Breaking News
Home / ਭਾਰਤ / ਦਿੱਲੀ ਦੇ ਸ਼ਾਹੀਨ ਬਾਗ ‘ਚ ਧਾਰਾ 144 ਲਾਗੂ

ਦਿੱਲੀ ਦੇ ਸ਼ਾਹੀਨ ਬਾਗ ‘ਚ ਧਾਰਾ 144 ਲਾਗੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰ-ਪੂਰਵੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਦੇ ਇੱਕ ਹਫ਼ਤੇ ਬਾਅਦ ਹਾਲਾਤ ਸ਼ਾਂਤਮਈ ਬਣੇ ਹੋਏ ਸਨ ਪਰ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕੇ ‘ਚੋਂ ਚਾਰ ਹੋਰ ਲਾਸ਼ਾਂ ਮਿਲਣ ਨਾਲ ਸਥਿਤੀ ਫਿਰ ਤਣਾਅ ਭਰੇ ਬਣ ਗਈ ਹੈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਭੇਜੀ ਜਾ ਰਹੀ ਹੈ। ਦੂਜੇ ਪਾਸੇ ਨਾਗਰਿਕਤਾ ਸੋਧ ਐਕਟ ਖ਼ਿਲਾਫ਼ 15 ਦਸੰਬਰ ਤੋਂ ਸ਼ਾਹੀਨ ਬਾਗ ‘ਚ ਮਹਿਲਾਵਾਂ ਵੱਲੋਂ ਲਗਾਏ ਗਏ ਧਰਨੇ ਵਾਲੀ ਥਾਂ ‘ਤੇ ਸੁਰੱਖਿਆ ਸਖ਼ਤ ਕਰਦਿਆਂ ਧਾਰਾ 144 ਲਗਾ ਦਿੱਤੀ ਗਈ ਹੈ। ਵਾਧੂ ਸੁਰੱਖਿਆ ਬਲ ਇਲਾਕੇ ‘ਚ ਤਾਇਨਾਤ ਕਰਕੇ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਪਾਰ ਦੇ ਹਿੰਸਾਗ੍ਰਸਤ ਇਲਾਕੇ ਵਿੱਚੋਂ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਵਿੱਚੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਦਿੱਲੀ ਪੁਲਿਸ ਮੁਤਾਬਕ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਹਿੰਸਕ ਘਟਨਾਵਾਂ ਨਾਲ ਸਬੰਧਤ ਹਨ ਜਾਂ ਹੋਰ ਘਟਨਾ ਨਾਲ। ਪੁਲਿਸ ਮੁਤਾਬਕ ਸਵੇਰੇ ਭਾਗੀਰਥੀ ਡਰੇਨ ਵਿੱਚੋਂ ਇਕ ਲਾਸ਼ ਬਰਾਮਦ ਕੀਤੀ ਗਈ। ਦੂਜੀ ਲਾਸ਼ ਉਸੇ ਡਰੇਨ ਵਿੱਚੋਂ ਦੁਪਹਿਰੇ ਮਿਲੀ ਤੇ ਤੀਜੀ ਲਾਸ਼ ਗੋਕਲਪੁਰੀ ‘ਚ ਇਕ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਚੌਥੀ ਲਾਸ਼ ਸ਼ਿਵ ਵਿਹਾਰ ਥਾਣੇ ਵਿੱਚੋਂ ਇਕ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਪੁਲਿਸ ਲਾਸ਼ਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਉੱਧਰ ਸੱਜੇ ਪੱਖੀ ਜਥੇਬੰਦੀ ਹਿੰਦੂ ਸੈਨਾ ਵੱਲੋਂ ਸ਼ਾਹੀਨ ਬਾਗ ਵਾਲੀ ਸੜਕ ਖਾਲੀ ਕਰਵਾਉਣ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਵਧਾਨੀ ਵਜੋਂ ਇੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਦੱਖਣ-ਪੂਰਬੀ ਦਿੱਲੀ ਦੇ ਡੀਸੀਪੀ ਆਰਪੀ ਮੀਣਾ ਨੇ ਕਿਹਾ ਕਿ ਸੜਕ ਖਾਲੀ ਕਰਨ ਬਾਰੇ ਕੀਤਾ ਜਾਣਾ ਵਾਲਾ ਪ੍ਰਦਰਸ਼ਨ ਦਿੱਲੀ ਪੁਲਿਸ ਦੇ ਦਖ਼ਲ ਮਗਰੋਂ ਰੱਦ ਕਰ ਦਿੱਤਾ ਗਿਆ ਸੀ ਪਰ ਸਾਵਧਾਨੀ ਵਜੋਂ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਹਨ। ਅਧਿਕਾਰੀਆਂ ਮੁਤਾਬਕ 12 ਕੰਪਨੀਆਂ ਸ਼ਾਹੀਨ ਬਾਗ਼ ਇਲਾਕੇ ‘ਚ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਉੱਤਰ-ਪੂਰਵੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਹਾਲਾਤ ਸ਼ਾਂਤ ਪਰ ਤਣਾਅ ਵਾਲੇ ਬਣੇ ਹੋਏ ਹਨ। ਵੱਡੀ ਗਿਣਤੀ ‘ਚ ਪੁਲਿਸ ਤੈਨਾਤ ਹੋਣ ਕਾਰਨ ਮੁੱਖ ਮਾਰਗਾਂ ‘ਤੇ ਹੁਣ ਆਵਾਜਾਈ ‘ਚ ਵਾਧਾ ਨਜ਼ਰ ਆਇਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ।
ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਵਾਂਗੇ: ਸ਼ਾਹ
ਕੋਲਕਾਤਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਤਹਿਤ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੱਕ ਰੁਕੇਗੀ ਨਹੀਂ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਕਾਰਨ ਇਕ ਵੀ ਵਿਅਕਤੀ ਆਪਣੀ ਨਾਗਰਿਕਤਾ ਨਹੀਂ ਗੁਆਵੇਗਾ। ਉਨ੍ਹਾਂ ਤ੍ਰਿਣਮੂਲ ਕਾਂਗਰਸ ਸਣੇ ਸਾਰੀਆਂ ਵਿਰੋਧੀ ਧਿਰਾਂ ‘ਤੇ ਸ਼ਰਨਾਰਥੀਆਂ ਅਤੇ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਸ਼ਾਹ ਨੇ ਕਿਹਾ, ”ਵਿਰੋਧੀ ਧਿਰ ਘੱਟ ਗਿਣਤੀਆਂ ‘ਚ ਦਹਿਸ਼ਤ ਫੈਲਾ ਰਹੀ ਹੈ। ਮੈਂ ਘੱਟ ਗਿਣਤੀ ਵਰਗ ਦੇ ਹਰੇਕ ਵਿਅਕਤੀ ਨੂੰ ਭਰੋਸਾ ਦਿੰਦਾ ਹਾਂ ਕਿ ਨਾਗਰਿਕਤਾ ਸੋਧ ਕਾਨੂੰਨ ਸਿਰਫ਼ ਨਾਗਰਿਕਤਾ ਦਿੰਦਾ ਹੈ, ਖੋਂਹਦਾ ਨਹੀਂ ਹੈ। ਇਹ ਤੁਹਾਡੀ ਨਾਗਰਿਕਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ।” ਉਨ੍ਹਾਂ ਕਿਹਾ, ”ਵਿਰੋਧੀ ਪਾਰਟੀਆਂ ਇਹ ਅਫ਼ਵਾਹ ਫੈਲਾ ਰਹੀਆਂ ਹਨ ਕਿ ਸ਼ਰਨਾਰਥੀਆਂ ਨੂੰ ਦਸਤਾਵੇਜ਼ ਦਿਖਾਉਣੇ ਹੋਣਗੇ ਪਰ ਇਹ ਬਿਲਕੁਲ ਗਲਤ ਹੈ। ਤੁਹਾਨੂੰ ਕੋਈ ਦਸਤਾਵੇਜ਼ ਨਹੀਂ ਦਿਖਾਉਣਾ ਹੋਵੇਗਾ। ਅਸੀਂ ਹਰੇਕ ਸ਼ਰਨਾਰਥੀ ਨੂੰ ਨਾਗਰਿਕਤਾ ਦਿੱਤੇ ਬਿਨਾਂ ਨਹੀਂ ਰੁਕਾਂਗੇ।”
ਕਾਂਗਰਸੀ ਆਗੂਆਂ ਨੇ ਦਿੱਲੀ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ
ਰਾਹੁਲ ਨੇ ਕਿਹਾ-ਹਿੰਸਾ ਨਾਲ ਦੁਨੀਆ ‘ਚ ਭਾਰਤ ਦੀ ਸਾਖ ਨੂੰ ਪਹੁੰਚੀ ਠੇਸ
ਨਵੀਂ ਦਿੱਲੀ : ਕਾਂਗਰਸੀ ਆਗੂਆਂ ਨੇ ਅੱਜ ਦਿੱਲੀ ਵਿਚ ਹਿੱਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਇਸ ਮੌਕੇ ਰਾਹੁਲ ਗਾਂਧੀ ਵੀ ਕਾਂਗਰਸੀ ਆਗੂਆਂ ਦੇ ਨਾਲ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ਵਿਚ ਹੋਈ ਫਿਰਕੂ ਹਿੰਸਾ ਨਾਲ ਦੁਨੀਆ ਭਰ ਵਿਚ ਭਾਰਤ ਦੀ ਸ਼ਾਖ ਨੂੰ ਠੇਸ ਪਹੁੰਚੀ ਹੈ। ਕਾਂਗਰਸੀ ਆਗੂਆਂ ਨੇ ਬਰਿਜਪੁਰੀ ਖੇਤਰ ਵਿਚ ਉਸ ਸਕੂਲ ਦਾ ਦੌਰਾ ਵੀ ਕੀਤਾ ਸੀ, ਜਿਸ ਨੂੰ ਹਿੰਸਾ ਦੌਰਾਨ ਸਾੜ ਦਿੱਤਾ ਗਿਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹੀ ਹਿੰਸਾ ਨੇ ਹਿੰਦੁਸਤਾਨ ਅਤੇ ਭਾਰਤ ਮਾਤਾ ਨੂੰ ਨੁਕਸਾਨ ਪਹੁੰਚਾਇਆ ਹੈ। ਜ਼ਿਕਰਯੋਗ ਹੈ ਕਿ ਇਸ ਫਿਰਕੂ ਹਿੰਸਾ ਕਾਰਨ 47 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਅਤੇ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਸਨ। ਦਿੱਲੀ ਹਿੰਸਾ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਵੀ ਹੰਗਾਮਾ ਹੋਇਆ।
ਦਿੱਲੀ ਹਿੰਸਾ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ : ‘ਆਪ’
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਿੱਲੀ ‘ਚ ਹੋਏ ਫਿਰਕੂ ਦੰਗਿਆਂ ਦੇ ਮੁੱਦੇ ‘ਤੇ ਸੰਸਦੀ ਕੰਪਲੈਕਸ ਅੰਦਰ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਪਿਛਲੇ ਹਫ਼ਤੇ ਹੋਈ ਹਿੰਸਾ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਸੰਸਦੀ ਕੰਪਲੈਕਸ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਪ੍ਰਦਰਸ਼ਨ ਦੌਰਾਨ ‘ਆਪ’ ਦੇ ਸੰਸਦ ਮੈਂਬਰਾਂ ਭਗਵੰਤ ਮਾਨ, ਸੰਜੈ ਸਿੰਘ, ਐੱਨ ਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਹਾਜ਼ਰ ਸਨ ਅਤੇ ਉਨ੍ਹਾਂ ‘ਭਾਜਪਾ ਮੁਰਦਾਬਾਦ’ ਜਿਹੇ ਨਾਅਰੇ ਵੀ ਲਗਾਏ। ਸੰਜੈ ਸਿੰਘ ਨੇ ਕਿਹਾ,”ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਚਾਹੁੰਦੇ ਹਾਂ। ਹਿੰਸਾ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਦੰਗਿਆਂ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਸੰਸਦ ‘ਚ ਬਹਿਸ ਕਿਉਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਗੂਆਂ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਦੇ ਨਫ਼ਰਤੀ ਅਤੇ ਭੜਕਾਊ ਭਾਸ਼ਣਾਂ ਨੇ ਦਿੱਲੀ ‘ਚ ਅੱਗ ਲਗਾਈ।

Check Also

ਗੌਤਮ ਅਡਾਨੀ ‘ਤੇ ਨਿਊਯਾਰਕ ਵਿਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਯਾਰਕ ਦੀ ਫੈਡਰਲ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਗੌਤਮ ਅਡਾਨੀ ਸਣੇ …