ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 400 ਦੌੜਾਂ ਦਾ ਟੀਚਾ
ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ ਇਕ ਰੋਜ਼ਾ ਤਿੰਨ ਮੈਚਾਂ ਦੀ ਲੜੀ
ਇੰਦੌਰ/ਬਿਊਰੋ ਨਿਊਜ਼ : ਭਾਰਤ ਅਤੇ ਆਸਟਰੇਲੀਆ ਦਰਮਿਆਨ ਇਕ ਰੋਜ਼ਾ ਦੂਜਾ ਮੈਚ ਇੰਦੌਰ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ। ਇਹ ਆਸਟਰੇਲੀਆ ਖਿਲਾਫ਼ ਇਕ ਰੋਜ਼ਾ ਕ੍ਰਿਕਟ ’ਚ ਭਾਰਤ ਦਾ ਸਰਵੋਤਮ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤ ਦਾ ਆਸਟਰੇਲੀਆ ਖਿਲਾਫ਼ 383 ਦੌੜਾਂ ਦਾ ਸਕੋਰ ਸੀ, ਜੋ ਭਾਰਤ ਵੱਲੋਂ ਨਵੰਬਰ 2013 ’ਚ ਬੰਗਲੁਰੂ ਦੇ ਸਟੇਡੀਅਮ ’ਚ ਬਣਾਇਆ ਗਿਆ ਸੀ ਜਦਕਿ ਇਕ ਰੋਜ਼ਾ ਮੈਚਾਂ ਦੌਰਾਨ ਭਾਰਤ ਦਾ ਸਰਵੋਤਮ ਸਕੋਰ 418 ਦੌੜਾਂ ਹੈ। ਜੋ ਭਾਰਤ ਨੇ ਵੈਸਟ ਇੰਡੀਜ਼ ਦੇ ਖਿਲਾਫ਼ 2011 ’ਚ ਇੰਦੌਰ ਵਿਚ ਹੀ ਬਣਾਇਆ ਸੀ। ਅੱਜ ਦੇ ਮੈਚ ਦੌਰਾਨ ਸ਼ੁਭਮਨ ਗਿੱਲ ਨੇ 97 ਗੇਂਦਾਂ ਦਾ ਸਾਹਮਣਾ ਕਰਦੇ ਹੋਏ 104 ਦੌੜਾਂ ਬਣਾਈਆਂ ਜਦਕਿ ਸੁਰੇਸ਼ ਅਈਅਰ ਨੇ 90 ਗੇਂਦਾਂ ਦਾ ਸਾਹਮਣਾ ਕਰਦੇ ਹੋਏ 105 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਦੇ ਕਪਤਾਨ ਕੇ ਐਲ ਰਾਹੁਲ ਨੇ 38 ਗੇਂਦਾਂ ’ਚ 52 ਦੌੜਾਂ ਬਣਾਈਆਂ। ਮੈਚ ਦੇ ਆਖਰ ’ਚ ਅੱਜ ਸੂਰੀਆ ਕੁਮਾਰ ਯਾਦਵ ਦੀ ਤੂਫਾਨੀ ਪਾਰੀ ਦੇਖਣ ਨੂੰ ਮਿਲੀ ਉਨ੍ਹਾਂ ਨੇ 37 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਛੇ ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 73 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਥੇ ਰਵਿੰਦਰ ਜਡੇਜਾ 13 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਦੋਵੇਂ ਬੱਲੇਬਾਜ਼ਾਂ ਦਰਮਿਆਨ 24 ਗੇਂਦਾਂ ’ਚ 44 ਦੌੜਾਂ ਦੀ ਸਾਂਝੀਦਾਰੀ ਹੋਈ। ਖ਼ਬਰਾਂ ਪੜ੍ਹੇ ਜਾਣ ਤੱਕ 43 ਦੌੜਾਂ ’ਤੇ ਆਸਟਰੇਲੀਆ ਦੇ ਦੋ ਖਿਡਾਰੀ ਆਊਟ ਹੋ ਚੁੱਕੇ ਸਨ।