Breaking News
Home / ਰੈਗੂਲਰ ਕਾਲਮ / ਤੇਰੇ ਕਿਆ ਕਹਿਣੇ ਪੰਡਤ ਰਾਓ!

ਤੇਰੇ ਕਿਆ ਕਹਿਣੇ ਪੰਡਤ ਰਾਓ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
ਪੰਡਤ ਰਾਓ ਧਰੇਨਵਰ ਬਾਰੇ ਕਿਸੇ ਸੱਜਣ ਨੇ ਲੇਖ ਲਿਖਿਆ, ਉਸਦਾ ਸਿਰਲੇਖ ਸੀ, ‘ਰੱਬ ਵਰਗਾ ਬੰਦਾ ਧਰੇਨਵਰ ਰਾਓ।’ ਸਿਰਲੇਖ ਪੜ੍ਹ ਕੇ ਮੈਂ ਸੋਚਣ ਲੱਗਿਆ ਕਿ ਇਹੋ ਸਿਰਲੇਖ ਤਾਂ ਮੈਂ ਰੱਖਣਾ ਸੀ ਰਾਓ ਬਾਰੇ ਲੇਖ ਲਿਖਦਿਆਂ। ਸਚਮੁੱਚ ਹੀ ਕਿੰਨਾ ਢੁੱਕਵਾਂ ਤੇ ਸਾਰਥਿਕ ਸਿਰਲੇਖ ਹੈ। ਜਿਹੜੇ ਪੰਡਤ ਰਾਓ ਨੂੰ ਜਾਣਦੇ ਨੇ, ਉਨ੍ਹਾਂ ਨੂੰ ਪਤੈ, ਉਹ ਸੱਚੀਉਂ ਹੀ ਰੱਬ ਵਰਗਾ ਬੰਦਾ ਹੈ। ਕਦੇ-ਕਦੇ ਉਹਦੇ ਬਾਰੇ ਸੋਚਕੇ ਮੈਂ ਬਹੁਤ ਹੈਰਾਨ ਹੁੰਦਾ ਹਾਂ। ਮੇਰੇ ਮੂੰਹੋਂ ਨਿਕਲਦਾ ਹੈ, ਮਾਂ ਬੋਲੀਏ ਪੰਜਾਬੀਏ, ਤੂੰ ਕਿੰਨੇ ਚੰਗੇ ਕਰਮਾਂ, ਭਾਗਾਂ ਵਾਲੀ ਏਂ, ਇਕ ਕਰਨਾਟਕੀ ਪੁੱਤਰ ਵੇਖ ਲੈ, ਤੇਰੇ ਸਿਰ ਕਿਵੇਂ ਸਿਹਰੇ ਸਿਜਾ ਰਿਹਾ ਹੈ। ਤੇਰੀ ਮਹਿਮਾ ਤੋਂ ਬਲਿਹਾਰੇ ਜਾ ਰਿਹਾ ਹੈ। ਤੇਰੇ ਆਪਣੇ ਸਕੇ-ਸੋਧਰੇ ਤੇਰੇ ਤੋਂ ਮੂੰਹ ਭੁਆ ਰਹੇ ਨੇ, ਤੇ ਕਈ ਵਾਰੀ ਤੈਨੂੰ ਉਚੀਆਂ ਥਾਵਾਂ ਉਤੇ ਬੋਲਣ ਤੇ ਆਪਣੀ ਹੇਠੀ ਸਮਝਦੇ ਨੇ, ਤੇ ਇਹ ਮਾਂ ਦਾ ਸ਼ੇਰ ਰਾਓ, ਇਹਦੇ ਤਾਂ ਕਹਿਣੇ ਹੀ ਕੀ ਨੇ! ਅਖੌਤੀ ਸਾਹਿਤ ਸਭੀਏ ਚੌਧਰਾਂ ਦੇ ਭੁੱਖੇ ਤੇ ਮਾਂ ਬੋਲੀ ਦੇ ਝੰਡਾ ਬਰਦਾਰ ਬਣੀਂ ਫਿਰਦੇ ਕਦੇ ਨਹੀਂ ਸੋਚਦੇ ਕਿ ਪੰਡਤ ਰਾਏ ਨੂੰ ਦੋ ਧੰਨਵਾਦੀ ਸ਼ਬਦ ਹੀ ਕਹਿ ਦੇਈਏ। ਨਹੀਂ ਕਹਿੰਦੇ, ਨਾ ਕਹਿਣ ਉਹਨੂੰ ਕੋਈ ਫਰਕ ਨਹੀਂ ਪੈਂਦਾ।
ਡਾ. ਰਾਓ ਚੰਡੀਗੜ ਸਰਕਾਰੀ ਕਾਲਜ ਵਿਚ ਅਧਿਆਪਕ ਹੈ। ਉਹ ਉਹਨੂੰ ਮਸ਼ਹੂਰੀ ਦੀ ਲੋੜ ਨਹੀਂ, ਉਹ ‘ਪੰਜਾਬੀ ਪੁੱਤਰ’ ਕਰਕੇ ਮਸ਼ਹੂਰ ਹੋ ਚੁੱਕੈ। ਉਹਦੇ ਸਾਈਕਲ ਮੂਹਰੇ ਊੜਾ, ਆੜਾ ਈੜੀ ਸੱਸਾ’ ਵਾਲਾ ਫੱਟਾ ਟੰਗਿਆ ਹਮੇਸ਼ਾ ਮਿਲੇਗਾ। ਚਾਹੇ ਸਾਈਕਲ ਉੱਤੇ ਜਾ ਰਿਹਾ ਹੈ, ਚਾਹੇ ਆਟੋ ਵਿਚ ਹੈ, ਚਾਹੇ ਬੱਸ ਵਿਚ ਜਾ ਰਿਹਾ ਹੈ ਤੇ ਚਾਹੇ ਕਿਸੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਬੈਠਾ ਹੈ, ਇਹ ਫੱਟਾ ਉਹ ਹੱਥੋਂ ਨਹੀਂ ਛਡਦਾ। ਵਾਰੇ-ਵਾਰੇ ਜਾਈਏ ਤੇਰੇ ਪਿਆਰੇ ਮਿੱਤਰਾ!
ਡੇਢ ਦਰਜਨ ਤੋਂ ਵੱਧ ਉਸਦੀਆ ਕਿਤਾਬਾਂ ਹਨ, ਜੋ ਉਹਨੇ ਪੰਜਾਬੀ ਤੋਂ ਕੰਨੜ ਤੇ ਕੰਨੜ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ। ਜਪੁਜੀ ਸਾਹਿਬ ਤੇ ਸ੍ਰੀ ਜਾਪ ਸਾਹਿਬ ਦੇ ਕੰਨੜ ਵਿਚ ਅਨੁਵਾਦ ਵਾਲਾ ਕਾਰਜ ਕਰਕੇ ਉਸਨੇ ਮਾਅਰਕਾ ਮਾਰਿਆ। ਇਸ ਤੋਂ ਬਿਨਾ ਉਸਦੀਆਂ ਕਈ ਕਿਤਾਬਾਂ  ਜ਼ਿਕਰਯੋਗ ਹਨ। ਉਸਨੇ ਲੱਚਰ ਗਾਇਕੀ ਖਿਲਾਫ ਪੰਜਾਬ ਤੇ ਹਰਿਆਣਾ ਵਿਚ ਅਪੀਲ ਪਾਈ ਹੋਈ ਹੈ ਕਿ ਪੰਜਾਬੀ ਮਾਂ ਬੋਲੀ ਵਿਚ ਗੰਦੇ ਗੀਤ ਤੁਰੰਤ ਰੋਕੇ ਅਦਾਲਤ। ਉਹ ਜਿਹੜਾ ਵੀ ਦਫਤਰ ਦੇਖਦਾ ਹੈ ਕਿ ਇਥੇ ਫੱਟਾ ਅੰਗਰੇਜ਼ੀ ਵਿਚ ਲੱਗਿਆ ਹੈ, ਤੁਰੰਤ ਅਪੀਲਾਂ-ਦਲੀਲਾਂ ਦੇ ਕੇ ਪੰਜਾਬੀ ਵਿਚ ਲਿਖਵਾਉਦਾ ਹੈ ਤੇ ਚੰਡੀਗੜ ਦੇ ਸਾਰੇ ਥਾਣਿਆਂ ਦੇ ਫੱਟੇ ਉਸੇ ਨੇ ਹੀ ਪੰਜਾਬੀ ਵਿਚ ਲਿਖਵਾਏ ਹਨ। ਸੋ, ਸਾਡੇ ਕਵੀ-ਲਿਖਾਰੀ ਤਾਂ ਸਿਰਫਲ ਕਵਿਤਾਵਾਂ ਗਜਲਾਂ ਲਿਖਣ ਜੋਗੇ ਤੇ ਇੱਕ ਦੂਜੇ ਨੂੰ ਸੁਣਾ ਕੇ ਪਿੱਠ ਥਾਪੜ ਕੇ ਆਪਣਾ ਆਪਣਾ ਝਾਸਾ ਪੂਰਾ ਕਰਨ ਜੋਗੇ ਹੀ ਹਨ।
ਕਰਨਾਟਕਾ ਪ੍ਰਾਂਤ ਦੇ ਜਿਲਾ ਵਿਜਾਪੁਰ ਵਿਚ ਪੈਂਦੇ ਪਿੰਡ ਸਿਰਸਾਡ ਦੇ ਸ੍ਰੀ ਚੰਦਰ ਸੇਖਰ ਅਤੇ ਸ੍ਰੀ ਮਤੀ ਕਮਲਾ ਦੇਵੀ ਦੇ ਘਰ ਪੈਦਾ ਹੋਏ ਪੰਡਤ ਰਾਓ ਧਰੇਨਵਰ ਵੱਲੋਂ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾ ਅਤੇ ਡਾਹਢਾ ਮਾਣ ਕਰਨਯੋਗ ਹਨ। ਆਪ ਜੀ ਹੁਣ ਤੱਕ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜਫਰਨਾਮਾ, ਭਾਈ ਜੈਤਾ ਜੀ ਦੀ ਗੁਰੂ ਕਥਾ, ਸ੍ਰੀ ਜਾਪੁ ਸਾਹਿਬ, ਆਸਾ ਜੀ ਦੀ ਵਾਰ ਸਮੇਤ ਕਈ ਹੋਰ ਪੁਸਤਕਾਂ ਦਾ ਕੰਨੜ ਵਿਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਇਸ ਤਰਾਂ ਹੀ ਆਪ ਜੀ ਨੇ ਕੰਨੜ ਤੋਂ ਪੰਜਾਬੀ ਵਿਚ ਸੱਤ ਪੁਸਤਕਾਂ ਦਾ ਅਨੁਵਾਦ ਕਰ ਕੇ ਪ੍ਰਕਾਸ਼ਤ ਕਰਵਾਇਆ ਅਤੇ ਹੋਰਨਾਂ ਵੱਖ-ਵੱਖ ਭਾਸ਼ਾਵਾਂ ਵਿਚ ਆਪ ਨੇ ਛੇ ਪੁਸਤਕਾਂ ਭਾਰਤੀ ਸਾਹਿਤ ਸੰਸਾਰ ਨੂੰ ਪ੍ਰਦਾਨ ਕੀਤੀਆਂ ਹਨ। ਪੰਜਾਬੀ ਬੋਲੀ ਪ੍ਰਤੀ ਆਪ ਦੀ ਬੇਮਿਸਾਲ ਨਿਸ਼ਠਾ ਅਤੇ ਭਾਵਨਾ ਇਸ ਗੱਲ ਤੋਂ ਵੀ ਭਲੀਭਾਂਤ ਉਜਾਗਰ ਹੁੰਦੀ ਹੈ, ਜਦੋਂ ਦੱਖਣੀ ਖਿੱਤੇ ਵਿਚੋਂ ਆ ਕੇ ਪੀ.ਜੀ.ਆਈ ਵਿਚ ਕੰਮ ਕਰ ਰਹੇ ਡਾਕਟਰਾਂ ਨੂੰ ਇਹਨਾਂ ਨੇ ਪੰਜਾਬੀ ਭਾਸ਼ਾ ਸਿਖਾਈ, ਤਾਂ ਕਿ ਉਹ ਪੰਜਾਬੀ ਮਰੀਜ਼ਾਂ ਨਾਲ ਪੰਜਾਬੀ ਵਿਚ ਹੀ ਗੱਲਬਾਤ ਕਰ ਕੇ ਉਹਨਾਂ ਦਾ ਬੇਹਤਰ ਇਲਾਜ ਕਰ ਸਕਣ। ਪੰਡਤ ਰਾਓ ਧਰੇਨਵਰ ਕੰਨੜ, ਪੰਜਾਬੀ, ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ ਤੇ ਮਲਿਆਲਮ ਭਾਸ਼ਾਵਾਂ ਦੇ ਵੀ ਗੂੜ੍ਹ-ਗਿਆਤਾ ਹਨ ਅਤੇ ਇਹਨਾਂ ਸਾਰੀਆਂ ਭਾਸ਼ਵਾਂ ਵਿਚ ਲਗਾਤਾਰ ਕੰਮ ਕਰ ਰਹੇ ਹਨ।
ਵੱਡੀ ਗੱਲ ਜਦੋਂ ਉਹ ਪੀ.ਜੀ.ਆਈ. ਵਿਚ ਸਾਊਥ ਦੇ ਡਾਕਟਰ ਜੋ ਪੰਜਾਬੀ ਤੋਂ ਪੰਜਾਬੀ ਤੋਂ ਅਣਜਾਣ ਹਨ, ਆਥਣ ਵੇਲੇ ਉਨ੍ਹਾਂ ਨੂੰ ਸੇਵਾ ਦੇ ਤੌਰ ‘ਤੇ ਪੰਜਾਬੀ ਸਿਖਾ ਰਿਹਾ ਹੁੰਦੈ ਤਾਂ ਕਿ ਪੰਜਾਬ ਤੋਂ ਆਏ ਪੇਂਡੂ ਮਰੀਜ਼ਾਂ ਨਾਲ ਉਹ ਪੰਜਾਬੀ ਵਿਚ ਸੌਖੀ ਤਰਾਂ ਗਲਬਾਤ ਕਰ ਸਕਣ। ਕਦੇ ਉਹ ਚੰਡੀਗੜ ਨੇੜੇ ਥਾਣਿਆਂ ਚੌਕੀਆਂ ਤੇ ਹੋਰ ਦਫ਼ਤਰਾਂ ਵਿਚ ਆਪਣਾ ਸਾਈਕਲ ਲਿਆ ਖਲ੍ਹਾਰਦਾ ਹੈ ਤੇ ਪ੍ਰੇਰਿਤ ਕਰਦਾ ਹੈ ਕਿ ਪੰਜਾਬੀ ਬੋਰਡ ਲਾਓ, ਅਜਿਹੇ ਯਤਨਾਂ ਲਈ ਉਹਨੂੰ ਕੋਈ ਨਾਂਹ ਨਹੀਂ ਕਰਦਾ। ਕੇਂਦਰੀ ਖ਼ਜਾਨਾ ਯੂ.ਟੀ. ਚੰਡੀਗੜ੍ਹ ਦਾ ਬੋਰਡ ਹਿੰਦੀ-ਅੰਗਰੇਜ਼ੀ ਵਿਚ ਜੀ, ਇਹ ਜਾ ਉਥੇ ਕੁਰਲਾਇਆ ਤੇ ਸਭ ਤੋਂ ਉੱਪਰ ਪੰਜਾਬੀ ਵਿਚ ਲਿਖਵਾਇਆ। ਇਕ ਦਿਨ ਉਸਨੂੰ ਇਕ ਸੰਸਥਾ ਵੱਲੋਂ ਚੈੱਕ ਅੰਗਰੇਜ਼ੀ ਵਿਚ ਆਇਆ, ਉਸ ਝਟ ਮੋੜ ਘੱਲਿਆ ਕਿ ਪੰਜਾਬੀ ਵਿਚ ਲਿਖੋ। ਉਸਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਪਣੇ ਵਲੋਂ ਚੈੱਕ ਭੇਜਿਆ ਤੇ ਨਾਲ ਲਿਖਿਆ ਕਿ ਖੇਤੀਬਾੜੀ ਯੂਨੀਵਰਸਿਟੀ ਬੋਰਡ ਪੰਜਾਬੀ ਵਿਚ ਲਿਖਵਾਉਣ ਲਈ ਸੇਵਾ ਫਲ ਹੈ।
ਕਦੇ ਉਹ ਗੈਰ ਪੰਜਾਬੀ ਇੰਜਨੀਅਰਾਂ ਨੂੰ ਪੰਜਾਬੀ ਸਿਖਾਉਂਦਾ ਹੈ। ਕਦੇ ਪੰਜਾਬੀ ਬਚਾਓ ਕਾਰਵਾਂ ਕਢਦਾ ਹੈ। ਕਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਚਿੰਤਾਤੁਰ ਹੋਕੇ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਭੁੱਖਣ ਭਾਣਾ ਤੁਰਿਆ ਫਿਰਦਾ ਹੈ।
ਸਾਈਕਲ ਉਤੇ ਲੰਮੀਆਂ ਯਾਤਰਾਵਾਂ ਕਰਦਾ ਹੈ। ਸਾਰੇ-ਸਾਰੇ ਪੰਜਾਬੀ ਬੋਲੀ ਦੇ ਮਾਣ ਲਈ ਕੂਕਦਾ ਹੈ। ਪੰਜਾਬੀ ਨਾਲ ਉਹਦਾ ਡਾਹਢਾ ਇਸ਼ਕ ਵੇਖਕੇ ਰਸ਼ਕ ਹੁੰਦਾ ਹੈ। ਨਿਮਰਤਾ ਏਨੀ ਕਿ ਰਹੇ ਰੱਬ ਦਾ ਨਾਂ। ਕਿਸੇ ਤੋਂ ਇਕ ਚੁਆਨੀ ਦਾ ਵੀ ਰਵਾਦਾਰ ਨਹੀਂ; ਸਭ ਕੁਝ ਜੇਬ ਵਿਚੋਂ ਖਰਚਦਾ-ਖਾਂਦਾ ਹੈ।
ਇਸੇ ਸਾਲ ਦੇ ਆਰੰਭ ਵਿਚ ਟੋਰਾਂਟੋ ਤੋਂ ਰੇਡੀਓ ਪ੍ਰੋਗਰਾਮਾ ‘ਪੰਜਾਬ ਦੀ ਗੂੰਜ’ ਦੇ ਸੰਚਾਲਕ ਸ੍ਰੀ ਕੁਲਦੀਪ ਦੀਪਕ ਆਪਣੀ ਪਤਨੀ ਸ਼ਰਨ ਦੀਪਕ ਨਾਲ ਪੰਜਾਬ ਆਏ ਸਨ। ਇਸ ਤੋਂ ਪਹਿਲਾ ਉਹ ਰਾਓ ਨਾਲ ਰੇਡੀਓ ਉੱਤੇ ਟੋਰਾਂਟੋ ਗਲਬਾਤ ਕਰ ਚੁੱਕੇ ਹੋਏ ਸਨ। ਇਸ ਵਾਰ ਅਸੀਂ ਰੇਡੀਓ ‘ਪੰਜਾਬ ਦੀ ਗੂੰਜ’ ਵਲੋਂ ‘ਸਾਹਿਤਕ ਪੁਰਸਕਾਰ-2017’ ਡਾ. ਰਾਓ ਨੂੰ ਪ੍ਰਦਾਨ ਕਰਨ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਿਚ ਪ੍ਰੋਗਰਾਮ ਰੱਖ ਲਿਆ ਗਿਆ।
ਪ੍ਰੋਗਰਾਮ ਦੇ ਮੁਖ ਮਹਿਮਾਨ ਕਾਹਨ ਸਿੰਘ ਪਨੂੰ ਆਈ ਏ ਐਸ, ਸੈਸ਼ਨ ਜੱਜ ਜੇ.ਐਸ.ਖੁਸ਼ਦਿਲ, ਪ੍ਰੋ.ਯੋਗਰਾਜ, ਐਸ.ਪੀ. ਜੋਸ਼ੀ ਆਈ.ਪੀ.ਐਸ, ਤੇ ਡਾ. ਆਰ ਕੇ ਸ਼ਰਮਾ ਵਰਗੀਆਂ ਹਸਤੀਆਂ ਆਣ ਕੇ ਹਾਲ ਵਿਚ ਸਜ ਗਈਆਂ ਪਰ ਡਾ. ਰਾਓ ਨਹੀਂ ਸੀ ਬਹੁੜਿਆ ਹਾਲੇ। ਮੈਂ ਫ਼ਿਕਰ ਵਿਚ ਸਾਂ, ਫੋਨ ਕੀਤਾ ਤਾਂ ਆਵਾਜ਼ ਆਈ, ”ਬਾਰਿਸ਼ ਬਹੁਤ ਹੈ, ਮੈਂ ਆਟੋ ਉਤੇ ਆ ਰਿਹਾ ਹਾਂ।” ਫਿਰ ਫੋਨ ਆਇਆ, ”ਬਾਰਿਸ਼ ਥੰਮ ਗਈ ਹੈ, ਮੈਂ ਸਾਈਕਲ ਉੱਤੇ ਆ ਰਿਹਾ ਹਾਂ।” ਮੈਂ ਹੇਠਾਂ ਵਰਾਂਡੇ ਵਿਚ ਲੈਣ ਚਲਾ ਗਿਆ। ਉਹ ਭਿਜਦਾ ਹੋਇਆ, ਨਾਲ ਇਕ ਵਿਦਿਆਰਥੀ, ਜੋ ਸਾਈਕਲ ਪਿਛੇ ਬੈਠਾ ਸੀ, ਆ ਪੁੱਜਾ। ਪੰਜਾਬੀ ਵਾਲਾ ਫੱਟਾ ਸਾਈਕਲ ਮੂਹਰੇ ਲਟਕ ਰਿਹਾ ਸੀ। ਮੇਰੇ ਮੂੰਹੋਂ ਨਿਕਲਿਆ, ”ਤੇਰਾ ਦੇਣਾ ਕਿਥੇ ਦੇਵਾਂਗੇ ਡਾ. ਰਾਓ, ਧੰਨ ਹੈਂ ਤੂੰ ਮੇਰੇ ਮਿੱਤਰਾ।” ਮੇਰੀਆਂ ਅੱਖਾਂ ਨਮ ਹੋ ਗਈਆਂ। ਸਮਾਗਮ ਸਿਖਰਦਾ ਹੋ ਨਿਬੜਿਆ ਤੇ ਸਨਮਾਨ ਵਿਚ ਦਿੱਤੀ ਰਾਸ਼ੀ ਵਾਪਸ ਮੋੜਦਾ ਉਹ ਬੋਲਿਆ, ”ਕਿਸੇ ਲੋੜਵੰਦ ਨੂੰ ਦੇ ਦੇਣਾ।” ਮੈਂ ਸੋਚਣ ਲੱਗਿਆ ਕਿ ਇਹਦੀ ਤਾਂ ‘ਤੇ ਜੇ ਸਾਡਾ ਕੋਈ ਰੱਜਿਆ-ਪੁੱਜਿਆ ਪੰਜਾਬੀ ਲੇਖਕ ਹੁੰਦਾ, ਉਸਨੇ ਸਗੋਂ ਕਹਿਣਾ ਸੀ ਕਿ ਰਾਸ਼ੀ ਘੱਟ ਹੈ!
ਪੰਡਤ ਰਾਓ ਬਾਰ ਗੱਲਾਂ ਬਹੁਤ ਹਨ ਕਰਨ ਵਾਲੀਆਂ। ਪਰ ਵਕਤ ਆਗਿਆ ਨਹੀ ਦਿੰਦਾ। ਤੁਸੀਂ ਫੋਨ ‘ਤੇ ਪੰਡਤ ਰਾੲੈ ਨਾਲ ਜਦੋਂ ਮਰਜੀ ਗੱਲ ਕਰੋ-9988351695
[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਸਿੱਧੂ ਇਸ ਖ਼ਬਰ ਨੂੰ ਬਹੁਤਾ ਨਹੀਂ ਟਾਇਮ ਹੋਇਆ, ਪ੍ਰਧਾਨ ਕਾਂਗਰਸ ਦਾ …