ਹਾਰਦਿਕ ਪਾਂਡਿਆ ਦੀ ਮੁੜ ਮੁੰਬਈ ਇੰਡੀਅਨ ’ਚ ਵਾਪਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕ੍ਰਿਕਟ ਖੇਡ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਟੀਮ ਗੁਜਰਾਤ ਟਾਈਟਨਸ ਦਾ ਕਪਤਾਨ ਸ਼ੁਭਮ ਗਿੱਲ ਨੂੰ ਬਣਾਇਆ ਗਿਆ ਹੈ। ਆਲ ਰਾਊਂਡਰ ਹਾਰਦਿਕ ਪਾਂਡਿਆ ਵਲੋਂ ਗੁਜਰਾਤ ਟਾਈਟਨਜ ਟੀਮ ਛੱਡਣ ਤੋਂ ਬਾਅਦ ਇਹ ਬਦਲਾਅ ਹੋਇਆ ਹੈ। ਇਸਦੇ ਚੱਲਦਿਆਂ ਸ਼ੁਭਮ ਗਿੱਲ ਨੇ ਹਾਰਦਿਕ ਪਾਂਡਿਆ ਦੀ ਥਾਂ ਲਈ ਹੈ, ਜੋ ਹੁਣ ਮੁੰਬਈ ਇੰਡੀਅਨਜ਼ ’ਚ ਚਲਾ ਗਿਆ ਹੈ। ਆਈਪੀਐੱਲ 2024 ਵਿੱਚ ਗੁਜਰਾਤ ਦੀ ਕਪਤਾਨੀ ਕਰਨਾ ਗਿੱਲ ਦੀ ਸੀਨੀਅਰ ਪੁਰਸ਼ ਕਿ੍ਰਕਟ ਵਿੱਚ ਕਪਤਾਨ ਵਜੋਂ ਪਹਿਲੀ ਜ਼ਿੰਮੇਵਾਰੀ ਹੋਵੇਗੀ। ਧਿਆਨ ਰਹੇ ਕਿ 2022 ਵਿਚ ਗੁਜਰਾਤ ਟਾਈਟਨਜ਼ ਦੀ ਟੀਮ ਨੇ ਆਈ.ਪੀ.ਐਲ. ਦਾ ਖਿਤਾਬ ਜਿੱਤਿਆ ਸੀ ਅਤੇ ਉਸ ਸਮੇਂ ਹਾਰਦਿਕ ਪਾਂਡਿਆ ਹੀ ਟੀਮ ਦੇ ਕਪਤਾਨ ਸਨ। ਇਹ ਵੀ ਦੱਸਣਯੋਗ ਹੈ ਕਿ ਗੁਜਰਾਤ ਟਾਈਟਨਜ ਟੀਮ ਪਹਿਲੀ ਵਾਰ 2022 ਦੇ ਸੀਜਨ ਵਿਚ ਹੀ ਮੈਦਾਨ ਵਿਚ ਉਤਰੀ ਸੀ ਅਤੇ ਉਸ ਨੇ ਚੈਂਪੀਅਨ ਦਾ ਖਿਤਾਬ ਵੀ ਜਿੱਤ ਲਿਆ ਸੀ। 2023 ਵਿਚ ਵੀ ਗੁਜਰਾਤ ਟਾਈਟਨਜ ਦੀ ਟੀਮ ਫਾਈਨਲ ਵਿਚ ਪਹੁੰਚ ਗਈ ਸੀ, ਪਰ ਉਹ ਚੇਨਈ ਸੁਪਰਕਿੰਗਜ਼ ਕੋਲੋਂ ਹਾਰ ਗਈ ਸੀ। ਸ਼ੁਭਮ ਗਿੱਲ ਵੀ ਆਈਪੀਐਲ 2023 ਦੌਰਾਨ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਖਿਡਾਰੀ ਰਹੇ ਹਨ।