ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਵਿਨੇਸ਼
ਜਕਾਰਤਾ/ਬਿਊਰੋ ਨਿਊਜ਼
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਬਜਰੰਗ ਪੂਨੀਆ ਤੋਂ ਬਾਅਦ ਕੁਸ਼ਤੀ ਵਿਚ ਦੇਸ਼ ਨੂੰ ਦੂਜਾ ਸੋਨ ਤਮਗਾ ਦਿਵਾਇਆ ਹੈ। ਇਸ ਦੇ ਨਾਲ ਉਹ ਭਾਰਤ ਵਲੋਂ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਬਣ ਗਈ। ਵਿਨੇਸ਼ ਨੇ 50 ਕਿਲੋਗਰਾਮ ਫਾਈਨਲ ਵਿਚ ਜਾਪਾਨ ਦੀ ਹਰੀ ਯੂਕੀ ਨੂੰ ਹਰਾਇਆ।
ਇਸ ਦੌਰਾਨ ਭਾਰਤ ਦੇ ਨਿਸ਼ਾਨੇਬਾਜ ਦੀਪਕ ਕੁਮਾਰ ਨੇ ਅੱਜ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤੀ ਨਿਸ਼ਾਨੇਬਾਜ ਲਕਸ਼ ਸੇਰੌਨ ਨੇ ਵੀ ਸ਼ੂਟਿੰਗ ਵਿਚ ਕਾਂਸੇ ਦਾ ਤਮਗਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਭਾਰਤੀ ਖਿਡਾਰੀਆਂ ਬਜਰੰਗ ਪੁਣੀਆ ਤੇ ਅਪੂਰਵੀ ਚੰਦੇਲਾ ਨੇ 10 ਮੀਟਰ ਮਿਸ਼ਰਤ ਏਅਰ ਰਾਈਫਲ ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ।