ਉਲੰਪਿਕ ‘ਚ ਪਹੁੰਚਣਾ ਹੀ ਵੱਡੀ ਗੱਲ : ਕਮਲਪ੍ਰੀਤ ਦੇ ਪਿਤਾ
ਲੰਬੀ/ਬਿਊਰੋ ਨਿਊਜ਼ : ਲੰਬੀ ਨੇੜਲੇ ਪਿੰਡ ਕਬਰਵਾਲਾ ਦੇ ਬਾਹਰਵਾਰ ਖੇਤਾਂ ਵਿੱਚ ਢਾਣੀ ‘ਤੇ ਵਸਦੇ ਠੇਠ ਪੇਂਡੂ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਕਮਲਪ੍ਰੀਤ ਕੌਰ ਬੱਲ ਨੇ ਟੋਕੀਓ ਓਲੰਪਿਕ ‘ਚ ਤਗ਼ਮੇ ਤੋਂ ਖੁੰਝਣ ਦੇ ਬਾਵਜੂਦ ਖ਼ੁਦ ਨੂੰ ਸਾਬਤ ਕਰ ਦਿੱਤਾ। ਉਸ ਦੇ ਖੇਡ ਪ੍ਰਦਰਸ਼ਨ ਦੌਰਾਨ ਘਰ ਵਿੱਚ ਰਿਸ਼ਤੇਦਾਰਾਂ ਅਤੇ ਮੀਡੀਆ ਕਰਮੀਆਂ ਦੀ ਭੀੜ ਲੱਗੀ ਰਹੀ। ਕਮਲਪ੍ਰੀਤ ਡਿਸਕਸ ਥਰੋਅ ਦੇ ਫਾਈਨਲ ਵਿੱਚ ਛੇਵੇਂ ਨੰਬਰ (ਸਕੋਰ 63.70) ‘ਤੇ ਰਹਿ ਕੇ ਵੀ 57 ਸਾਲਾਂ ਬਾਅਦ ਭਾਰਤ ਲਈ ਇਤਿਹਾਸ ਰਚ ਗਈ। ਪਰਿਵਾਰਕ ਮੈਂਬਰ ਟੋਕੀਓ ਵਿੱਚ ਮੌਸਮ ਦੀ ਖ਼ਰਾਬੀ ਨੂੰ ਕਮਲਪ੍ਰੀਤ ਕੌਰ ਦੀ ਜਿੱਤ ‘ਚ ਅੜਿੱਕਾ ਦੱਸ ਰਹੇ ਹਨ। ਓਲੰਪਿਕ ‘ਚ ਛੇਵਾਂ ਸਥਾਨ ਆਉਣ ‘ਤੇ ਪਰਿਵਾਰ ਅਤੇ ਮੀਡੀਆ ਕਰਮੀਆਂ ‘ਚ ਜਿੱਤ ਤੋਂ ਖੁੰਝਣ ਦਾ ਰੰਜ ਤਾਂ ਸੀ ਪਰ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕਿ ਓਲੰਪਿਕ ‘ਚ ਪੁੱਜਣਾ ਹੀ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਕਮਲਪ੍ਰੀਤ ਦੀ ਪਹਿਲੀ ਕੋਸ਼ਿਸ਼ ਸੀ, ਅਜੇ ਤਾਂ ਉਸ ਨੇ ਬਹੁਤ ਮਾਅਰਕੇ ਮਾਰਨੇ ਹਨ। ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ, ਡਾਇਰੈਕਟਰ ਸਪੋਰਟਸ ਜੀਪੀਐੱਸ ਖਰਬੰਦਾ ਅਤੇ ਸਹਾਇਕ ਡਾਇਰੈਕਟਰ ਕਰਤਾਰ ਸਿੰਘ ਪਰਿਵਾਰ ਨਾਲ ਵੀਡੀਓ ਕਾਨਫਰੰਸਿੰਗ ‘ਤੇ ਲਗਾਤਾਰ ਜੁੜੇ ਰਹੇ, ਜਦੋਂਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰ ਕੌਰ ਬਰਾੜ ਵੀ ਉਚੇਚੇ ਤੌਰ ‘ਤੇ ਮੌਜੂਦ ਸਨ। ਕਮਲਪ੍ਰੀਤ ਕੌਰ ਦੀ ਕਾਮਯਾਬੀ ਲਈ ਉਸ ਦੀ ਮਾਂ ਹਰਜਿੰਦਰ ਕੌਰ, ਦਾਦੀ ਗੁਰਬਿੰਦਰ ਕੌਰ, ਚਚੇਰੀ ਭੈਣ ਨਵਦੀਪ ਕੌਰ, ਭੂਆ ਦੀ ਧੀ ਹਰਜੋਤ ਰੱਤਾਖੇੜਾ ਤੇ ਚਾਚੀਆਂ-ਤਾਈਆਂ ਅਰਦਾਸਾਂ ਕਰਦੀਆਂ ਰਹੀਆਂ। ਮਾਤਾ ਹਰਜਿੰਦਰ ਕੌਰ ਨੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਪੁੱਤਰੀ ਵੱਲੋਂ ਹੁਣ ਤੱਕ ਜਿੱਤੇ ਕਰੀਬ 37 ਤਗ਼ਮਿਆਂ ਨੂੰ ਕੋਲ ਰੱਖ ਕੇ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ।
ਮਿਲਖਾ ਸਿੰਘ ਅਤੇ ਰੰਧਾਵਾ ਦੀ ਕਤਾਰ’ਚ ਖੜ੍ਹੀ ਹੋਈ ਕਮਲਪ੍ਰੀਤ
ਕਬਰਵਾਲਾ ਤੋਂ ਤਿੰਨ ਕਿਲੋਮੀਟਰ ਦੂਰ ਬਠਿੰਡਾ-ਗੰਗਾਨਗਰ ਰੇਲਵੇ ਲਾਈਨ ਦੇ ਸਾਹਮਣੇ ਦੂਰ ਅਣਗੌਲੇ ਜਿਹੇ ਲਿੰਕ ਰਾਹ ‘ਤੇ ਪੈਂਦੇ ਇੱਕ ਸਧਾਰਨ ਕੋਠੀਨੁਮਾ ਮਕਾਨ ਦੀ ਧੀ ਮਿਲਖਾ ਸਿੰਘ ਤੇ ਗੁਰਬਚਨ ਸਿੰਘ ਰੰਧਾਵਾ ਜਿਹੇ ਖਿਡਾਰੀਆਂ ਦੀ ਕਤਾਰ ‘ਚ ਖੜ੍ਹੀ ਹੋ ਗਈ। ਹੁਣ ਤੱਕ ਮਿਲਖਾ ਸਿੰਘ (1960 ਰੋਮ) ਤੇ ਗੁਰਬਚਨ ਸਿੰਘ ਰੰਧਾਵਾ (1964 ਟੋਕੀਓ) ਓਲੰਪਿਕ ‘ਚ ਪੁੱਜੇ ਸਨ। ਕਮਲਪ੍ਰੀਤ ਕੌਰ 57 ਸਾਲਾਂ ਬਾਅਦ ਓਲੰਪਿਕ ਦੇ ਫਾਈਨਲ ‘ਚ ਪੁੱਜਣ ਵਾਲੀ ਪੰਜਾਬ ਦੀ ਤੀਜੀ ਅਥਲੀਟ ਬਣੀ। ਹਾਲਾਂਕਿ ਇਸ ਵਿਚਕਾਰ ਮਨਜੀਤ ਕੌਰ ਤੇ ਰਾਜਵਿੰਦਰ ਕੌਰ ਨੇ ਮਹਿਲਾ ਰਿਲੇਅ ਈਵੈਂਟ ‘ਚ 2004 ਏਥਨਜ਼ ਵਿੱਚ ਜਗ੍ਹਾ ਬਣਾਈ ਸੀ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …