਲਾਕਾਰ ਅੜਿੱਕੇ ਡਾਹ ਕੇ ਅਸੰਤੁਲਨ ਪੈਦਾ ਕਰ ਦਿੰਦੇ ਹਨ। ਆਪਣੀ ਗੱਲ ਕਹਿ ਕੇ ਅੰਦਰੋਂ ਅੰਦਰੀਂ ਚਾਹਤ ਪੂਰੀ ਲੈਂਦੇ ਹਨ।
ਇੱਕ ਵਿਅਕਤੀ ਮਕਾਨ ਬਣਾਉਣ ਲਈ ਚਿਰਾਂ ਤੋ ਲਾਈ ਆਸ ਨੂੰ ਪੂਰੀ ਕਰਨੀ ਚਾਹੁੰਦਾ ਹੈ। ਇੰਨੇ ਨੂੰ ਗੁਆਂਢੀ ਕਹਿ ਦਿੰਦਾ ਹੈ ਕਿ ਮੇਰੀ ਜਗ੍ਹਾ ਤੇਰੇ ਵੱਲ ਨਿਕਲਦੀ ਹੈ। ਗੱਲ ਨਿਸ਼ਾਨਦੇਹੀ ਉੱਤੇ ਤੈਅ ਹੋ ਜਾਂਦੀ ਹੈ। ਨਿਸ਼ਾਨਦੇਹੀ ਦੌਰਾਨ ਵੀ ਕਲਾਕਾਰੀ ਦਿਖਾਉਣ ਵਾਲੇ ਮੁੱਦਤਾਂ ਤੱਕ ਕਾਮਯਾਬ ਰਹਿ ਜਾਂਦੇ ਹਨ। ਨਾ ਮਕਾਨ ਬਣਦਾ, ਨਾ ਨਿਸ਼ਾਨਦੇਹੀ ਸਿਰੇ ਚੜ੍ਹਦੀ। ਜਦੋਂ ਸਮਾਜ ਵਿੱਚ ਮੁੰਡੇ ਕੁੜੀ ਦੇ ਅਣਬਣ ਹੋ ਕੇ ਮਾਮਲੇ ਤਲਾਕ ਵੱਲ ਤੁਰਦੇ ਹਨ ਤਾਂ ਵੀ ਕਲਾਕਾਰ ਅਤੇ ਉਂਗਲ ਲਾਊ ਮਹਿਕਮਾ ਕੁੱਝ ਵੀ ਸੁੱਝਣ ਨਹੀਂ ਦਿੰਦਾ। ਇੱਕ ਵਾਰ ਅਜਿਹੇ ਮਾਮਲੇ ਵਿੱਚ ਲੰਬੇ ਝਗੜੇ ਤੋਂ ਬਾਅਦ ਲੋਕ ਕਚਹਿਰੀ ਵਿੱਚ ਕੁੜੀ ਨੂੰ ਪੁੱਛਿਆ ਗਿਆ ਕਿ, ਕੁੜੀਏ ਤੂੰ ਕੀ ਚਾਹੁੰਦੀ ਹੈ? ਕੁੜੀ ਨੇ ਉੱਤਰ ਦਿੱਤਾ, ਮੈਂ ਚਾਹੁੰਦੀ ਹਾਂ ਜਿੱਥੇ ਮੇਰੀ ਡੋਲੀ ਗਈ, ਉੱਥੋਂ ਮੇਰੀ ਅਰਥੀ ਜਾਵੇ। ਇਸ ਗੱਲ ਨਾਲ ਕੁੜੀ ਦੀ ਅੰਦਰੂਨੀ ਸੂਝ ਅਜਿਹੀ ਪ੍ਰਗਟ ਹੋਈ ਕਿ ਗਿਆਨ ਅਤੇ ਅਧਿਐਨ ਦੀ ਨਵੀਂ ਪਾਰੀ ਸ਼ੁਰੂ ਹੋ ਗਈ। ਦੂਜੇ ਪਾਸੇ ਕਲਾਕਾਰੀ ਦਿਖਾਉਣ ਵਾਲੇ ਮੂੰਧੇ ਮੂੰਹ ਡਿੱਗੇ।
ਅਜਿਹੀ ਇੱਕ ਗਾਥਾ ਹੋਰ ਹੈ। ਪਿੰਡ ਦੀ ਪੰਚਾਇਤ ਕੰਮ ਕਰਾਉਣ ਲੱਗੀ ਸਰਪੰਚ ਨੂੰ ਪੁੱਛਿਆ ਗਿਆ, ਇੱਟ ਕੀ ਭਾਅ ਮਿਲੀ ? ਉੱਤਰ ਮਿਲਿਆ, 4750 ਰੁਪਏ ਦੀ ਮਿਲੀ। ਦੂਜੇ ਪੰਚ ਨੂੰ ਉਸੀ ਵਿਅਕਤੀ ਵੱਲੋ ਪੁੱਛਿਆ ਗਿਆ, ਇੱਟ ਕੀ ਭਾਅ ਆਈ ? ਉਸ ਵੱਲੋ ਦੱਸਿਆ ਗਿਆ ਕਿ ਪੌਣੇ ਕੁ ਪੰਜ ਹਜ਼ਾਰ ਦੀ। ਕਲਾਕਾਰ ਬੇਸਮਝੀ ਦਾ ਸਬੂਤ ਦੇ ਕੇ ਝੱਟ ਬੋਲ ਉੱਠਿਆ, ਦੇਖਿਆ ਫਰਕ ਤਾਂ ਇੱਥੇ ਹੀ ਨਿਕਲ ਆਇਆ। ਇੱਕ 4750 ਰੁਪਏ ਤੇ ਦੂਜਾ ਪੋਣੇ ਕੁ ਪੰਜ ਹਜ਼ਾਰ ਦੱਸਦਾ ਹੈ। ਰੁੱਸੇ ਨੂੰ ਮਨਾਉਣ ਲਈ ਵਿਆਹ ਵਿੱਚ ਸ਼ਾਮਲ ਕਰਨ ਲਈ ਜਦੋਂ ਜਾਂਦੇ ਹਨ ਤਾਂ ਅੱਗਿਓ ਜਵਾਬ ਮਿਲਦਾ ਹੈ, ਕਿ ਮੇਰੀ ਦੋ ਮਰਲੇ ਜ਼ਮੀਨ ਛਡਵਾਓ। ਵਿਆਹ ਦਾ ਜ਼ਮੀਨ ਨਾਲ ਭਲਾ ਕੀ ਸੰਬੰਧ?
ਇੱਕ ਵਾਰ ਰਿਸ਼ਤੇ ਕਰਨ ਲਈ ਕੁੜੀ ਦੀ ਪੁੱਛ ਪੜਤਾਲ ਕਰਨ ਲਈ ਰਿਸ਼ਤੇਦਾਰ ਆਏ। ਕਲਾਕਾਰਾਂ ਨੇ ਆਪਣੀ ਕਲਾ ਦਿਖਾ ਕੇ ਕੁੜੀ ਦੀ ਤਾਰੀਫ ਦੇ ਪੁਲ ਬੰਨ੍ਹ ਦਿੱਤੇ। ਉਸ ਵੱਲੋਂ ਕਿਹਾ ਗਿਆ ਕਿ ਪਾਂਧਾ ਨਾ ਪੁੱਛਿੳ, ਰਿਸ਼ਤਾ ਕਰ ਦਿਓ। ਕੁੜੀ ਨੇ ਐਮ.ਏ ਵੀ ਕੀਤੀ ਹੈ ਪਰ ……..। ਬੱਸ ਫਿਰ ਕੀ ਸੀ ਪਰ ਸ਼ਬਦ ਨੇ ਸਿਰੇ ‘ਤੇ ਗੰਢ ਮਾਰ ਕੇ ਪੋਚਾ ਫੇਰ ਦਿੱਤਾ। ਅਜਿਹਾ ਭੰਬਲਭੂਸਾ ਪੈਦਾ ਕੀਤਾ ਕਿ ਆਪਣੀ ਚਾਹਨਾ ਪੂਰੀ ਕਰਕੇ ਦੂਜਿਆਂ ਦੇ ਵਕਾਰ ਖੂਹ ਖਾਤੇ ਪਾ ਦਿੱਤੇ। ਪਿੰਡ ਵਿੱਚ ਸਾਂਝੇ ਕੰਮਾਂ ਲਈ ਪੈਸੇ ਇਕੱਠੇ ਕੀਤੇ ਜਾਂਦੇ ਹਨ। ਇੱਕ-ਦੋ ਉੱਠਦੇ ਹਨ, ”ਅਸੀ ਉਦੋਂ ਦੇਵਾਂਗੇ ਜਦੋ ਫਲਾਣਾ ਬੰਦ ਦੇਵੇਗਾ ਜਾਂ ਜਦੋਂ ਸਾਰਾ ਪਿੰਡ ਦੇ ਦੇਵੇਗਾ।” ਭਲਿਓ ਲੋਕੋ ਭਲਾ ਤੁਹਾਨੂੰ ਇਸ ਨਾਲ ਕੀ?
ਮੁੱਕਦੀ ਗੱਲ ਇਹ ਹੈ ਕਿ ਸਮਾਜ ਵਿੱਚ ਨਿਰੰਤਰ ਸਿੱਖਣ ਨੂੰ ਮਿਲਦਾ ਹੈ। ਜੇ ਕਲਾਕਾਰ ਅੜਿੱਕਾ ਪਾਊ ਮਹਿਕਮਾ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ ਜਾਂ ਲੋਕ ਇਹਨਾਂ ਨੂੰ ਪੂਰੀ ਤਰ੍ਹਾਂ ਸਮਝ ਲੈਣ ਤਾਂ ਸਮਾਜ ਦੇ ਬਹੁਤ ਸਾਰੇ ਝਗੜੇ ਖਤਮ ਹੋ ਕੇ ਸ਼ਾਂਤਮਈ ਸੰਤੁਲਿਤ ਅਤੇ ਖੁਸ਼ਹਾਲ ਸਮਾਜ ਦਾ ਭਵਿੱਖ ਬੱਝੇਗਾ। ਇਸ ਲਈ ਜ਼ਰੂਰੀ ਹੈ ਕਿ ਨਿਰੰਤਰ ਵਰਤਾਰਿਆਂ ਵਿੱਚ ਸਮਾਜਿਕ ਸ਼ੀਸ਼ਾ ਨਾਲੋਂ ਨਾਲ ਦੇਖ ਕੇ ਆਪਣੀ ਸਖਸ਼ੀਅਤ ਦਾ ਨਿਖਾਰ ਕਰਨ ਚਾਹੀਦਾ ਹੈ ਅਤੇ ਬੇਲੋੜੇ ਅੜਿੱਕੇ ਅਤੇ ਬੇਲੋੜੀਆਂ ਕਲਾਕਾਰੀਆਂ ਦਿਖਾਉਣ ਤੋਂ ਪਾਸਾ ਵੱਟਣਾ ਚਾਹੀਦਾ ਹੈ।
– ਸੁਖਪਾਲ ਸਿੰਘ ਗਿੱਲ
ਮੋਬਾਇਲ : 9878111445

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …