
ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂ.ਕੇ.
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਅਰ ਸਟਾਰਮਰ ਨੇ ਮੁੰਬਈ ਵਿਚ ਵਿਸ਼ੇਸ਼ ਮੁੱਦਿਆਂ ’ਤੇ ਕੇਂਦਰਿਤ ਦੁਵੱਲੀ ਮੀਟਿੰਗ ਕੀਤੀ ਹੈ। ਇਹ ਜੁਲਾਈ ਮਹੀਨੇ ਵਿਚ ਦੋਵਾਂ ਧਿਰਾਂ ਵਲੋਂ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਭਾਰਤ ਅਤੇ ਯੂਕੇ ਨੇ ਵਿਸ਼ੇਸ਼ ਖਣਿਜਾਂ ਵਿਚ ਵਿਆਪਕ ਸਹਿਯੋਗ ਦਾ ਐਲਾਨ ਕੀਤਾ ਹੈ, ਜਿਸ ਵਿਚ ਫੌਜੀ ਉਪਕਰਨਾਂ ਦਾ ਸਹਿ-ਵਿਕਾਸ ਅਤੇ ਭਾਰਤ ਵਿਚ ਯੂ.ਕੇ. ਅਧਾਰਿਤ ਯੂਨੀਵਰਸਿਟੀਆਂ ਦੇ ਹੋਰ ਕੈਂਪਸ ਖੋਲ੍ਹਣੇ ਸ਼ਾਮਲ ਹਨ। ਬਿ੍ਰਟਿਸ਼ ਪ੍ਰਧਾਨ ਮੰਤਰੀ ਨੇ ਯੂੁ.ਕੇ. ਵਿਚ ਹੋਰ ਬਾਲੀਵੁੱਡ ਫਿਲਮਾਂ ਬਣਾਉਣ ਲਈ ਇਕ ਸੌਦੇ ਦਾ ਐਲਾਨ ਕੀਤਾ ਹੈ। ਮੀਟਿੰਗ ਤੋਂ ਬਾਅਦ ਸਟਾਰਮਰ ਨਾਲ ਇਕ ਸਾਂਝੇ ਪ੍ਰੈਸ ਬਿਆਨ ਵਿਚ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂ.ਕੇ. ਵਿਚਕਾਰ ਤਕਨਾਲੋਜੀ ਭਾਈਵਾਲੀ ਵਿਚ ਬਹੁਤ ਸਮਰੱਥਾ ਹੈ। ਕੀਅਰ ਸਟਾਰਮਰ ਦੇ ਦੋ ਦਿਨਾਂ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਸਟਾਰਮਰ ਨੇ ਮੁੰਬਈ ਵਿਚ ਇਕ ਸਮਾਗਮ ਵਿਚ ਹਿੱਸਾ ਵੀ ਲਿਆ ਸੀ ਅਤੇ ਉਨ੍ਹਾਂ ਨੇ ਫਿਲਮ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਮੁਲਾਕਾਤ ਕੀਤੀ ਸੀ।

