17.5 C
Toronto
Monday, August 24, 2026
spot_img
Homeਪੰਜਾਬਆਮ ਆਦਮੀ ਪਾਰਟੀ ਹੁਣ ਨਵੇਂ ਨਾਅਰੇ ਨਾਲ ਚੋਣ ਮੈਦਾਨ ਵਿਚ ਉਤਰੀ

ਆਮ ਆਦਮੀ ਪਾਰਟੀ ਹੁਣ ਨਵੇਂ ਨਾਅਰੇ ਨਾਲ ਚੋਣ ਮੈਦਾਨ ਵਿਚ ਉਤਰੀ

ਆਮ ਆਦਮੀ ਪਾਰਟੀ ਹੁਣ ਨਵੇਂ ਨਾਅਰੇ ਨਾਲ ਚੋਣ ਮੈਦਾਨ ਵਿਚ ਉਤਰੀ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ’
ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ‘ਇਕ ਮੌਕਾ ਕੇਜਰੀਵਾਲ ਨੂੰ’ ਦਿੱਤਾ ਨਾਅਰਾ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਨਵਾਂ ਨਾਅਰਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ’ ਦਿੱਤਾ ਹੈ। ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਭਗਵੰਤ ਮਾਨ ਨੇ ਜਲੰਧਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਪਿੱਛੇ ਲੱਗੇ ਨਾਅਰੇ ਦੇ ਬੋਰਡ ਵੱਲ ਇਸ਼ਾਰਾ ਕੀਤਾ ਕਿ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ’।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਇਕ ਮੌਕਾ ਕੇਜਰੀਵਾਲ ਨੂੰ’ ਦੇ ਨਾਅਰੇ ਦੀ ਆਲੋਚਨਾ ਕਰਦੇ ਆ ਰਹੇ ਸਨ। ਭਗਵੰਤ ਮਾਨ ਨੇ ਪਾਰਟੀ ਦੇ ਇਸ ਨਵੇਂ ਨਾਅਰੇ ਨੂੰ ਰਸਮੀ ਤੌਰ ‘ਤੇ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ, ਇਸ ਲਈ ਲੋਕ ਕਾਂਗਰਸ ਤੋਂ ਧੋਖਾ ਖਾ ਕੇ ਅਕਾਲੀਆਂ ਨੂੰ ਵੋਟ ਦੇ ਦਿੰਦੇ ਸਨ ਅਤੇ ਅਕਾਲੀਆਂ ਤੋਂ ਧੋਖਾ ਖਾ ਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਸਨ। ਇਸ ਵਾਰ ਪੰਜਾਬ ਦੇ ਲੋਕ ਧੋਖਾ ਨਹੀਂ ਖਾਣਗੇ। ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਵਧੀਆ ਬਦਲ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਪਾਰਟੀ ਦੇ ਭਰੋਸੇ ਦੀ ਬਦੌਲਤ ਹੀ ਉਹ ਸਾਧਾਰਨ ਪਰਿਵਾਰ ਅਤੇ ਛੋਟੇ ਜਿਹੇ ਪਿੰਡ ‘ਚੋਂ ਨਿਕਲ ਕੇ ਅੱਜ ਇੱਥੇ ਪੁੱਜ ਸਕੇ ਹਨ। ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਵਧਣ ਨਾਲ ਉਨ੍ਹਾਂ ਦਾ ਹੌਸਲਾ ਵੀ ਵਧਿਆ ਹੈ ਤੇ ਹੁਣ ਉਹ ਦੋਹਰੇ ਜੋਸ਼ ਨਾਲ ਦਿਨ-ਰਾਤ ਕੰਮ ਕਰ ਰਹੇ ਹਨ।
ਕਾਂਗਰਸ ‘ਤੇ ਸਿਆਸੀ ਨਿਸ਼ਾਨਾ ਲਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦਾ ਵੀ ਡਬਲ ਇੰਜਣ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕਈ ਇੰਜਣ ਹਨ, ਜਿਹੜੇ ਆਪਸ ਵਿੱਚ ਹੀ ਟੱਕਰਾਂ ਮਾਰ ਰਹੇ ਹਨ। ਕਾਂਗਰਸ ਦੇ ਸਾਰੇ ਵੱਡੇ ਆਗੂ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਦੀ ਬਜਾਏ ਸੱਤਾ ਲਈ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਨ ਅਤੇ ਖਿੱਚੋਤਾਣ ਵਿੱਚ ਲੱਗੇ ਹੋਏ ਹਨ।

 

RELATED ARTICLES
POPULAR POSTS