Breaking News
Home / ਭਾਰਤ / ਡਾ. ਮਨਮੋਹਨ ਸਿੰਘ ਨੇ ਕੋਵਿਡ ਮਹਾਮਾਰੀ ਬਾਰੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਡਾ. ਮਨਮੋਹਨ ਸਿੰਘ ਨੇ ਕੋਵਿਡ ਮਹਾਮਾਰੀ ਬਾਰੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਕਿਹਾ – ਮਹਾਂਮਾਰੀ ਨਾਲ ਨਜਿੱਠਣ ਲਈ ਟੀਕਕਰਨ ‘ਚ ਤੇਜ਼ੀ ਲਿਆਉਣਾ ਜ਼ਰੂਰੀ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ‘ਚ ਕੋਵਿਡ-19 ਸੰਕਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਮਹਾਮਾਰੀ ਨਾਲ ਨਜਿੱਠਣ ਲਈ ਟੀਕਾਕਰਨ ‘ਚ ਤੇਜ਼ੀ ਲਿਆਉਣਾ ਮਹੱਤਵਪੂਰਨ ਹੋਵੇਗਾ। ਉਨ੍ਹਾਂ ਐੱਚਆਈਵੀ/ਏਡਜ਼ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਾਂਗ ਵੈਕਸੀਨ ਲਈ ਲੋੜੀਂਦੀ ਲਾਇਸੈਂਸਿੰਗ ਵਿਵਸਥਾ ਲਾਗੂ ਕਰਨ ਸਮੇਤ ਹੋਰ ਸੁਝਾਅ ਪ੍ਰਧਾਨ ਮੰਤਰੀ ਨੂੰ ਦਿੱਤੇ ਹਨ। ਕਾਂਗਰਸ ਦੇ ਸੀਨੀਅਰ ਆਗੂ ਨੇ ਮੋਦੀ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ ਸਿਰਫ਼ ਕੁੱਲ ਗਿਣਤੀ ਨੂੰ ਨਹੀਂ ਦੇਖਣਾ ਚਾਹੀਦਾ ਹੈ ਸਗੋਂ ਕਿੰਨੀ ਫ਼ੀਸਦ ਆਬਾਦੀ ਨੂੰ ਟੀਕਾ ਲੱਗ ਚੁੱਕਿਆ ਹੈ, ਉਸ ਨੂੰ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸਹੀ ਨੀਤੀ ਨਾਲ ਇਸ ਦਿਸ਼ਾ ਵੱਲ ਬਿਹਤਰ ਢੰਗ ਅਤੇ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਜਾ ਸਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਟੀਕਾਕਰਨ ਲਈ ਮੋਹਰੀ ਕਤਾਰ ਦੇ (ਫਰੰਟਲਾਈਨ) ਵਰਕਰਾਂ ਦੇ ਵਰਗ ਤੈਅ ਕਰਨ ‘ਚ ਕੁਝ ਢਿੱਲ ਮਿਲਣੀ ਚਾਹੀਦੀ ਹੈ ਤਾਂ ਕਿ ਜੇ ਉਹ 45 ਸਾਲ ਤੋਂ ਘੱਟ ਉਮਰ ਦੇ ਵੀ ਹਨ ਤਾਂ ਵੀ ਉਨ੍ਹਾਂ ਨੂੰ ਟੀਕਾ ਲੱਗ ਸਕੇ। ਮਨਮੋਹਨ ਸਿੰਘ ਨੇ ਕਿਹਾ ਕਿ ਕੁਝ ਸੂਬੇ ਸਕੂਲ ਅਧਿਆਪਕਾਂ, ਬੱਸ, ਥ੍ਰੀ-ਵ੍ਹੀਲਰ ਅਤੇ ਟੈਕਸੀ ਡਰਾਈਵਰਾਂ, ਨਗਰ ਨਿਗਮ ਤੇ ਪੰਚਾਇਤ ਕਰਮੀਆਂ ਅਤੇ ਵਕੀਲਾਂ ਨੂੰ ਫਰੰਟਲਾਈਨ ਯੋਧਿਆਂ ਦੇ ਵਰਗ ‘ਚ ਸੂਚੀਬੱਧ ਕਰਨਾ ਚਾਹੁੰਦੇ ਹਨ ਅਤੇ ਅਜਿਹੇ ‘ਚ ਉਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੋਣ ‘ਤੇ ਵੀ ਟੀਕਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਗਲੇ ਛੇ ਮਹੀਨਿਆਂ ਦੇ ਟੀਕਿਆਂ ਦੀ ਖੁਰਾਕ ਦੇ ਆਰਡਰ ਅਤੇ ਸਪਲਾਈ ਬਾਰੇ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਹੰਗਾਮੀ ਲੋੜਾਂ ਲਈ 10 ਫ਼ੀਸਦ ਖੁਰਾਕ ਰੱਖ ਸਕਦੀ ਹੈ ਅਤੇ ਸੂਬਿਆਂ ਨੂੰ ਸੰਭਾਵਿਤ ਉਪਲੱਬਧਤਾ ਦਾ ਸਪੱਸ਼ਟ ਸੰਕੇਤ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਯੋਜਨਾ ਤਿਆਰ ਕਰ ਸਕਣ।
ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਵੀ ਕਰੋਨਾ ਪਾਜ਼ੇਟਿਵ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਰੋਨਾ ਹੋਣ ਮਗਰੋਂ ਉਨ੍ਹਾਂ ਨੂੰ ਏਮਸ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 88 ਸਾਲਾ ਮਨਮੋਹਨ ਸਿੰਘ ਨੂੰ ਏਮਸ ਦੇ ਟਰੌਮਾ ਸੈਂਟਰ ‘ਚ ਭਰਤੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮਨਮੋਹਨ ਸਿੰਘ ਨੂੰ ਹਲਕਾ ਬੁਖਾਰ ਸੀ ਅਤੇ ਬਾਅਦ ‘ਚ ਜਾਂਚ ਦੌਰਾਨ ਉਨ੍ਹਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਮਨਮੋਹਨ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਕਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਕਰੋਨਾ ਵਾਇਰਸ ਤੋਂ ਪੀੜਤ ਹਨ।

 

Check Also

ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਵੀ ਭਿ੍ਸ਼ਟਾਚਾਰ ਦੇ ਮਾਮਲੇ ’ਚ ਕੀਤਾ ਗਿ੍ਫਤਾਰ

ਕੇਜਰੀਵਾਲ ਪਹਿਲਾਂ ਹੀ ਇਸੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਹੈ ਬੰਦ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ …