ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਸੰਨ 2003 ਦੇ ਮਾਰਚ ਮਹੀਨੇ ਦੀ ਗੱਲ ਹੈ। ਮੈਂ ਅਮਰੀਕਾ ਤੋਂ ਮੁੜਿਆ ਸੀ। ਮੇਰੇ ਦਿਲ ਦੀ ਸਧਰ ਸੀ ਕਿ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿਚ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਾਂ। ਸੋ ਕੀਤਾ ਵੀ। ਕੀ ਕੀ ਹੋਇਆ ਤੇ ਕੌਣ-ਕੌਣ ਆਇਆ? ਇਹ ਸਭ ਹੁਣ ਦੱਸਣ ਦੀ ਵਿਹਲ ਨਹੀਂ ਹੈ। ਏਨਾ ਕੁ ਦਸਦਾ ਜਾਵਾਂ ਕਿ ਸ੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਵੀ ਆਇਆ ਸੀ ਤੇ ਉਸਤਾਦ ਯਮਲਾ ਜੱਟ ਦਾ ਸਮੁੱਚਾ ਪਰਿਵਾਰ ਵੀ। ਬੜੇ ਰੰਗ ਬੰਧੀਜੇ ਸਨ। ਅੱਜ ਵੀ ਪਿੰਡ ਦੇ ਲੋਕ ਉਸ ਮੇਲੇ ਨੂੰ ਚੇਤੇ ਕਰਦੇ ਹਨ। ਮੇਲਾ ਮੈਂ ਆਪਣੇ ਘਰ ਦੇ ਬੂਹੇ ਵਿਚ ਚਾਨਣੀ-ਕਨਾਤ ਗੱਡ ਕੇ ਲਾਇਆ ਸੀ। ਖੈਰ! ਬਹੁਤ ਸਾਲ ਬੀਤੇ। ਇੱਕ ਵਾਰ ਇਕਬਾਲ ਰਾਮੂਵਾਲੀਆ ਆਇਆ ਤੇ ਚੋਖਾ ਇਕੱਠ ਪਿੰਡ ਦੇ ਲੋਕਾਂ ਦਾ ਉਥੇ ਕੀਤਾ ਸੀ। ਪਿਛਲੇ ਸਾਲ ਮੇਰਾ ਕਜ਼ਨ ਤੇਲੰਗਾਨਾ ਦਾ ਪੁਲੀਸ ਕਮਿਸ਼ਨਰ ਪੰਜਾਬੀ ਮੁੰਡਾ ਵਿਕਰਮਜੀਤ ਦੁੱਗਲ ਆਈ.ਪੀ.ਐਸ ਪਿੰਡ ਆਇਆ ਤਾਂ ਵੀ ਰੌਣਕ ਲੱਗੀ।
ਹੁਣੇ ਲੰਘੀ 18 ਫਰਵਰੀ ਨੂੰ ਇੱਕ ਸੰਗੀਤਕ ਸ਼ਾਮ ਮਨਾਈ। ਪਿੰਡ ਵਿਖੇ ਲਾਲ ਚੰਦ ਯਮਲਾ ਜੱਟ ਕਮੇਟੀ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਵੱਲੋਂ ਇੱਕ ਸਭਿਆਚਾਰਕ ਸ਼ਾਮ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਜੀਵ ਪਰਾਸ਼ਰ ਆਈ.ਏ.ਐੱਸ ਉਚੇਚਾ ਪਧਾਰੇ। ਪਿੰਡ ਦੇ ਸਰਪੰਚ ਜਸਪਾਲ ਸਿੰਘ ਨੇ ਆਏ ਮਹਿਮਾਨਾ ਅਤੇ ਪਤਵੰਤਿਆਂ ਨੂੰ ਜੀਓ ਆਇਆਂ ਕਿਹਾ। ਇਸ ਸਮਾਗਮ ਵਿਚ ਮਨਵਿੰਦਰਬੀਰ ਸਿੰਘ ਡੀ.ਐਸ.ਪੀ ਕੋਟਕਪੂਰਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ। ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐੱਸ ਨੂੰ ‘ਡਾ ਐੱਮ.ਐੱਸ ਰੰਧਾਵਾ ਯਾਦਗਾਰੀ ਪੁਰਸਕਾਰ’, ਉਘੇ ਲੋਕ ਗਾਇਕ ਹਰਦੇਵ ਮਾਹੀਨੰਗਲ ਨੂੰ ‘ਗੀਤਕਾਰ ਗੁਰਚਰਨ ਵਿਰਕ ਯਾਦਗਾਰੀ ਪੁਰਸਕਾਰ’ ਅਤੇ ਖੇਡ ਲੇਖਕ ਅਤੇ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਨੂੰ ‘ਕਲਮ ਦਾ ਮਾਣ ਪੁਰਸਕਾਰ’ ਪ੍ਰਦਾਨ ਕਰ ਕੇ ਸਨਮਾਨਿਆ ਗਿਆ। ਸਨਮਾਨਿਤ ਹਸਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਅਤੇ ਸਨਮਾਨ ਪੱਤਰ ਪੜ੍ਹਨ ਦੀ ਰਸਮ ਮੈਨੂੰ ਨਿਭਾਣੀ ਪਈ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਆਪਣੇ ਸੰਬੋਧਨ ਵਿਚ ਅਜਿਹੇ ਉਸਾਰੂ ਸਭਿਆਚਾਰਕ ਸਮਾਗਮ ਕਰਵਾਉਣ ਦੀ ਲੋੜ ‘ਤੇ ਜੋਰ ਦਿੱਤਾ ਅਤੇ ਪਿੰਡ ਦੀਆਂ ਮੁੱਖ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ। ਉਭਰਦੇ ਗਾਇਕ ਗੁਰਭੇਜ ਨੇ ਵੀ ਆਪਣੇ ਗੀਤ ਗਾ ਕੇ ਹਾਜ਼ਰੀ ਲੁਵਾਈ। ਨਵਦੀਪ ਗਿੱਲ ਨੇ ਆਖਿਆ ਕਿ ਕਲਮ ਦਾ ਮਾਣ ਪੁਰਸਕਾਰ ਉਸ ਲਈ ਹੌਸਲਾ ਵਧਾਊ ਤਾਂ ਹੈ ਹੀ ਸਗੋਂ ਭਵਿੱਖ ਵਿਚ ਕਲਮ ਲਈ ਚੁਣੌਤੀ ਵੀ ਹੈ ਕਿ ਕਲਮ ਲਗਾਤਾਰ ਚਲਦੀ ਰਹੇ। ਹਰਦੇਵ ਮਾਹੀਨੰਗਲ ਨੇ ਆਪਣੇ ਨਵੇਂ ਪੁਰਾਣੇ ਗੀਤ ਗਾ ਕੇ ਲੰਬਾ ਸਮਾਂ ਪਿੰਡ ਵਾਸੀਆਂ ਦਾ ਮੰਨੋਰੰਜਨ ਕੀਤਾ। ‘ਬੁੱਕਲ ਦੇ ਸੱਪ ਵਰਗਾ ਤੇਰਾ ਪਿਆਰ ਮਸ਼ੂਕੇ ਨੀ’, ਵੱਡੀ ਭਾਬੀ ਮਾਂ ਵਰਗੀ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ। ਲੋਕ ਸਾਹ ਰੋਕ ਕੇ ਸੁਣਦੇ ਮੈਂ ਅਦਾਪ ਤੱਕੇ। ਫਰੀਦਕੋਟ ਦੀ ਨਿਸ਼ਕਾਮ ਸੇਵਾ ਸੁਸਾਇਟੀ ਦੇ ਭਾਈ ਮਨਿੰਦਰ ਸਿੰਘ ਖਾਲਸਾ ਨੇ ਆਪਣੇ ਸਭਿਾਅਚਾਰ ਤੋਂ ਬੇਮੁਖ ਹੋ ਰਹੀ ਨਵੀਂ ਪੀੜ੍ਹੀ ‘ਤੇ ਚਿੰਤਾ ਪ੍ਰਗਟ ਕਰਦਿਆਂ ਆਪਣੀਆਂ ਦਲੀਲਾਂ ਦੇ ਲੋਕਾਂ ਨੂੰ ਕਾਇਲ ਕਰ ਲਿਆ। ਪਿੰਡ ਦੇ ਸਰਪੰਚ ਸ੍ਰ ਜਸਪਾਲ ਸਿੰਘ, ਯਮਲਾ ਜੱਟ ਕਮੇਟੀ ਦੇ ਪ੍ਰਧਾਨ ਦਿਆਲ ਚੰਦ, ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਬਿੱਕਰ ਸਿੰਘ, ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਕਈ ਹਸਤੀਆਂ ਹਾਜ਼ਰ ਸਨ। ਹਾਲੇ ਪ੍ਰੋਗਰਾਮ ਬੀਤੇ ਨੂੰ ਮਹੀਂਾ ਵੀ ਨਹੀਂ ਬੀਤਿਆ ਤੇ ਪਿੰਡ ਦੇ ਲੋਕ ਵਾਰ ਵਾਰ ਪੁਛਦੇ ਨੇ ਕਿ ਬਾਈ ਹੁਣ ਕਦੋਂ ਹੋਊ ਅਗਲਾ ਮੇਲਾ? ਇੱਥੋਂ ਪਤਾ ਲਗਦਾ ਹੈ ਕਿ ਲੋਕ ਚੰਗਾ ਚਾਹੁੰਦੇ ਹਨ, ਕੋਈ ਕਰਨ ਵਾਲਾ ਤਾਂ ਹੋਵੇ!
”ਜਲਦੀ ਕਰਦੇ ਆਂ ਬਾਈ ਅਗਲਾ ਮੇਲਾ।” ਇਹ ਕਹਿ ਕੇ ਮੈਂ ਅੱਗੇ ਲੰਘ ਜਾਂਦਾ ਹਾਂ।
ਫੋਟੋ-ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੂੰ ਡਾ ਐਮ ਐਸ ਰੰਧਾਵਾ ਪੁਰਸਕਾਰ ਭੇਟ ਕਰਦੇ ਹੋਏ ਨਿੰਦਰ ਘੁਗਿਆਣਵੀ, ਸਰਪੰਚ ਜਸਪਾਲ ਸਿੰਘ ਅਤੇ ਨਿਗਰ ਨਿਵਾਸੀ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …