Breaking News
Home / ਕੈਨੇਡਾ / ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਅਤੇ ਗੀਤ ਗ਼ਜ਼ਲ ਤੇ ਸ਼ਾਇਰੀ ਦਾ ਸਾਂਝਾ ਪ੍ਰੋਗਰਾਮ ਕਾਮਯਾਬ ਰਿਹਾ

ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਅਤੇ ਗੀਤ ਗ਼ਜ਼ਲ ਤੇ ਸ਼ਾਇਰੀ ਦਾ ਸਾਂਝਾ ਪ੍ਰੋਗਰਾਮ ਕਾਮਯਾਬ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 26 ਅਗਸਤ ਵਾਲੇ ਦਿਨ ਗਲੋਬਲ ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ‘ਗੀਤ ਗ਼ਜ਼ਲ ਅਤੇ ਸ਼ਾਇਰੀ’ ਦਾ ਇਕ ਸਾਂਝਾ ਸਮਾਗਮ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿਖੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸੰਪੰਨ ਹੋਇਆ ਜਿਸ ਵਿਚ ਦੇਸੋਂ ਆਏ ਦੋ ਕਵੀ; ਮਲਵਿੰਦਰ ਸਿੰਘ ਅਤੇ ਅਮਰ ਸਿੰਘ ਸੂਫ਼ੀ, ਟੋਰਾਂਟੋ ਦੇ ਸਾਹਿਤਕਾਰਾਂ ਦੇ ਰੂਬਰੂ ਹੋਏ।
ਚਾਹ ਪਾਣੀ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਸਥਾਨ ਗ੍ਰਹਿਣ ਕੀਤੇ ਅਤੇ ਕਵਿੱਤਰੀ ਸੁਰਜੀਤ ਨੇ ਭੁਪਿੰਦਰ ਦੂਲੇ ਦੇ ਇਕ ਸ਼ੇਅਰ ਨਾਲ ਰੱਖੜੀ ਦੀ ਵਧਾਈ ਦੇਕੇ ਅਤੇ ਮਹਿਮਾਨਾਂ ਦਾ ਸਵਾਗਤ ਕਰਕੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ। ਪ੍ਰਧਾਨਗੀ ਮੰਡਲ ਵਿਚ ਅਮਰ ਸੂਫੀ, ਮਲਵਿੰਦਰ, ਉਪਕਾਰ ਸਿੰਘ ਅਤੇ ਜੀ ਪੀ ਐਫ਼ ਦੇ ਪ੍ਰਧਾਨ ਡਾ ਕੁਲਜੀਤ ਸਿੰਘ ਸੁਸ਼ੋਭਿਤ ਹੋਏ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਮਲਵਿੰਦਰ ਹੋਰਾਂ ਦੀ ਕਾਵਿ-ਕਲਾ ਅਤੇ ਸ਼ਖਸੀਅਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਰਹੂਮ ਕਵੀ ਪਰਮਿੰਦਰਜੀਤ ਦੇ ਸਕੂਲ ਨਾਲ ਪਰਨਾਇਆ ਕਵੀ ਹੈ। ਉਸਦੀਆਂ ਛੇ ਕਾਵਿ ਪੁਸਤਕਾਂ ਛੱਪ ਚੁੱਕੀਆਂ ਹਨ। ਇਸ ਤੋਂ ਉਪਰੰਤ ਮਲਵਿੰਦਰ ਦੀ ਨਵ -ਪ੍ਰਕਾਸ਼ਿਤ ਪੁਸਤਕ ‘ਸੁਫਨਿਆਂ ਦਾ ਪਿੱਛਾ ਕਰਦਿਆਂ’ ਰਿਲੀਜ਼ ਕੀਤੀ ਗਈ। ਮਲਵਿੰਦਰ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਦੀ ਖੂਬ ਵਾਹਵਾ ਖੱਟੀ।
ਦੂਜੀ ਕਵਿਤਾ ਦੀ ਕਿਤਾਬ ਸੀ ਲੁਧਿਆਣੇ ਵਾਲੇ ਰਵਿੰਦਰ ਰਵੀ ਦੀ ‘ਸਾਈਡ ਪੋਜ਼’। ਇਸ ਕਿਤਾਬ ਦੀ ਸਿਫਤ ਕਰਦਿਆਂ ਕਮਲਜੀਤ ਦੋਸਾਂਝ-ਨੱਤ ਨੇ ਕਿਹਾ ਕਿ ਰਵੀ ਦੀ ਕਵਿਤਾ ਉਸਦੀ ਫੋਟੋਗਰਾਫੀ ਵਾਂਗ ਹੀ ਦਿਲਕਸ਼ ਹੈ। ਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਨੇ ਅਮਰ ਸੂਫੀ ਬਾਰੇ ਜਾਣਕਾਰੀ ਦਿੱਤੀ ਅਤੇ ਸਾਹਿਤ ਬਾਰੇ ਕੁਝ ਵਿਚਾਰ ਪੇਸ਼ ਕੀਤੇ। ਅੰਤ ਵਿਚ ਗ਼ਜ਼ਲ ਦੇ ਮਾਹਿਰ ਜਾਣੇ ਜਾਂਦੇ ਅਮਰ ਸੂਫੀ ਨੇ ਗ਼ਜ਼ਲ ਦੇ ਅਰੂਜ਼ ਬਾਰੇ ਗੱਲਾਂ ਕੀਤੀਆਂ ਅਤੇ ਕਿਹਾ ਕਿ ਕਵਿਤਾ ਨੂੰ ਬੰਦਸ਼ਾਂ ਵਿਚ ਹੀ ਲਿਖਣਾ ਚਾਹੀਦਾ ਹੈ ਅਤੇ ਨਾਲ ਹੀ ਆਪਣੀਆਂ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ। ਬਲਵਿੰਦਰ ਕੌਰ ਰੰਧਾਵਾ ਨੇ ਇਕ ਲੋਕ ਗੀਤ ਸੁਣਾਇਆ ਅਤੇ ਉਨ੍ਹਾਂ ਦੀ ਸੀ ਡੀ ‘ਸਾਂਵੀਆਂ ਪੀਲੀਆਂ ਗੰਦਲਾਂ’ ਵੀ ਰਿਲੀਜ਼ ਕੀਤੀ ਗਈ।
ਸਮਾਗਮ ਦੇ ਦੂਸਰੇ ਹਿੱਸੇ ਵਿਚ ਸਟੇਜ ਦੀ ਕਾਰਵਾਈ ਬਲਜੀਤ ਧਾਲੀਵਾਲ ਨੇ ਬਾਖੂਬੀ ਨਿਭਾਈ। ਉਪਕਾਰ ਸਿੰਘ, ਸਨੀ ਸ਼ਿਵਰਾਜ, ਰਿੰਟੂ ਭਾਟੀਆ, ਪਿਆਰਾ ਸਿੰਘ ਕੁੱਦੋਵਾਲ ਅਤੇ ਕੁਲਜੀਤ ਸਿੰਘ ਜੰਜੂਆ ਨੇ ਗਜ਼ਲਾਂ ਅਤੇ ਗੀਤਾਂ ਦੀ ਛਹਿਬਰ ਲਾਈ। ਜਗੀਰ ਸਿੰਘ ਕਾਹਲੋਂ, ਅਰੂਜ ਰਾਜਪੂਤ, ਜਤਿੰਦਰ ਰੰਧਾਵਾ, ਭੁਪਿੰਦਰ ਦੂਲੇ, ਸੁਰਜੀਤ, ਬਲਰਾਜ ਧਾਲੀਵਾਲ, ਕਰਨ ਅਜਾਇਬ ਸਿੰਘ ਸੰਘਾ, ਮਕਸੂਦ ਚੌਧਰੀ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਅਮਰਜੀਤ ਢੀਂਡਸਾ, ਗੁਰਦਾਸ ਮਿਨਹਾਸ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬਹੁਤ ਸਾਰੇ ਸਰੋਤੇ ਹਾਜ਼ਿਰ ਸਨ; ਨਿਰਮਲ ਜੱਸੀ, ਭਰਪੂਰ ਸਿੰਘ, ਸੰਤੋਖ ਸਿੰਘ ਨੱਤ, ਡਾ ਅਮਰਦੀਪ ਸਿੰਘ ਬਿੰਦਰਾ, ਵਿਕਰਾਂਤ ਸਿੰਘ, ਸੋਨਿਆ ਸ਼ਰਮਾ, ਅਮਰਜੀਤ ਮਿਨਹਾਸ, ਪਰਮਜੀਤ ਦਿਉਲ, ਪੁਸ਼ਪਿੰਦਰ ਜੋਸਨ, ਸੁਖਵਿੰਦਰ ਸਿੱਧੂ, ਪ੍ਰਿਤਪਾਲ ਸਿੰਘ ਚੱਗਰ, ਕੁਲਵਿੰਦਰ ਖਹਿਰਾ, ਸੁਰਿੰਦਰ ਖਹਿਰਾ, ਅਲੋਕਾ ਮਹਿੰਦੀਰੱਤਾ, ਰੇਸ਼ਮ ਸਿੰਘ ਭੁੱਲਰ, ਕਰਨਪ੍ਰੀਤ ਕੌਰ, ਡਾ ਜਗਮੋਹਨ ਸੰਘਾ ਅਤੇ ਕੁਝ ਹੋਰ। ਪ੍ਰਤੀਕ ਹੋਰਾਂ ਦੀ ਬਾ-ਕਮਾਲ ਫੋਟੋਗਰਾਫ਼ੀ ਨੇ ਸਮਾਗਮ ਦੀਆਂ ਯਾਦਾਂ ਨੂੰ ਕੈਮਰਾਬੱਧ ਕੀਤਾ। ਬਰੈਂਟਫੋਰਡ ਤੋਂ ਆਈ ਕਹਾਣੀਕਾਰਾ ਗੁਰਮੀਤ ਪਨਾਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਲੇਠੀ ਪੁਸਤਕ ਮੁਰਗਾਬੀਆਂ 6 ਅਕਤੂਬਰ ਨੂੰ ਇਕ ਕਹਾਣੀ ਸੈਮੀਨਾਰ ਵਿਚ ਲੋਕ ਅਰਪਣ ਕੀਤੀ ਜਾਵੇਗੀ। ਪ੍ਰੋ. ਰਾਮ ਸਿੰਘ ਨੇ ਅੱਜ ਦੇ ਸਮਾਗਮ ‘ਤੇ ਬਹੁਤ ਖੂਬਸੂਰਤ ਟਿੱਪਣੀਆਂ ਦਿੱਤੀਆਂ ਅਤੇ ਡਾ. ਕੁਲਜੀਤ ਸਿੰਘ ਜੰਜੂਆ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਸਾਰੇ ਹਾਜ਼ਰੀਨ ਇਹ ਕਹਿੰਦੇ ਆਪਣੇ ਘਰਾਂ ਨੂੰ ਪਰਤੇ ਕਿ ਅੱਜ ਦਾ ਸਮਾਗਮ ਅਤਿਅੰਤ ਖੂਬਸੂਰਤ ਰਿਹਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …