ਸੁਖਜਿੰਦਰ ਰੰਧਾਵਾ ਨੂੰ ਵੀ ਕੈਬਨਿਟ ਮੰਤਰੀ ਵਾਲੀ ਗੱਡੀ ਵਾਪਸ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਹੁਣ ਪਰਕਾਸ਼ ਸਿੰਘ ਬਾਦਲ ਕੋਲੋਂ ਚੰਡੀਗੜ੍ਹ ਵਿਚਲਾ ਸਰਕਾਰੀ ਫਲੈਟ ਵੀ ਖਾਲੀ ਕਰਵਾ ਲਿਆ ਗਿਆ ਹੈ। ਪਰਕਾਸ਼ ਸਿੰਘ ਬਾਦਲ ਵਾਲਾ ਸਰਕਾਰੀ ਫਲੈਟ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਹੈ। ਉਹ ਇਸ ਕਰਕੇ ਕਿ ਗੁਰਮੀਤ ਸਿੰਘ ਖੁੱਡੀਆ ਨੇ ਹੀ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕੋਲੋਂ ਵੀ ਚੰਡੀਗੜ੍ਹ ਦੇ ਸਰਕਾਰੀ ਫਲੈਟ ਖਾਲੀ ਕਰਵਾ ਲਏ ਗਏ ਹਨ। ਬਿਕਰਮ ਮਜੀਠੀਆ ਵਾਲਾ ਫਲੈਟ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਅਲਾਟ ਕੀਤਾ ਗਿਆ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਵਾਲਾ ਫਲੈਟ ਜਗਰੂਪ ਸਿੰਘ ਗਿੱਲ ਨੂੰ ਅਲਾਟ ਹੋਇਆ ਹੈ। ਇਸੇ ਦੌਰਾਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਨੋਟਿਸ ਜਾਰੀ ਕਰਕੇ ਕਹਿ ਦਿੱਤਾ ਹੈ ਕਿ ਉਹ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰ ਦੇਣ। ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਕਿਹਾ ਗਿਆ ਹੈ ਕਿ ਇਹ ਗੱਡੀ ਸਿਰਫ ਕੈਬਨਿਟ ਮੰਤਰੀਆਂ ਲਈ ਹੈ, ਇਸ ਕਰਕੇ ਤੁਸੀਂ ਇਸ ਗੱਡੀ ਨੂੰ ਵਾਪਸ ਕਰਨ ਦੀ ਖੇਚਲ ਕਰੋ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …