22.1 C
Toronto
Saturday, September 13, 2025
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਵੱਲੋਂ 19 ਉਲੰਪਿਕ ਖਿਡਾਰੀਆਂ ਦਾ ਸਨਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 19 ਉਲੰਪਿਕ ਖਿਡਾਰੀਆਂ ਦਾ ਸਨਮਾਨ

ਉਲਪਿੰਕ ‘ਚ ਹਿੱਸਾ ਲੈਣ ਵਾਲੇ ਪੰਜਾਬ ਦੇ ਹਰ ਖਿਡਾਰੀ ਨੂੰ ਕੀਤਾ ਸਨਮਾਨਿਤ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਵੱਲੋਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਨਾਲ ਸਬੰਧਤ 8 ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਜਦੋਂ ਕਿ ਹਾਕੀ ਦੇ ਦੋ ਰਾਖਵੇਂ ਖਿਡਾਰੀਆਂ ਸਣੇ ਸ਼ੂਟਿੰਗ, ਅਥਲੈਟਿਕਸ ਤੇ ਗੋਲਫ਼ ਦੇ 11 ਹੋਰਨਾਂ ਖਿਡਾਰੀਆਂ ਨੂੰ 15-15 ਲੱਖ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ‘ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਖੇਡ ਸੱਭਿਆਚਾਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਜੇਤੂ ਖਿਡਾਰੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਬ੍ਰਾਂਡ ਅੰਬੈਸਡਰ ਬਣਾਇਆ ਜਾਵੇਗਾ, ਜਿਸ ਨਾਲ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤਰ੍ਹਾਂ ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਪੰਜਾਬ ਤੇ ਦੇਸ਼ ਦਾ ਨਾਮ ਕੁੱਲ ਆਲਮ ਵਿਚ ਰੌਸ਼ਨ ਕਰਨਗੇ। ਮੁੱਖ ਮੰਤਰੀ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਨੂੰ ਇਕ-ਇਕ ਕਰੋੜ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਹਾਕੀ ਦੇ ਰਿਜ਼ਰਵ ਖਿਡਾਰੀ ਜੁਗਰਾਜ ਸਿੰਘ ਤੇ ਕ੍ਰਿਸ਼ਨ ਬਹਾਦੁਰ ਪਾਠਕ, ਸ਼ੂਟਿੰਗ ਦੀ ਅੰਜੁਮ ਮੌਦਗਿਲ, ਸਿਫਤ ਕੌਰ ਸਮਰਾ, ਰਾਜੇਸ਼ਵਰੀ ਕੁਮਾਰੀ, ਅਰਜੁਨ ਬਬੂਟਾ, ਅਰਜੁਨ ਸਿੰਘ ਚੀਮਾ ਤੇ ਵਿਜੈ ਸਿੰਘ ਸਿੱਧੂ ਨੂੰ 15-15 ਲੱਖ ਰੁਪਏ ਦਿੱਤੇ। ਮੁੱਖ ਮੰਤਰੀ ਨੇ ਅਥਲੀਟ ਤਜਿੰਦਰ ਪਾਲ ਸਿੰਘ ਤੂਰ ਤੇ ਅਕਾਸ਼ਦੀਪ ਸਿੰਘ ਅਤੇ ਗੋਲਫ਼ਰ ਗਗਨਦੀਪ ਸਿੰਘ ਭੁੱਲਰ ਨੂੰ 15-15 ਲੱਖ ਰੁਪਏ ਨਾਲ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਹਾਕੀ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 52 ਸਾਲਾਂ ਦੇ ਵਕਫ਼ੇ ਮਗਰੋਂ ਭਾਰਤੀ ਟੀਮ ਵਲੋਂ ਆਸਟਰੇਲੀਆ ਨੂੰ ਹਰਾ ਕੇ ਬਹੁਤ ਖ਼ੁਸ਼ੀ ਹੋਈ ਹੈ ਅਤੇ ਸਪੇਨ, ਇੰਗਲੈਂਡ ਅਤੇ ਹੋਰ ਟੀਮਾਂ ਵਿਰੁੱਧ ਮੈਚ ਵੀ ਸ਼ਾਨਦਾਰ ਸਨ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਨੇ ਮੁਸ਼ਕਲ ਸਮੇਂ ਵਿੱਚ ਅੱਗੇ ਵਧ ਕੇ ਟੀਮ ਦੀ ਅਗਵਾਈ ਕੀਤੀ, ਜਿਸ ਨਾਲ ਟੀਮ ਜਿੱਤ ਵੱਲ ਸੇਧਿਤ ਹੋਈ। ਇਸ ਤਰ੍ਹਾਂ ਓਲੰਪਿਕ ਖੇਡਾਂ ਵਿੱਚ ਹਰਮਨਪ੍ਰੀਤ ਨੇ ਇਕੱਲੇ ਹੀ 10 ਗੋਲ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਾਹਿਲਪੁਰ ਖੇਤਰ ਵਿੱਚ ਫੁਟਬਾਲ, ਸੰਗਰੂਰ ਵਿੱਚ ਬਾਕਸਿੰਗ, ਜਲੰਧਰ ਵਿੱਚ ਹਾਕੀ, ਲੁਧਿਆਣਾ ਵਿੱਚ ਅਥਲੈਟਿਕਸ ਅਤੇ ਹੋਰ ਖੇਡ ਕਲੱਸਟਰਾਂ ਦਾ ਵਿਕਾਸ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਤਰੱਕੀਆਂ ਵੀ ਦਿੱਤੀਆਂ ਜਾਣਗੀਆਂ।
ਭਗਵੰਤ ਮਾਨ ਵੱਲੋਂ ਹਾਕੀ ਟੂਰਨਾਮੈਂਟ ਕਰਾਉਣ ਦਾ ਕੀਤਾ ਗਿਆ ਐਲਾਨ
ਭਗਵੰਤ ਮਾਨ ਨੇ ਇਸੇ ਸਾਲ ਦੇ ਅਖੀਰ ਵਿੱਚ ਪੰਜਾਬ ‘ਚ ਚਾਰ ਵਿਸ਼ਵ ਪੱਧਰੀ ਟੀਮਾਂ ਵਿਚਕਾਰ ਹਾਕੀ ਦਾ ਟੂਰਨਾਮੈਂਟ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚਾਰ ਟੀਮਾਂ ਵਿਚਕਾਰ ਹੋਣ ਵਾਲੇ ਮੈਚਾਂ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਦੇਖਣ ਆਉਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਹੋਰ ਤੇਜ਼ੀ ਨਾਲ ਵਿਕਸਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਦੇ ਪਿਛੋਕੜ ਬਾਰੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਜਾਣੂ ਕਰਵਾਉਣ ਦੇ ਯਤਨ ਕੀਤੇ ਜਾਣਗੇ।
ਨੌਜਵਾਨ ਨਸ਼ੇ ਛੱਡ ਕੇ ਖੇਡਾਂ ਵਿੱਚ ਹਿੱਸਾ ਲੈਣ: ਹਰਮਨਪ੍ਰੀਤ
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਗ਼ਮਾ ਜੇਤੂ ਖਿਡਾਰੀਆਂ ਦਾ ਸਨਮਾਨ ਸੂਬੇ ਵਿੱਚ ਖੇਡਾਂ ਨੂੰ ਹੋਰ ਹੁਲਾਰਾ ਦੇਣ ਵਿੱਚ ਸਹਾਈ ਸਿੱਧ ਹੋਵੇਗਾ। ਇਹ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਕਰਨ ਵਿੱਚ ਹੋਰ ਮਦਦ ਕਰੇਗਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

RELATED ARTICLES
POPULAR POSTS