Breaking News
Home / ਪੰਜਾਬ / ਬੇਅਦਬੀ ਕਾਂਡ : ਬਰਗਾੜੀ ‘ਚ ਕਰਵਾਇਆ ਸ਼ਰਧਾਂਜਲੀ ਸਮਾਗਮ

ਬੇਅਦਬੀ ਕਾਂਡ : ਬਰਗਾੜੀ ‘ਚ ਕਰਵਾਇਆ ਸ਼ਰਧਾਂਜਲੀ ਸਮਾਗਮ

ਪੰਜਾਬ ਭਰ ਵਿਚੋਂ ਸੰਗਤ ਨੇ ਕੀਤੀ ਸ਼ਮੂਲੀਅਤ
ਫਰੀਦਕੋਟ, ਜੈਤੋ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਦੇ ਚਾਰ ਸਾਲ ਪੂਰੇ ਹੋਣ ‘ਤੇ ਪਿੰਡ ਬਰਗਾੜੀ ਵਿੱਚ ਸ਼ਰਧਾਂਜਲੀ ਸਮਾਗਮ ਅਤੇ ਕਾਲਾ ਦਿਵਸ ਮਨਾਇਆ ਗਿਆ, ਜਿਸ ਵਿੱਚ ਪੰਜਾਬ ਭਰ ‘ਚੋਂ ਲੋਕਾਂ ਨੇ ਸ਼ਮੂਲੀਅਤ ਕੀਤੀ। 14 ਅਕਤੂਬਰ 2015 ਨੂੰ ਪੰਜਾਬ ਪੁਲਿਸ ਨੇ ਵੱਡੀ ਤੜਕੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਸ਼ਾਂਤਮਈ ਧਰਨੇ ‘ਤੇ ਬੈਠੀ ਸਿੱਖ ਸੰਗਤ ਉੱਪਰ ਲਾਠੀਚਾਰਜ ਕਰ ਦਿੱਤਾ ਸੀ, ਜਿਸ ਵਿੱਚ 44 ਵਿਅਕਤੀ ਗੰਭੀਰ ਜ਼ਖ਼ਮੀ ਹੋਏ ਸਨ ਅਤੇ ਇਸ ਤੋਂ ਕੁਝ ਘੰਟੇ ਬਾਅਦ ਫ਼ਰੀਦਕੋਟ ਬਠਿੰਡਾ ਸੜਕ ‘ਤੇ ਪੈਂਦੇ ਪਿੰਡ ਬਹਿਬਲ ਕਲਾਂ ਵਿੱਚ ਸ਼ਾਂਤਮਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ਉਪਰ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬਹਿਬਲ ਕਾਂਡ ਵਿੱਚ 16 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਇਸ ਘਟਨਾ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦੇਣ ਲਈ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਸੀਬੀਆਈ ਅਤੇ ਵਿਸ਼ੇਸ਼ ਜਾਂਚ ਟੀਮ ਨੇ ਅਲੱਗ-ਅਲੱਗ ਪੜਤਾਲ ਕੀਤੀ ਹੈ ਪਰ ਕਸੂਰਵਾਰਾਂ ਨੂੰ ਅਜੇ ਤੱਕ ਸਜ਼ਾਵਾਂ ਨਾ ਮਿਲਣ ਕਾਰਨ ਸਿੱਖ ਸੰਗਤ ਨੇ ਸੂਬਾ ਸਰਕਾਰ ਖਿਲਾਫ ਕਾਲਾ ਦਿਵਸ ਮਨਾ ਕੇ ਆਪਣਾ ਰੋਸ ਪ੍ਰਗਟ ਕੀਤਾ। 14 ਅਕਤੂਬਰ ਦਿਨ ਸੋਮਵਾਰ ਨੂੰ ਬਰਗਾੜੀ ਅਤੇ ਬਹਿਬਲ ਕਲ ਵਿਚ ਦੋ ਸਮਾਗਮ ਹੋਏ। ਇਨ੍ਹਾਂ ਸਮਾਗਮਾਂ ‘ਚ ਸਰਬੱਤ ਖਾਲਸਾ ਵਲੋਂ ਥਾਪੇ ਦੋ ਜਥੇਦਾਰਾਂ ਨੇ ਵੱਖੋ-ਵੱਖ ਹਾਜ਼ਰੀ ਲੁਆਈ। ਦੋਵੇਂ ਮੰਚਾਂ ਤੋਂ ਪੰਥਕ ਇਕਸੁਰਤਾ ਲਈ ਤਕਰੀਰਾਂ ਹੋਈਆਂ ਅਤੇ ਕੈਪਟਨ ਸਰਕਾਰ ‘ਤੇ ਕਸੂਰਵਾਰਾਂ ਨੂੰ ਸਜ਼ਾ ਦੇਣ ਦੇ ਮਾਮਲੇ ਵਿਚ ਵਾਅਦਾਖ਼ਿਲਾਫ਼ੀ ਦੇ ਇਲਜ਼ਾਮ ਲਾਏ ਗਏ। ਬਰਗਾੜੀ ਦੇ ਖੇਡ ਸਟੇਡੀਅਮ ਵਿਚ ਹੋਏ ਸਮਾਗਮ ‘ਚ ਦਾ ਪ੍ਰਬੰਧ ਪੀੜਤ ਪਰਿਵਾਰਾਂ ਵੱਲੋਂ ਕੀਤਾ ਗਿਆ ਸੀ। ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ‘ਤੇ ਖਰਾ ਨਹੀਂ ਉਤਰੀ ਅਤੇ ਉਹ ਇਸ ਸੰਵੇਦਨਸ਼ੀਲ ਮੁੱਦੇ ‘ਤੇ ਵੋਟਾਂ ਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜਾਣਬੁੱਝ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਇਸ ਰਿਪੋਰਟ ਵਿੱਚ ਬਾਦਲ ਪਰਿਵਾਰ ਨੂੰ ਕੋਟਕਪੂਰਾ, ਬਹਿਬਲ ਤੇ ਬੇਅਦਬੀ ਕਾਂਡ ਲਈ ਲਈ ਕਸੂਰਵਾਰ ਠਹਿਰਾਇਆ ਗਿਆ ਸੀ। ਸਰਬਤ ਖਾਲਸਾ ਵਲੋਂ ਥਾਪੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਘਟਨਾਵਾਂ ਦੇ ਚਾਰ ਵਰ੍ਹੇ ਬੀਤਣ ‘ਤੇ ਵੀ ਇਨਸਾਫ਼ ਦੇਣ ਦੇ ਮਾਮਲੇ ‘ਚ ਸਥਿਤੀ ਜਿਉਂ ਦੀ ਤਿਉਂ ਹੈ। ਉਨ੍ਹਾਂ ਜਥੇਦਾਰ ਧਿਆਨ ਸਿੰਘ ਮੰਡ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਬਰਗਾੜੀ ਦਾ ਇਨਸਾਫ਼ ਮੋਰਚਾ ਖਤਮ ਕਰਨ ਲੱਗਿਆਂ, ਕੌਮ ਨੂੰ ਭਰੋਸੇ ਵਿਚ ਨਹੀਂ ਲਿਆ। ਉਧਰ, ਬਹਿਬਲ ਕਲਾਂ ਨੇੜਲੇ ਗੁਰਦੁਆਰਾ ਟਿੱਬੀ ਸਾਹਿਬ ਵਿਚ ਹੋਏ ਸਮਾਗਮ ਦੌਰਾਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਅਤੇ ਸਜ਼ਾਵਾਂ ਦੇਣ ਵਾਲੇ ਆਪਸ ਵਿੱਚ ਰਲ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ‘ਤੇ ਸਿੱਖ ਪੰਥ ਨਾਲ ਵਿਸ਼ਵਾਸ਼ਘਾਤ ਕਰਨ ਦਾ ਦੋਸ਼ ਲਾਇਆ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਪ੍ਰਕਾਸ਼ ਪੁਰਬ ਮਨਾਉਣ ਵਾਲੀ ਸ਼੍ਰੋਮਣੀ ਕਮੇਟੀ ਆਪਣੀ ਮਿਆਦ ਪੁਗਾ ਚੁੱਕੀ ਹੈ।
ਸਰਕਾਰ ਕੋਲੋਂ ਇਨਸਾਫ ਦੀ ਆਸ ਖਤਮ, ਹੁਣ ਕਾਨੂੰਨ ਦਾ ਸਹਾਰਾ
ਬਹਿਬਲ ਕਲਾਂ ਵਿਚ ਪੁਲਿਸ ਦੀ ਗੋਲੀਬਾਰੀ ਵਿਚ ਜਾਨ ਗੁਆਉਣ ਵਾਲੇ ਕਿਸ਼ਨ ਭਗਵਾਨ ਸਿੰਘ ਤੇ ਬੇਟੇ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਚਾਰ ਸਾਲਾਂ ਬਾਅਦ ਹੀ ਉਨ੍ਹਾਂ ਨੂੰ ਸਰਕਾਰ ਕੋਲੋਂ ਇਨਸਾਫ ਨਹੀਂ ਮਿਲਿਆ। ਹੁਣ ਤਾਂ ਸਰਕਾਰ ਤੋਂ ਉਨ੍ਹਾਂ ਨੇ ਉਮੀਦ ਹੀ ਛੱਡ ਦਿੱਤੀ ਹੈ ਅਤੇ ਆਪਣੇ ਪੱਧਰ ‘ਤੇ ਖੁਦ ਹੀ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਦਾ ਕਹਿਣਾ ਹੈ ਕਿ ਬੇਟੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੀ ਬਹਾਲੀ ਲਈ ਸ਼ਹਾਦਤ ਦਿੱਤੀ, ਹੁਣ ਵੀ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ। ਸਾਧੂ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ‘ਤੇ ਹੀ ਊਨ੍ਹਾਂ ਨੂੰ ਤਸੱਲੀ ਹੋਵੇਗੀ।
ਕੋਟਕਪੂਰਾ ‘ਚ ‘ਲਾਹਣਤ ਦਿਹਾੜਾ’ ਮਨਾਇਆ
ਕੋਟਕਪੂਰਾ : ਕੋਟਕਪੂਰਾ ਗੋਲੀ ਕਾਂਡ ਦੀ ਚੌਥੀ ਬਰਸੀ ਮੌਕੇ ਸਥਾਨਕ ਬੱਤੀਆਂ ਵਾਲੇ ਚੌਕ ‘ਚ ਬੁਲਾਰਿਆਂ ਨੇ ਬਾਦਲਾਂ ਨੂੰ ਨਿਸ਼ਾਨੇ ‘ਤੇ ਲਿਆ ਅਤੇ ਉਨ੍ਹਾਂ ਨੂੰ ਜ਼ਕਰੀਆ ਖਾਨ, ਮਨੁੱਖਤਾ ਵਿਰੋਧੀ ਤੇ ਕੌਮ ਦਾ ਦੁਸ਼ਮਣ ਗਰਦਾਨਿਆ। ‘ਦਰਬਾਰ-ਏ-ਖਾਲਸਾ’ ਜਥੇਬੰਦੀ ਵੱਲੋਂ ਪਹਿਲਾਂ ਤੜਕਸਾਰ ਠੀਕ 5 ਵਜੇ ਨਿਤਨੇਮ ਕੀਤਾ ਗਿਆ। ਗਿਆਨੀ ਕੇਵਲ ਸਿੰਘ, ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਬਲਵਿੰਦਰ ਸਿੰਘ ਪਟਿਆਲ਼ਾ, ਪੰਜਾਬ ਏਕਤਾ ਪਾਰਟੀ ਦੇ ਜਗਦੇਵ ਸਿੰਘ ਕਮਾਲੂ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੱਖਣ ਸਿੰਘ ਨੰਗਲ, ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਸਿੱਖ ਸੰਗਤ ਦੀ ਮੌਜੂਦਗੀ ਵਿਚ ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਨਿਤਨੇਮ ਉਪਰੰਤ ‘ਲਾਹਣਤ’ ਪੱਤਰ ਦਾ ਸਾਰ ਦੁਹਰਾਉਂਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਇਸ ਮੁੱਦੇ ਨੂੰ ਸਿਆਸੀ ਲਾਹੇ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਕਸੂਰਵਾਰਾਂ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਇਨ੍ਹਾਂ ਦਾ ਹਸ਼ਰ ਵੀ ਬਾਦਲਾਂ ਵਾਲ਼ਾ ਹੀ ਹੋਵੇਗਾ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …