Breaking News
Home / ਪੰਜਾਬ / ਕਿਸਾਨਾਂ ਨੇ ਰਾਜਪੁਰਾ ‘ਚ ਬੰਦੀ ਬਣਾਏ ਭਾਜਪਾ ਆਗੂ

ਕਿਸਾਨਾਂ ਨੇ ਰਾਜਪੁਰਾ ‘ਚ ਬੰਦੀ ਬਣਾਏ ਭਾਜਪਾ ਆਗੂ

ਪੁਲਿਸ ਨੇ ਬੜੀ ਮੁਸ਼ਕਲ ਨਾਲ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ
ਪਟਿਆਲਾ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਭਾਜਪਾ ਦਰਮਿਆਨ ਜਾਰੀ ਰੇੜਕੇ ਦਰਮਿਆਨ ਰਾਜਪੁਰਾ ਵਿੱਚ ਤਣਾਅ ਵਾਲੇ ਹਾਲਾਤ ਬਣ ਗਏ ਸਨ। ਪਟਿਆਲਾ ਵਾਸੀ ਭਾਜਪਾ ਦੇ ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਆਗੂਆਂ ਨੂੰ ਐਤਵਾਰ ਅੱਧੀ ਰਾਤ ਤੱਕ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਵਿਚਲੀ ਕੋਠੀ ਵਿਚ ਬੰਦੀ ਬਣਾਇਆ ਹੋਇਆ ਸੀ। ਇਥੇ ਸੈਂਕੜੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਸਨ। ਪੰਜਾਬ ‘ਚ ਕਿਸਾਨਾਂ ਵੱਲੋਂ ਭਾਵੇਂ ਕਈ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਚੁੱਕਾ ਹੈ, ਪਰ ਰਾਜਪੁਰਾ ਸ਼ਹਿਰ ਵਿਚਲੀ ਇਹ ਘਟਨਾ ਹੋਰ ਵੀ ਵੱਡੀ ਤੇ ਘਾਤਕ ਮੰਨੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਦੀ ਵਾਰਡ ਨੰਬਰ 15 ‘ਚ ਭਾਜਪਾ ਦੇ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ‘ਚ ਦਿਨ ਵੇਲੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਦੀ ਅਗਵਾਈ ਹੇਠਾਂ ਜ਼ਿਲ੍ਹਾ ਪੱਧਰੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦਾ ਪਤਾ ਲਗਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕਰ ਲਿਆ।
ਪੁਲਿਸ ਨੇ ਭਾਵੇਂ ਮੌਕੇ ‘ਤੇ ਪੁੱਜ ਕੇ ਇਨ੍ਹਾਂ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ, ਪਰ ਇਸ ਦੌਰਾਨ ਰੋਹ ‘ਚ ਆਏ ਕਿਸਾਨਾਂ ਨੇ ਇੱਕ ਕੌਂਸਲਰ ਸਮੇਤ ਕੁਝ ਕੁ ਹੋਰ ਭਾਜਪਾ ਕਾਰਕੁਨਾਂ ਦੀ ਖਿੱਚਧੂਹ ਵੀ ਕੀਤੀ। ਇਸ ਮਗਰੋਂ ਭਾਜਪਾ ਆਗੂ ਭੁਪੇਸ਼ ਅਗਰਵਾਲ ਤੇ ਹੋਰਾਂ ਨੇ ਰਾਜਪੁਰਾ ਵਿਚਲੇ ਹੀ ਲਾਇਨਜ਼ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਸ ਘਟਨਾ ਪਿੱਛੇ ਕਾਂਗਰਸ, ‘ਆਪ’ ਤੇ ਅਕਾਲੀ ਦਲ ਦਾ ਹੱਥ ਦੱਸਿਆ।
ਉਨ੍ਹਾਂ ਨੇ ਪੁਲਿਸ ‘ਤੇ ਵੀ ਸਰਕਾਰ ਦੇ ਇਸ਼ਾਰੇ ‘ਤੇ ਭਾਜਪਾ ਖ਼ਿਲਾਫ਼ ਗੁੰਡਾਗਰਦੀ ਕਰਨ ਵਾਲਿਆਂ ਦੀ ਖੁੱਲ੍ਹੇਆਮ ਹਮਾਇਤ ਕਰਨ ਦੇ ਦੋਸ਼ ਲਾਏ।
ਇਸ ਦੌਰਾਨ ਕਿਸਾਨ ਲਾਇਨਜ਼ ਕਲੱਬ ਆਣ ਪੁੱਜੇ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਮੌਕੇ ਭਾਜਪਾ ਆਗੂ ਭੁਪੇਸ਼ ਅਗਰਵਾਲ ਨੇ ਕਿਸਾਨਾਂ ਨੂੰ ਕਥਿਤ ਚੁਣੌਤੀ ਦਿੱਤੀ ਕਿ ‘ਉਹ ਹੁਣ ਮੀਟਿੰਗ ਕਰਨ ਜਾ ਰਿਹਾ ਹੈ, ਹਿੰਮਤ ਹੈ ਤਾਂ ਉਸ ਨੂੰ ਆ ਕੇ ਰੋਕ ਲੈਣ।’ ਇਸ ਮਗਰੋਂ ਭੁਪੇਸ਼ ਅਗਰਵਾਲ ਜਦੋਂ ਆਪਣੇ ਕੁਝ ਸਾਥੀਆਂ ਸਮੇਤ ਰਾਜਪੁਰਾ ਦੀ ਅਰਜਨ ਕਲੋਨੀ ਸਥਿਤ ਭਾਜਪਾ ਕਾਰਕੁਨ ਦੀ ਕੋਠੀ ‘ਚ ਗਿਆ, ਤਾਂ ਜਲਦੀ ਹੀ ਸੈਂਕੜੇ ਕਿਸਾਨਾਂ ਨੇ ਉਨ੍ਹਾਂ ਦੀ ਘੇਰਾਬੰਦੀ ਕਰ ਲਈ। ਕਿਸਾਨਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਕਥਿਤ ਗਾਲ਼ ਕੱਢਣ ਅਤੇ ਕਿਸਾਨਾਂ ਨੂੰ ਚੁਣੌਤੀ ਦੇਣ ਸਬੰਧੀ ਮੁਆਫ਼ੀ ਮੰਗੇ, ਜਿਸ ਮਗਰੋਂ ਉਹ ਇਥੋਂ ਧਰਨਾ ਚੁੱਕਣਗੇ। ਰਾਤੀ ਨੌਂ ਵਜੇ ਵੀ ਕਿਸਾਨਾਂ ਨੇ ਉਕਤ ਭਾਜਪਾ ਆਗੂਆਂ ਦਾ ਕੋਠੀ ਦੇ ਅੰਦਰ ਹੀ ਘਿਰਾਓ ਕੀਤਾ ਹੋਇਆ ਸੀ।
ਕਿਸਾਨ ਨੇਤਾ ਪ੍ਰੇਮ ਸਿੰਘ ਭੰਗੂ ਵੱਲੋਂ ਸ਼ਾਂਤ ਰਹਿਣ ਦੀ ਕੀਤੀ ਗਈ ਅਪੀਲ ਮਗਰੋਂ ਸਮੂਹ ਕਿਸਾਨ ਇਥੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ ਸਨ।
ਅਸ਼ਵਨੀ ਸ਼ਰਮਾ ਵੱਲੋਂ ਰਾਜਪੁਰਾ ਘਟਨਾ ਦੀ ਆਲੋਚਨਾ
ਪਠਾਨਕੋਟ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਜਪੁਰਾ ਵਿੱਚ ਜ਼ਿਲ੍ਹਾ ਭਾਜਪਾ ਦੀ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਗੰਭੀਰ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈ, ਇਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਪੁਲਿਸ ਨੇ 12 ਘੰਟਿਆਂ ਮਗਰੋਂ ਭਾਜਪਾਈਆਂ ਨੂੰ ਰਿਹਾਅ ਕਰਵਾਇਆ
ਪਟਿਆਲਾ : ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਅਤੇ ਭਾਜਪਾ ਵਿਚਾਲੇ ਪੈਦਾ ਹੋਏ ਅਣਸੁਖਾਵੇਂ ਮਾਹੌਲ ਦੇ ਚੱਲਦਿਆਂ ਕਿਸਾਨਾਂ ਵੱਲੋਂ ਰਾਜਪੁਰਾ ਵਿਚਲੀ ਇੱਕ ਕੋਠੀ ‘ਚ ਬੰਦੀ ਬਣਾਏ ਗਏ ਭਾਜਪਾ ਆਗੂਆਂ ਨੂੰ ਪੁਲਿਸ ਨੇ 12 ਘੰਟਿਆਂ ਮਗਰੋਂ ਮੁਕਤ ਕਰਵਾਇਆ। ਇਸ ਤੋਂ ਪਹਿਲਾਂ ਰਾਤ ਭਰ ਪੁਲਿਸ ਕਿਸਾਨਾਂ ਦੀ ਗਿਣਤੀ ਘਟਣ ਦੀ ਤਾਕ ‘ਚ ਰਹੀ। ਅੱਧੀ ਰਾਤ ਮਗਰੋਂ ਭਾਵੇਂ ਕਿਸਾਨਾਂ ਦੀ ਗਿਣਤੀ ਘਟ ਕੇ ਡੇਢ ਸੌ ਦੇ ਕਰੀਬ ਰਹਿ ਗਈ ਸੀ ਪਰ ਸਾਰੀ ਰਾਤ ਉਨ੍ਹਾਂ ਪੁਲਿਸ ਦੀਆਂ ਸਰਗਰਮੀਆਂ ‘ਤੇ ਪੂਰੀ ਨਿਗਾਹ ਰੱਖੀ। ਦਿਨ ਚੜ੍ਹਨ ‘ਤੇ ਮਾਹੌਲ ਹੋਰ ਵਿਗੜਨ ਦੇ ਡਰੋਂ ਪੁਲਿਸ ਤੜਕੇ ਚਾਰ ਵਜੇ ਭਾਜਪਾ ਆਗੂਆਂ ਨੂੰ ਬਾਹਰ ਕੱਢ ਲਿਆਈ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਖਿੱਚ-ਧੂਹ ਵੀ ਹੋਈ। ਕਿਸਾਨਾਂ ਤੋਂ ਬਚਾਉਣ ਲਈ ਪੁਲਿਸ ਨੇ ਭਾਜਪਾ ਆਗੂਆਂ ਦੁਆਲੇ ਬਹੁਪਰਤੀ ਘੇਰਾਬੰਦੀ ਕੀਤੀ ਹੋਈ ਸੀ। ਭਾਵੇਂ ਪੁਲਿਸ ਨੇ ਬਹੁਤੇ ਕਿਸਾਨਾਂ ਨੂੰ ਪਿੱਛੇ ਹੀ ਡੱਕੀ ਰੱਖਿਆ ਪਰ ਫਿਰ ਵੀ ਭੀੜ ਵਿਚ ਸ਼ਾਮਲ ਇੱਕ ਵਿਅਕਤੀ ਭਾਜਪਾ ਆਗੂ ਦੀ ਗਰਦਨ ‘ਤੇ ਪਾਣੀ ਵਾਲੀ ਖਾਲੀ ਬੋਤਲ ਮਾਰ ਗਿਆ।
ਡੇਢ ਸੌ ਵਿਅਕਤੀਆਂ ਖਿਲਾਫ ਕੇਸ ਦਰਜ
ਰਾਜਪੁਰਾ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ ਸਮੇਤ ਉਨ੍ਹਾਂ ਨੂੰ ਮੁਕਤ ਕਰਵਾਉਣ ਮੌਕੇ ਪੁਲਿਸ ਦੀ ਗੱਡੀ ਦੀ ਭੰਨ-ਤੋੜ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰਨ ਦੀਆਂ ਘਟਨਾਵਾਂ ਸਬੰਧੀ ਰਾਜਪੁਰਾ ਪੁਲਿਸ ਨੇ ਡੇਢ ਸੌ ਦੇ ਕਰੀਬ ਕਿਸਾਨਾਂ ਅਤੇ ਹੋਰਾਂ ਖਿਲਾਫ ਕੇਸ ਦਰਜ ਕੀਤਾ ਹੈ। ਧਾਰਾ 342, 353, 186, 332, 427, 148, 149 ਸਮੇਤ ਹੋਰ ਧਾਰਾਵਾਂ ਤਹਿਤ ਰਾਜਪੁਰਾ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਕੇਸ ਵਿੱਚ ਭਾਵੇਂ ਬਹੁਤੇ ਵਿਅਕਤੀਆ ਨੂੰ ਅਣਪਛਾਤੇ ਹੀ ਕਰਾਰ ਦਿੱਤਾ ਗਿਆ ਹੈ ਪਰ ਤਿੰਨ ਜਣਿਆਂ ਦੇ ਨਾਮ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਸਾਬਕਾ ਕਾਂਗਰਸੀ ਆਗੂ ਤੇ ਹੁਣ ਕਿਸਾਨ ਸੰਘਰਸ਼ ‘ਚ ਸਰਗਰਮ ਮਨਜੀਤ ਸਿੰਘ ਘੁਮਾਣਾ, ਹਸਨਪੁਰ ਖੈਰਪੁਰ ਵਾਸੀ ਹੈਪੀ ਅਤੇ ਜ਼ੀਰਕਪੁਰ ਵਾਸੀ ਵਿਵੇਕ ਜਿੰਮਵਾਲਾ ਸ਼ਾਮਲ ਹਨ।

 

Check Also

ਪੰਜਾਬ ਦੇ ਸਾਰੇ ਸਕੂਲਾਂ ’ਚ 1 ਜੂਨ ਤੋਂ ਹੋਣਗੀਆਂ ਗਰਮੀਆਂ ਦੀ ਛੁੱਟੀਆਂ

ਸਿੱਖਿਆ ਵਿਭਾਗ ਨੇ ਵਧਦੇ ਹੋਏ ਤਾਪਮਾਨ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ …