ਪੰਜਾਬ ਦੇ ਪੰਜ ਰੋਜ਼ਾ ਦੌਰੇ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਨੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਕੀਤੀ
ਸੰਗਰੂਰ/ਬਿਊਰੋ ਨਿਊਜ਼
ਪੰਜਾਬ ਦੇ ਪੰਜ ਰੋਜ਼ਾ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਆਪਣੇ ਦੌਰੇ ਦੀ ਸ਼ੁਰੂਆਤ ਪੇਂਡੂ ਖੇਤਰ ਤੋਂ ਕਰਕੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਪਾਰੀ ਵਰਗ ਨਾਲ ਵੀ ਬੈਠਕ ਕੀਤੀ ਤੇ ਸਾਫ਼ ਆਖਿਆ ਕਿ ਅਸੀਂ ਆਪਣਾ ਚੋਣ ਮੈਨੀਫੈਸਟੋ ਆਮ ਲੋਕਾਂ ਦੀ ਰਾਏ ਨਾਲ ਬਣਾਵਾਂਗੇ ਅਤੇ ਦੋ ਮਹੀਨਿਆਂ ਵਿਚ ਪੰਜਾਬ ‘ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀ ਕਰ ਗਏ ਮਜ਼ਦੂਰਾਂ ਤੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਰੋਗ ਦੀ ਪਛਾਣ ਕਰਨ ਲਈ ਪੰਜਾਬ ਦਾ ਦੌਰਾ ਕਰ ਰਹੇ ਹਨ। ਇਲਾਜ ਵਜੋਂ ਫਿਲਹਾਲ ਉਹ ਕਰਜ਼ੇ ਲਈ ਮੁੱਖ ਤੌਰ ਉੱਤੇ ਫਸਲ ਦੇ ਨੁਕਸਾਨ ਤੇ ਸਿਹਤ ਉੱਤੇ ਵਧ ਰਹੇ ਖਰਚ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੰਜਾਬ ਵਿੱਚ ਆਪ ਸਰਕਾਰ ਆਉਣ ਉੱਤੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਮੁਫ਼ਤ ਦੇਣ ਅਤੇ ਫਸਲਾਂ ਦੇ ਨੁਕਸਾਨ ਲਈ ਦਿੱਲੀ ਦੀ ਤਰਜ਼ ਉੱਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਰਾਹਤ ਦੇਣ ਦਾ ਵਾਅਦਾ ਵੀ ਕਰ ਰਹੇ ਹਨ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜਾਂ, ਛਾਜਲੀ ਅਤੇ ਲੇਹਲ ਕਲਾਂ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਕੇਜਰੀਵਾਲ ਨੇ ਆਪਣੇ ਸੰਖੇਪ ਭਾਸ਼ਣਾਂ ਵਿੱਚ ਕਿਹਾ ਕਿ ਉਹ ਪੰਜਾਬ ਵਿੱਚ ਘੁੰਮ ਕੇ ਲੋਕਾਂ ਤੋਂ ਸਮੱਸਿਆ ਤੇ ਹੱਲ ਦੋਵੇਂ ਜਾਨਣ ਦੀ ਕੋਸ਼ਿਸ਼ ਕਰਨਗੇ। ਸੁਨਾਮ ਵਿੱਚ ਵਪਾਰੀਆਂ ਨੂੰ ਇੰਸਪੈਕਟਰ ਰਾਜ ਤੋਂ ਛੁਟਕਾਰਾ ਦਿਵਾਉਣ ਦਾ ਵਾਅਦਾ ਕਰਦਿਆਂ ਪੰਜਾਬ ਵਿੱਚ ਇਮਾਨਦਾਰ ਸਰਕਾਰ ਲਿਆਉਣ ਦਾ ਸੱਦਾ ਦਿੱਤਾ। ਉਹ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਸੰਗਠਨ ਇੰਚਾਰਜ ਦੁਰਗੇਸ਼ ਪਾਠਕ, ਪੰਜਾਬ ਦੇ ਇੰਚਾਰਜ ਸੰਜੈ ਸਿੰਘ ਸਮੇਤ ਪੀੜਤਾਂ ਦੇ ਘਰ ਜਾ ਰਹੇ ਹਨ।
ਪੰਥਕ ਪਛਾਣ ਦੀ ਪੰਜਾਬ ਵਿੱਚ ਚੱਲਣ ਵਾਲੀ ਸਿਆਸਤ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਧਰਮ ਵਿਸ਼ੇਸ਼, ਜਾਤ ਜਾਂ ਹੋਰ ਪਛਾਣ ਦੇ ਆਧਾਰ ਉੱਤੇ ਚੋਣ ਮੈਦਾਨ ਵਿੱਚ ਨਹੀਂ ਉਤਰਦੀ। ਉਨ੍ਹਾਂ ਅਕਾਲੀ-ਭਾਜਪਾ ਤੇ ਕਾਂਗਰਸ ਉੱਤੇ ਅੰਦਰਖਾਤੇ ਗਠਜੋੜ ਦਾ ਦੋਸ਼ ਲਾਇਆ।
ਕਿਸਾਨੀ ਸੰਕਟ ਦਾ ਹੱਲ ਉਨ੍ਹਾਂ ਨਾਲ ਗੱਲਬਾਤ ਰਾਹੀਂ ਹੀ ਕੱਢਾਂਗੇ
ਲੇਹਲ ਕਲਾਂ ਵਿੱਚ ਗੱਲਬਾਤ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਤੋਂ ਕਿਸੇ ਮਨੌਤ ਦੇ ਆਧਾਰ ਉੱਤੇ ਫੈਸਲਾ ਕਰਨ ਦੇ ਬਜਾਇ ਉਹ ਲੋਕਾਂ ਨਾਲ ਸੰਵਾਦ ਰਚਾ ਕੇ ਹੱਲ ਤਲਾਸ਼ਣ ਦੇ ਰਾਹ ਉੱਤੇ ਚੱਲ ਰਹੇ ਹਨ। ਖੇਤੀ ਸੰਕਟ ਲਈ ਕਿਸੇ ਘੜੇ ਘੜਾਏ ਤਰਕ ਨੂੰ ਜ਼ਿੰਮੇਵਾਰ ਸਮਝਣ ਜਾਂ ਨਾ ਸਮਝਣ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਵਿੱਚੋਂ ਹੀ ਸੰਕਟ ਦਾ ਹੱਲ ਨਿਕਲੇਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …