ਨੌਜਵਾਨਾਂ ਨੂੰ ਆਰਥਿਕ ਤੇ ਸਮਾਜਿਕ ਖੇਤਰਾਂ ਦੀ ਤਰੱਕੀ ਵਿੱਚ ਭਾਈਵਾਲ ਬਣਾਉਣ ‘ਤੇ ਜ਼ੋਰ
ਪਟਿਆਲਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਵਿਦਿਆਰਥਣਾਂ ਦੇ ਰੂਬਰੂ ਹੋਏ। ਪਟਿਆਲਾ ਦੇ ਸਰਕਾਰੀ ਗਰਲਜ਼ ਕਾਲਜ ਵਿਚ ਇਨਾਮ ਵੰਡ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦੀ ਲੜਕੀਆਂ ਲਈ ਇਲੈਕਟ੍ਰਿਕ ਵਾਹਨ ਆਧਾਰਿਤ ਸ਼ਟਲ ਬੱਸ ਸੇਵਾ ਸ਼ੁਰੂ ਕਰੇਗੀ। ਇਹ ਸੇਵਾ ਪ੍ਰਮੁੱਖ ਸ਼ਹਿਰਾਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਹੋਰ ਥਾਵਾਂ ‘ਤੇ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਵੱਡੇ ਸ਼ਹਿਰਾਂ ਵਿੱਚ ਲੜਕੀਆਂ ਲਈ ਵਧੀਆ ਜਨਤਕ ਆਵਾਜਾਈ ਸਾਧਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਲਈ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਸੂਬੇ ਦੀ ਸਮਾਜਿਕ ਅਤੇ ਆਰਥਿਕ ਤਰੱਕੀ ‘ਚ ਬਰਾਬਰ ਦਾ ਭਾਈਵਾਲ ਬਣਾਏਗਾ। ਮੁੱਖ ਮੰਤਰੀ ਨੇ ਲੜਕੀਆਂ ਨੂੰ ਅੱਗੇ ਆਉਣ ਅਤੇ ਸਰਗਰਮ ਰਾਜਨੀਤੀ ਦੇ ਖੇਤਰ ਵਿੱਚ ਫੈਸਲਾਕੁਨ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜ ਮਹਿਲਾ ਐੱਸਐੱਸਪੀ ਅਤੇ ਸੱਤ ਮਹਿਲਾ ਡੀਸੀ ਨਿਯੁਕਤ ਕੀਤੇ ਗਏ ਹਨ। ਸੂਬੇ ਵਿੱਚ ਛੇ ਵਿਸ਼ੇਸ਼ ਮਹਿਲਾ ਥਾਣੇ ਸਥਾਪਿਤ ਕੀਤੇ ਗਏ ਹਨ ਅਤੇ ਬਹੁਤ ਜਲਦੀ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਥਾਣੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਕਰੀਆਂ ਤੇ ਵਿੱਦਿਅਕ ਪ੍ਰੀਖਿਆਵਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ। ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੇ ਸੁਧਾਰਾਂ ਦੀ ਲੋੜ ਹੈ ਤਾਂ ਕਿ ਨੌਜਵਾਨਾਂ ਨੂੰ ਲਾਭ ਮਿਲ ਸਕੇ। ਸਰਕਾਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਯਤਨ ਕਰ ਰਹੀ ਹੈ ਕਿ ਸਿੱਖਿਆ ਦੇ ਪਾਠਕ੍ਰਮ ਨੂੰ ਇਸ ਢੰਗ ਨਾਲ ਵਿਉਂਤਿਆ ਜਾਵੇ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣ। ਇਸ ਮੌਕੇ ਮੁੱਖ ਮੰਤਰੀ ਨੇ ਲਾਇਬ੍ਰੇਰੀ ਬਲਾਕ ਲਈ ਇਕ ਕਰੋੜ ਰੁਪਏ, ਅਤਿ ਆਧੁਨਿਕ ਆਡੀਟੋਰੀਅਮ ਤੇ ਬਹੁਮੰਤਵੀ ਹਾਲ ਅਤੇ ਹੋਰਾਂ ਲਈ 51 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਵਿਦਿਆਰਥਣਾਂ ਨੇ ਮੁੱਖ ਮੰਤਰੀ ਨੂੰ ਸਿਆਸਤ ਤੇ ਸਵੈ-ਰੱਖਿਆ ਬਾਰੇ ਸਵਾਲ ਪੁੱਛੇ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ ਜਿਨ੍ਹਾਂ ਦੇ ਮੁੱਖ ਮੰਤਰੀ ਨੇ ਠਰ੍ਹੰਮੇ ਨਾਲ ਜਵਾਬ ਦਿੱਤੇ। ਕਾਲਜ ਦੀ ਬੀਏ ਆਨਰਜ਼ ਭਾਗ ਪਹਿਲਾ ਦੀ ਵਿਦਿਆਰਥਣ ਯੋਗਿਤਾ ਨੇ ਲੜਕੀਆਂ ਨੂੰ ਸਿਆਸਤ ‘ਚ ਕਿਸ ਤਰ੍ਹਾਂ ਮੌਕੇ ਮਿਲਣ ਬਾਰੇ ਸਵਾਲ ਕੀਤਾ ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਲੋਕ ਸੇਵਾ ਦਾ ਕਾਰਜ ਕਰਨ ਤੇ ਹੌਲੀ-ਹੌਲੀ ਸਿਆਸਤ ‘ਚ ਪੈਰ ਰੱਖਣ। ਬੀਏ ਮਨੋਵਿਗਿਆਨ ਦੇ ਤੀਜੇ ਸਾਲ ਦੀ ਵਿਦਿਆਰਥਣ ਖਿਆਤੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਵਿਦਿਆਰਥਣਾਂ ਲਈ ਸ਼ਟਲ ਬੱਸ ਚਲਾਉਣ ਦੀ ਮੰਗ ਕੀਤੀ ਜਿਸ ਨੂੰ ਮੁੱਖ ਮੰਤਰੀ ਵੱਲੋਂ ਤੁਰੰਤ ਪ੍ਰਵਾਨ ਕਰ ਲਿਆ। ਇਸੇ ਤਰ੍ਹਾਂ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਡਾਲਮੀਆ ਨੇ ਘਰੇਲੂ ਹਿੰਸਾ ਤੋਂ ਬਚਣ ਅਤੇ ਲੜਕੀਆਂ ਨੂੰ ਆਪਣੇ ਮਸਲੇ ਪੁਲਿਸ ਕੋਲ ਖੁੱਲ੍ਹ ਕੇ ਰੱਖਣ ਲਈ ‘ਪਿੰਕ ਪੁਲਿਸ ਸਟੇਸ਼ਨ’ ਬਣਾਉਣ ਦੀ ਮੰਗ ਰੱਖੀ ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਸਾਰੇ ਜ਼ਿਲ੍ਹਿਆਂ ‘ਚ ਅਜਿਹੇ ਮਹਿਲਾ ਥਾਣੇ (ਪਿੰਕ ਥਾਣੇ) ਬਣਾਏ ਜਾਣਗੇ। ਇੱਕ ਹੋਰ ਵਿਦਿਆਰਥਣ ਨੇ ਸਕੂਲਾਂ ਤੇ ਕਾਲਜਾਂ ‘ਚ ਲੜਕੀਆਂ ਲਈ ਸਵੈ ਰੱਖਿਆ ਦਾ ਵਿਸ਼ਾ ਸ਼ੁਰੂ ਕਰਨ ਦੀ ਮੰਗ ਰੱਖੀ, ਜਿਸ ‘ਤੇ ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਡੀਪੀਆਈ ਉਚੇਰੀ ਸਿੱਖਿਆ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੂੰ ਕਿਹਾ ਕਿ ਉਹ ਇਸ ਸਬੰਧੀ ਤਜਵੀਜ਼ ਤਿਆਰ ਕਰਨ ਤਾਂ ਕਿ ਸਵੈ ਰੱਖਿਆ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ।