ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਏਜੀ ਹੋਣਗੇ!
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ। ਉਨ੍ਹਾਂ ਨੇ ਇਸ ਗੱਲ ਦੀ ਖੁਦ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਵਿਚ ਕਿਸੇ ਨੂੰ ਨਹੀਂ ਜਾਣਦੇ ਅਤੇ ਸਰਕਾਰ ਨੇ ਖੁਦ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਵਿਨੋਦ ਘਈ ਨੇ ਕਿਹਾ ਕਿ ਉਹ ਸਰਕਾਰ ਵਲੋਂ ਦਾਇਰ ਮਾਮਲਿਆਂ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਲੰਘੇ ਮਾਰਚ ਮਹੀਨੇ ਨਿਯੁਕਤ ਕੀਤਾ ਗਿਆ ਸੀ। ਅਨਮੋਲ ਰਤਨ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਭੇਜਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਏ.ਜੀ. ਦਾ ਅਸਤੀਫਾ 19 ਜੁਲਾਈ ਨੂੰ ਹੀ ਸਰਕਾਰ ਕੋਲ ਪਹੁੰਚ ਗਿਆ ਸੀ। ਜਿਸ ਤਰੀਕ ਨੂੰ ਅਨਮੋਲ ਰਤਨ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਉਸੇ ਦਿਨ ਹੀ ਬੰਦੀ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਸੀ। ਜਿਸ ਦੌਰਾਨ ਉਨ੍ਹਾਂ ਦੇ ਦਫਤਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਪੰਜ ਵਾਰ ਰਿਹਾਈ ਦੀ ਮਨਜੂਰੀ ਭੇਜ ਚੁੱਕੀ ਹੈ। ਇਹ ਮਾਮਲਾ ਦਿੱਲੀ ਸਰਕਾਰ ਕੋਲ ਪੈਂਡਿੰਗ ਹੈ। ਹਾਲਾਂਕਿ ਅਨਮੋਲ ਰਤਨ ਸਿੰਘ ਸਿੱਧੂ ਨੇ ਆਪਣੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸਿਆ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …