ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨਾਂ ਕੱਟੇ
ਬਠਿੰਡਾ/ਬਿਊਰੋ ਨਿਊਜ਼ : ਪਾਵਰਕੌਮ ਨੇ ਹੁਣ ਬਿਜਲੀ ਬਿੱਲ ਨਾ ਤਾਰਨ ਵਾਲੇ ‘ਵੱਡੇ ਅਫਸਰਾਂ’ ਨੂੰ ਝਟਕਾ ਦਿੱਤਾ ਹੈ। ਮੈਨੇਜਮੈਂਟ ਨੇ ਡਿਫਾਲਟਰ ਅਫਸਰਾਂ ਦੇ ਕੁਨੈਕਸ਼ਨ ਕੱਟਣ ਦੀ ਹਦਾਇਤ ਕੀਤੀ ਹੈ, ਜਿਸ ਮਗਰੋਂ ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਬਾਦਲ ਦੇ ਖੇਡ ਸਟੇਡੀਅਮ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਵੱਲ ਤਿੰਨ ਲੱਖ ਰੁਪਏ ਖੜ੍ਹੇ ਸਨ। ਐਕਸੀਅਨ ਹਰੀਸ਼ ਗੋਠਵਾਲ ਨੇ ਦੱਸਿਆ ਕਿ ਕੁਨੈਕਸ਼ਨ ਕੱਟਣ ਮਗਰੋਂ ਸਟੇਡੀਅਮ ਪ੍ਰਬੰਧਕ ਇੱਕ ਲੱਖ ਰੁਪਏ ਭਰ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੰਬੀ ਹਲਕੇ ਵਿੱਚ ਤਕਰੀਬਨ 100 ਡਿਫਾਲਟਰ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਜ਼ੀਰਾ ਦੇ ਤਹਿਸੀਲਦਾਰ ਦੇ ਦਫ਼ਤਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ, ਜਿਸ ਵੱਲ ਕਰੀਬ 98 ਹਜ਼ਾਰ ਬਕਾਇਆ ਹੈ। ਜੁਡੀਸ਼ਲ ਕੰਪਲੈਕਸ ਜ਼ੀਰਾ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਐਕਸੀਅਨ ਨੇ ਦੱਸਿਆ ਕਿ ਜੁਡੀਸ਼ਲ ਕੰਪਲੈਕਸ ਵੱਲ 5.50 ਲੱਖ ਰੁਪਏ ਦਾ ਬਿਜਲੀ ਬਿੱਲ ਖੜ੍ਹਾ ਹੈ, ਜਿਸ ਕਰਕੇ ਕੁਨੈਕਸ਼ਨ ਕੱਟਿਆ ਗਿਆ ਹੈ। ਬਠਿੰਡਾ ਦੀ ਨਵੀਂ ਜੇਲ੍ਹ ਵੀ 84 ਲੱਖ ਰੁਪਏ ਦੀ ਡਿਫਾਲਟਰ ਹੈ, ਜਿਸ ਨੂੰ ਪਾਵਰਕੌਮ ਨੇ ਇੱਕ ਵਾਰ ਹਲਕਾ ਜਿਹਾ ਝਟਕਾ ਦਿੱਤਾ ਹੈ, ਜਿਸ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਬਕਾਏ ਕਲੀਅਰ ਕਰਨ ਦਾ ਭਰੋਸਾ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਦਰਜਨ ਜਲ ਘਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ। ਗੁਰੂਹਰਸਹਾਏ ਦੇ ਐਸਡੀਐਮ ਦਫ਼ਤਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਇਸ ਤੋਂ ਇਲਾਵਾ ਗੁਰੂਹਰਸਹਾਏ ਦੇ ਤਿੰਨ ਸੁਵਿਧਾ ਕੇਂਦਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ ਅਤੇ ਪਿੰਡ ਘੁਬਾਇਆ ਦੇ ਸੁਵਿਧਾ ਕੇਂਦਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਫਿਰੋਜ਼ਪੁਰ ਸਰਕਲ ਦੇ ਨਿਗਰਾਨ ਇੰਜਨੀਅਰ ਐਮ.ਪੀ.ਐਸ ਢਿੱਲੋਂ ਨੇ ਕਿਹਾ ਕਿ ਜੋ ਵੱਡੇ ਸਰਕਾਰੀ ਦਫ਼ਤਰ ਡਿਫਾਲਟਰ ਹਨ, ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਮੁਹਿੰਮ ਚਲਾਈ ਗਈ ਹੈ ਜਿਸ ਮਗਰੋਂ ਵਸੂਲੀ ਦਰ ਵੀ ਵਧੀ ਹੈ। ઠਫਿਰੋਜ਼ਪੁਰ ਜੇਲ੍ਹ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮਾਨਸਾ ਵਿਚ ਅੱਠ ਦੇ ਕਰੀਬ ਸਰਕਾਰੀ ਆਰ.ਓ ਪਲਾਂਟਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਅਤੇ ਮਾਨਸਾ ਵਿੱਚ ਲੋਕ ਨਿਰਮਾਣ ਵਿਭਾਗ ਦੇ ਇੱਕ ਦਫ਼ਤਰ ਦਾ ਕੁਨੈਕਸ਼ਨ ਵੀ ਕੱਟਿਆ ਗਿਆ ਹੈ। ਸੰਗਤ ਇਲਾਕੇ ਵਿੱਚ ਬਾਂਡੀ, ਫੁੱਲੋਮਿੱਠੀ ਅਤੇ ਜੈ ਸਿੰਘ ਵਾਲਾ ਦੇ ਜਲ ਘਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਗਿੱਦੜਬਾਹਾ ਇਲਾਕੇ ਦੇ ਅੱਠ ਜਲ ਘਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …