Breaking News
Home / ਪੰਜਾਬ / ਗੁਰਦੁਆਰਿਆਂ ਦੀਆਂ ਗੋਲਕਾਂ ‘ਚੋਂ ਨਿਕਲੀ 30.45 ਲੱਖ ਰੁਪਏ ਦੀ ਪੁਰਾਣੀ ਕਰੰਸੀ

ਗੁਰਦੁਆਰਿਆਂ ਦੀਆਂ ਗੋਲਕਾਂ ‘ਚੋਂ ਨਿਕਲੀ 30.45 ਲੱਖ ਰੁਪਏ ਦੀ ਪੁਰਾਣੀ ਕਰੰਸੀ

ਅੰਮ੍ਰਿਤਸਰ : ਨੋਟਬੰਦੀ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਅਜੇ ਤੱਕ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਵੀ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ‘ਚ ਪੁਰਾਣੇ ਨੋਟ ਚੜ੍ਹਾਉਂਦੇ ਰਹੇ। ਹੁਣ ਇਹ ਰਾਸ਼ੀ 30.45 ਲੱਖ ਤੱਕ ਪਹੁੰਚ ਚੁੱਕੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਕੋਲ ਪਈ ਇਹ ਪੁਰਾਣੀ ਕਰੰਸੀ ਮੁਸੀਬਤ ਬਣ ਗਈ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੁਰਾਣੇ ਨੋਟਾਂ ਨੂੰ ਬਦਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਐਸਜੀਪੀਸੀ ਨੇ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਗਵਰਨਰ ਨੂੰ ਪੱਤਰ ਭੇਜਿਆਹੈ ਪ੍ਰੰਤੂ ਆਰਬੀਆਈ ਨੇ ਕੋਈ ਜਵਾਬ ਨਹੀਂ ਦਿੱਤਾ। ਆਰਬੀਆਈ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ 31 ਮਾਰਚ 2017 ਤੋਂ ਬਾਅਦ ਇਕ ਵੀ ਪੁਰਾਣੀ ਕਰੰਸੀ ਨੋਟ ਬਦਲਿਆ ਨਹੀਂ ਜਾਵੇਗਾ। ਸਰਕਾਰ ਨੇ ਹੁਕਮ ਦਿੱਤੇ ਸਨ ਕਿ ਇਸ ਤੋਂ ਬਾਅਦ ਜਿਸ ਕਿਸੇ ਕੋਲ ਵੀ ਪੁਰਾਣੀ ਕਰੰਸੀ ਦੇ ਨੋਟ ਮਿਲਦੇ ਹਨ, ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਐਸਜੀਪੀਸੀ ਇਨ੍ਹਾਂ ਨੋਟਾਂ ਨੂੂੰ ਬਦਲਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ 2016 ਦੀ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਲੈਣ-ਦੇਣ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਸਾਰੇ ਲੋਕਾਂ ਅਤੇ ਸੰਸਥਾਵਾਂ ਨੂੰ 31 ਦਸੰਬਰ 2016 ਤੱਕ ਪੁਰਾਣੇ ਨੋਟ ਬੈਂਕ ‘ਚ ਜਮ੍ਹਾਂ ਕਰਵਾ ਕੇ ਇਨ੍ਹਾਂ ਨੂੰ ਨਵੀਂ ਕਰੰਸੀ ‘ਚ ਬਦਲਣ ਲਈ ਕਿਹਾ ਗਿਆ ਸੀ। ਬਾਅਦ ‘ਚ ਇਹ ਸਮਾਂ ਸੀਮਾ 31 ਮਾਰਚ 2017 ਤੱਕ ਕਰ ਦਿੱਤੀ ਗਈ ਸੀ।
ਐਸਜੀਪੀਸੀ ਨੂੰ ਹੁਣ ਵੀ ਹੈ ਆਸ
ਐਸਜੀਪੀਸੀ ਨੂੰ ਆਸ ਹੈ ਕਿ ਉਨ੍ਹਾਂ ਦੀ ਪੁਰਾਣੀ ਕਰੰਸੀ ਨਵੀਂ ਕਰੰਸੀ ‘ਚ ਤਬਦੀਲ ਹੋ ਜਾਵੇਗੀ। ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਅਸੀਂ ਪੁਰਾਣੀ ਕਰੰਸੀ ਨਾਲ ਸਬੰਧਤ ਸਾਰਾ ਰਿਕਾਰਡ ਸੰਭਾਲ ਕੇ ਰੱਖਿਆ ਹੈ। ਐਸਜੀਪੀਸੀ ਨੇ ਦੂਜੀ ਵਾਰ ਆਰਬੀਆਈ ਨੂੰ ਪੱਤਰ ਲਿਖਿਆ ਹੈ ਪ੍ਰੰਤੂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਉਮੀਦ ਹੈ ਕਿ ਕੋਈ ਰਸਤਾ ਜ਼ਰੂਰ ਨਿਕਲੇਗਾ।
ਮਾਹਿਰਾਂ ਦੀ ਰਾਏ… : ਲੋਕ ਸਭਾ ‘ਚ ਬਿਲ ਲਿਆ ਕੇ ਹੀ ਦਿੱਤੀ ਜਾ ਸਕਦੀ ਹੈ ਰਾਹਤ
ਇਕ ਵੱਡੇ ਰਾਸ਼ਟਰੀ ਬੈਂਕ ਦੇ ਰੀਜਨਲ ਮੈਨੇਜਰ ਨੇ ਦੱਸਿਆ ਕਿ ਹੁਣ ਪੁਰਾਣੀ ਕਰੰਸੀ ਦਾ ਕੋਈ ਵੀ ਨੋਟ ਬਦਲਿਆ ਹੀਂ ਜਾ ਸਕਦਾ। ਵਿੱਤ ਮੰਤਰਾਲੇ ਨੇ ਪੁਰਾਣੀ ਕਰੰਸੀ ਰੱਖਣ ਵਾਲਿਆਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਹੁਣ ਲੋਕ ਸਭਾ ‘ਚ ਬਿਲ ਲਿਆ ਕੇ ਹੀ ਰਾਹਤ ਦਿੱਤੀ ਜਾ ਸਕਦੀ ਹੈ। ਜੋ ਕਾਫ਼ੀ ਮੁਸ਼ਕਿਲ ਹੈ।
ਸ਼ਰਧਾ ‘ਤੇ ਭਾਰੂ ਨੋਟਬੰਦੀ
ੲ ਆਰਬੀਆਈ ਦਾ ਨੋਟ ਬਦਲਣ ਤੋਂ ਇਨਕਾਰ, ਐਸਜੀਪੀਸੀ ਨੇ ਦੁਬਾਰਾ ਲਿਖਿਆ ਗਵਰਨਰ ਨੂੰ ਪੱਤਰ
ੲ 8 ਨਵਬੰਰ 2016 ਦੀ ਰਾਤ ਨੂੰ ਬੰਦ ਹੋ ਗਏ ਸਨ 500 ਅਤੇ 1000 ਰੁਪਏ ਦੇ ਕਰੰਸੀ ਨੋਟ
ਐਸਜੀਪੀਸੀ ਦੇ ਕੋਲ ਪਈ ਪੁਰਾਣੀ ਕਰੰਸੀ ਦੀ ਜਾਂਚ ਹੋਵੇ : ਸਿਮਰਨਜੀਤ ਮਾਨ
ਅੰਮ੍ਰਿਤਸਰ : ਨੋਟਬੰਦੀ ਤੋਂ ਬਾਅਦ ਐਸਜੀਪੀਸੀ ਦੇ ਕੋਲ ਜਮ੍ਹਾਂ ਲਗਭਗ 30 ਲੱਖ 45 ਹਜ਼ਾਰ ਰੁਪਏ ਦੀ ਪੁਰਾਣੀ ਕਰੰਸੀ ਦੇ ਮਾਮਲੇ ‘ਤੇ ਸਵਾਲ ਖੜ੍ਹਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਜਦੋਂ ਸਰਕਾਰ ਨੇ ਬੈਨ ਕੀਤੀ ਗਈ ਕਰੰਸੀ ਨੂੰ ਬਦਲਵਾਉਣ ਦਾ ਸਮਾਂ ਦਿੱਤਾ ਸੀ ਤਾਂ ਐਸਜੀਪੀਸੀ ਨੇ ਉਸ ਨੂੰ ਜਮ੍ਹਾਂ ਕਿਉਂ ਨਹੀਂ ਕਰਵਾਇਆ। ਐਸਜੀਪੀਸੀ ਦੇ ਕੋਲ ਸ੍ਰੀ ਦਰਬਾਰ ਸਾਹਿਬ ਅਤੇ ਦੂਜੇ ਗੁਰਦੁਆਰਿਆਂ ਦੀਆਂ ਗੋਲਕਾਂ ‘ਚ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਪੁਰਾਣੀ ਕਰੰਸੀ ਦੇ 500 ਅਤੇ 1000 ਰੁਪਏ ਦੇ ਨੋਟ ਜਮ੍ਹਾਂ ਹਨ ਜਿਨ੍ਹਾਂ ਨੂੰ ਬਦਲਣ ਦੇ ਲਈ ਐਸਜੀਪੀਸੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਦੂਜੀ ਵਾਰ ਪੱਤਰ ਲਿਖਿਆ ਹੈ। ਐਸਜੀਪੀਸੀ ਦੇ ਚੀਫ਼ ਸੈਕਟਰੀ ਡਾ. ਰੂਪ ਸਿੰਘ ਨੇ ਆਪਣੇ ਪੱਤਰ ‘ਚ ਆਰਬੀਆਈ ਗਵਰਨਰ ਨੂੰ ਇਨ੍ਹਾਂ ਪੁਰਾਣੇ ਨੋਟਾਂ ਨੂੰ ਬਦਲ ਕੇ ਇਨ੍ਹਾਂ ਦੀ ਜਗ੍ਹਾ ਨਵੀਂ ਕਰੰਸੀ ਦੇਣ ਦੀ ਅਪੀਲ ਕੀਤੀ ਹੈ। ਮਾਨ ਦਾ ਕਹਿਣਾ ਹੈ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਐਸਜੀਪੀਸੀ ਅਧਿਕਾਰੀਆਂ ਨੇ ਆਪਣੀ ਨਿੱਜੀ ਕਰੰਸੀ ਗੁਰੂ ਦੀ ਗੋਲਕ ‘ਚੋਂ ਬਦਲ ਲਈ ਹੋਵੇ ਅਤੇ ਹੁਣ ਨਾਂ ਸੰਗਤ ਦਾ ਲੈ ਰਹੇ ਹੋਣ। ਇਸ ਦੀ ਉਚ ਪੱਧਰੀ ਜਾਂਚ ਹੋਵੇ ਤਾਂ ਕਿ ਹਕੀਕਤ ਸਾਹਮਣੇ ਆ ਸਕੇ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …