ਹਰਦੇਵ ਸਿੰਘ ਧਾਲੀਵਾਲ, 98150-37279
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਦੀ ਹੇਠ ਬਣ ਗਈ ਹੈ। ਪਹਿਲਾਂ ਹਰ ਪਾਰਟੀ ਆਪਣੀ ਸਰਕਾਰ ਦੀ ਗੱਲ ਕਰਦੀ ਸੀ, ਪਰ ਚੋਣ ਤੋਂ 15-20 ਦਿਨ ਪਹਿਲਾਂ ਇਹ ਗੱਲ ਸਪੱਸ਼ਟ ਹੋ ਗਈ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਆਪ ਪਾਰਟੀ ਵਿੱਚ ਹੈ। ਅਕਾਲੀ ਤੇ ਬੀ.ਜੇ.ਪੀ. ਪੱਛੜ ਗਏ ਹਨ। ਪੰਜਾਬ ਵਿੱਚ ਕਾਂਗਰਸ ਦੀ ਹੋਂਦ ਕੈਪਟਨ ਅਮਰਿੰਦਰ ਸਿੰਘ ਕਾਰਨ ਬਚੀ ਹੈ। ਹੁਣ ਸੁਖਪਾਲ ਸਿੰਘ ਖਹਿਰਾ ਵਰਗੇ ਹੋਰ ਵਿਰੋਧੀ ਲੀਡਰ ਮੰਨਣ ਲੱਗ ਗਏ ਹਨ ਕਿ ਪੰਜਾਬ ਵਿੱਚ ਕਾਂਗਰਸ ਕੈਪਟਨ ਕਰਕੇ ਆਈ ਹੈ। ਜਿੱਥੇ ਇਹ ਗੱਲ ਠੀਕ ਹੈ, ਉੱਥੇ ਕੈਪਟਨ ਦਾ ਅਕਸ ਬਾਦਲ ਪਰਿਵਾਰ ਤੋਂ ਹੋਰ ਤਕੜਾ ਹੋਇਆ ਹੈ। ਬੀ.ਜੇ.ਪੀ. ਮਨੀਪੁਰ ਤੇ ਗੋਆ ਵਿੱਚ ਕੁੱਝ ਧੱਕਾ ਕਰ ਗਈ, ਪਰ ਯੂ.ਪੀ.ਦੀ ਚੋਣ ਨੇ ਬੀ.ਜੇ.ਪੀ. ਦੀ ਸ਼ਾਖ ਬਚਾਈ ਹੀ ਨਹੀਂ ਸਗੋਂ ਦੇਸ਼ ਵਿੱਚ ਬਹਾਲ ਕਰ ਦਿੱਤੀ। ਇਸ ਦਾ ਵੱਡਾ ਕਾਰਨ ਹਿੰਦੂਤਵ ਦਾ ਪ੍ਰਚਾਰ ਹੀ ਹੈ। ਬਾਕੀ ਮੁਸਲਮਾਨ ।ਵੀ ਉਬੈਸੀ ਸਾਹਿਬ ਦੀ ਗੱਲ ਸੁੰਨਣ ਦੀ ਬਜਾਏ ਮਿਲਵਰਤਨ ਤੇ ਆ ਗਏ। ਅਕਾਲੀ ਦਲ ਵਿੱਚ ਵੱਡੇ ਬਾਦਲ ਮੁੱਖ ਮੰਤਰੀ ਤੇ ਸਰਪ੍ਰਸਤ ਜ਼ਰੂਰ ਸਨ, ਪਰ ਅਸਲ ਤਾਕਤ ਸ. ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੀ ਰਹੀ। ਉਨ੍ਹਾਂ ਦੀ ਲੋਕਾਂ ਵਿੱਚ ਚੰਗੀ ਸ਼ਾਖ ਬਹਾਲ ਨਹੀਂ ਹੋ ਸਕੀ, ਮਜੀਠੇ ਦੀ ਸ਼ੀਟ ਬਿਕਰਮਜੀਤ ਸਿੰਘ ਮਜੀਠੀਆ ਜਿੱਤ ਗਏ ਹਨ, ਜਿੱਤੇ ਵੀ ਚੰਗੇ ਫਰਕ ਨਾਲ, ਅਸਲ ਵਿੱਚ ਉਹ ਨਵਜੋਤ ਸਿੰਘ ਸਿੱਧੂ ਤੇ ਹਾਵੀ ਹੋਣਾ ਚਾਹੁੰਦੇ ਸਨ, ਇਹੋ ਹੀ ਕਾਰਨ ਹੈ ਕਿ ਸਿੱਧੂ ਨੂੰ ਬੀ.ਜੇ.ਪੀ. ਛੱਡਣੀ ਪਈ। ਨਵਜੋਤ ਸਿੰਘ ਸਿੱਧੂ ਦੀ ਇਹ ਗੱਲ ਠੀਕ ਹੈ ਕਿ ਜੇਕਰ ਬੀਂ.ਜੇ.ਪੀ.ਅਕਾਲੀਆਂ ਤੋਂ ਵੱਖ ਹੋ ਜਾਂਦੀ ਤਾਂ ਉਸ ਦੀ ਕੁੱਝ ਵੱਖਰੀ ਹੋਂਦ ਕਾਇਮ ਹੋ ਜਾਣੀ ਸੀ, ਪਰ ਕੇਂਦਰੀ ਬੀ.ਜੇ.ਪੀ. ਵਾਲੇ ਸਿੱਖਾਂ ਵਿੱਚ ਆਪਣੀ ਸ਼ਾਖ ਅਕਾਲੀ ਦਲ ਰਾਹੀਂ ਹੀ ਦੇਖਦੇ ਹਨ। ਇਸ ਲਾਭ ਕੁੱਝ ਦੂਜੇ ਪ੍ਰਦੇਸ਼ਾਂ ਵਿੱਚ ਹੁੰਦਾ ਵੀ ਹੋਏਗਾ। ਬਾਦਲ ਪਰਿਵਾਰ ਮਜੀਠੀਏ ਨੂੰ ਛੱਡ ਨਹੀਂ ਸਕਦਾ, ਅਸੰਭਵ ਹੈ।
ਬਾਦਲ ਪਰਿਵਾਰ ਦੇ ਹਰ ਪਾਸੇ ਤੋਂ ਦੋਸ਼ ਲੱਗ ਰਹੇ ਸਨ। ਕਿਹਾ ਜਾਂਦਾ ਸੀ ਕਿ ਇੱਕ ਨੰਬਰ ਤੇ ਇੱਕ ਤੋਂ ਵੱਧ ਬੱਸਾਂ ਚਲਦੀਆਂ ਹਨ, ਕੋਈ ਵੱਡਾ ਰੂਟ ਹੋਵੇ ਤਾਂ ਬਾਦਲ ਪਰਿਵਾਰ ਦੀਆਂ ਬੱਸਾਂ ਛਾਈਆਂ ਹੋਈਆਂ ਸਨ। ਚੰਡੀਗੜ੍ਹ ਦਾ ਨਵਾਂ ਬੱਸ ਅੱਡਾ ਬਾਦਲ ਸਾਹਿਬ ਦੀਆਂ ਬੱਸਾਂ ਕਾਰਨ ਬਣਿਆ ਦੱਸਿਆ ਗਿਆ ਹੈ। ਇਸ ਅੱਡੇ ਕਾਰਨ ਲੋਕ ਦੁਬਿਧਾ ਵਿੱਚ ਸਨ। ਖਰਚੇ ਵੱਧ ਲੱਗਦੇ ਸਨ ਤੇ ਇਨ੍ਹਾਂ ਬੱਸਾਂ ਦੇ ਕਰਮਚਾਰੀ ਮਨਮਰਜੀ ਵੀ ਕਰਦੇ ਸੀ। ਕਈਆਂ ਨੂੰ ਵੱਧ ਕਿਰਾਏ ਦੀ ਸ਼ਿਕਾਇਤ ਹੁੰਦੀ। ਹਰ ਕੋਈ ਬੱਸ ਵਿੱਚ ਪੱਗ ਬਚਾ ਕੇ ਬੈਠਦਾ ਸੀ। ਹੁਣ ਸੜਕਾ ਤੇ ਰੂਟ ਅਨੁਸਾਰ ਹੀ ਦਿਸਦੀਆਂ ਹਨ, ਵਾਧੂ ਨਹੀਂ। ਬੱਸਾਂ ਦੇ ਰੂਟ ਪੁਰਾਣੇ ਓਪਰੇਟਰਾਂ ਤੋਂ ਇਸ ਪਰਿਵਾਰ ਨੇ ਧੱਕੇ ਨਾਲ ਖਰੀਦੇ। ਮੁੱਢ ਵਿੱਚ ਇਹ ਸਾਰੀਆਂ ਬੱਸਾਂ ਤੇ ਆਰਬਿੱਟ ਲਿਖਣ ਲੱਗ ਗਏ ਸਨ, ਫੇਰ ਨੀਤੀ ਬਦਲ ਦਿੱਤੀ ਕਿਉਂਕਿ ਟੈਕਸ ਦੀਆਂ ਅੜਚਣਾਂ ਤੇ ਇੱਕ ਨਾਂ ਨਾਲ ਬਹੁਤੀ ਚਰਚਾ ਹੋਣੀ ਸੀ, ਪਰ ਇਹ ਫੇਰ ਵੀ ਹੋ ਗਈ। ਬੱਸਾਂ ਤੇ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲ ਗਈ ਹੈ। ਰੋਡਵੇਜ਼ ਦੀਆਂ ਬੱਸਾਂ ਰੂਟਾਂ ਤੇ ਹੁਣ ਦਿਸ ਰਹੀਆਂ ਹਨ। ਪੰਜਾਬ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਆਈ ਕਿਹਾ ਜਾਂਦਾ ਹੈ ਉਸ ਵਿੱਚ ਸਰਕਾਰੀ ਪਰਿਵਾਰ ਵੱਲੋਂ ਹਿੱਸਾ ਮੰਗਿਆ ਜਾਂਦਾ ਸੀ। ਜਲੰਧਰ ਵਿੱਚ ਹਵੇਲੀ (ਹੋਟਲ) ਨੂੰ ਚੰਗੀ ਆਮਦਨ ਹੋਈ, ਉਸ ਨੂੰ ਡੀ.ਟੀ.ਓ. ਤੇ ਸਰਕਾਰੀ ਕਰਮਚਾਰੀ ਤੰਗ ਕਰਦੇ ਰਹੇ। ਲੋਕ ਉਸ ਨੂੰ ਘਰੇਲੂ ਫੋਰਸ ਹੀ ਕਹਿੰਦੇ ਸਨ। ਅਜਿਹੇ ਹੋਰ ਵੀ ਕਈ ਹੋਟਲ ਤੇ ਢਾਬੇ ਛੱਕ ਦੇ ਘੇਰੇ ਵਿੱਚ ਹਨ। ਪੰਜਾਬ ਦੀ ਆਰਥਿਕ ਦਸ਼ਾ ਨਿੱਘਰ ਗਈ ਹੈ। ਅਸੀਂ 180 ਹਜ਼ਾਰ ਕਰੋੜ ਤੋਂ ਵੱਧ ਦੇ ਕਰਜਈ ਹਾਂ। ਪਰ ਇੱਕ ਪਰਿਵਾਰ ਦੀ ਤਰੱਕੀ ਹੁੰਦੀ ਗਈ। ਨਰਮੇ ਤੇ ਘਟੀਆ ਦਵਾਈਆਂ ਦਾ ਸਾਰੇ ਮਾਲਵੇ ਵਿੱਚ ਰੌਲਾ ਪਿਆ। ਚਾਰ-ਪੰਜ ਜਿਲ੍ਹਿਆਂ ਦੀ ਕਿਸਾਨੀ ਭੁੰਜੇ ਲਹਿ ਗਈ, ਪਰ ਸਬੰਧਤ ਮੰਤਰੀ ਨੂੰ ਕਿਸੇ ਨੇ ਪੁੱਛਿਆ ਹੀ ਨਾ। ਇਸ ਦਾ ਬਹੁਤਾ ਭਾਰ ਵੀ ਮੁੱਖ ਮੰਤਰੀ ਪਰਿਵਾਰ ਤੇ ਹੀ ਪਿਆ। ਵੱਡੇ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਹੁਣ ਦਿਖਾਵਾ ਹੀ ਹੋ ਨਿੱਬੜੇ, ਉਨ੍ਹਾਂ ਵਿੱਚ ਆਏ ਤੇ ਲੱਗੇ ਪੈਸੇ ਬਾਰੇ ਨਵੀਂ ਸਰਕਾਰ ਹੀ ਕੁੱਝ ਦੱਸ ਸਕੇਗੀ। ਸੰਗਤ ਦਰਸ਼ਨ ਵਿੱਚ ਲੱਗੇ ਪੈਸੇ ਨਾਲ ਕਈ ਅਫਸਰਾਂ ਤੇ ਕਰਮਚਾਰੀਆਂ ਨੇ ਹੱਥ ਰੰਗੇ। ਇਸ ਤੇ ਅਖੌਤੀ ਸਰਪੰਚਾਂ ਤੇ ਨਵੇਂ ਬਣੇ ਆਗੂ ਬਿਲਕੁਲ ਸਪਸ਼ਟ ਕਰ ਦਿੱਤੇ। ਸੰਗਤ ਦਰਸ਼ਨ ਦਾ ਪੈਸਾ ਉਸਾਰੂ ਕੰਮ ਤੇ ਨਹੀਂ ਸੀ ਲੱਗ ਰਿਹਾ, ਬਹੁਤਾ ਖੁਰਦ-ਬੁਰਦ ਹੀ ਹੋਇਆ। ਕੇਬਲ ਦਾ ਕੰਮ ਇੱਕ ਆਦਮੀ ਕੋਲ ਹੋਣ ਕਾਰਨ ਲੋਕਾਂ ਦਾ ਰੋਸ ਸਰਕਾਰ ਵਿਰੁੱਧ ਹੋਇਆ, ਬਹੁਤਿਆਂ ਦਾ ਰੁਜਗਾਰ ਮਾਰਿਆ ਗਿਆ। ਹੁਣ ਕੇਬਲ ਐਕਟ ਆਉਣਾ ਜਾਇਜ ਹੈ।
ਬੀ.ਜੇ.ਪੀ.ਵਿੱਚੋਂ ਵੀ ਕੋਈ ਵਿਰੋਧੀ ਅਵਾਜ਼ ਨਾ ਆਈ ਬੀ.ਜੇ.ਪੀ. ਦੇ ਵਰਕਰ ਅਕਸਰ ਥਾਣਿਆ ਤੇ ਤਹਿਸੀਲਾਂ ਵਿੱਚ ਆਪਣੀ ਜਾਣ ਪਛਾਣ ਪਹਿਲਾਂ ਕਰਵਾਉਂਦੇ ਸਨ, ਉਹ ਵੀ ਸ. ਸੁਖਬੀਰ ਸਿੰਘ ਅਨੁਸਾਰ 25 ਸਾਲ ਰਾਜ ਕਰਨ ਦੀ ਗੱਲ ਕਰਦੇ ਰਹੇ। ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਦੇ ਪਾਣੀ ਵਿੱਚ ਬੱਸ ਚਲਾਉਣ ਦੀ ਗੱਲ ਨੂੰ ਨਿੰਦਿਆ ਨਹੀਂ, ਜਦੋਂ ਕਿ ਸਭ ਨੂੰ ਪਤਾ ਹੈ। ਹਰੀਕੇ ਪੱਤਣ ਤੇ ਇਹ ਹੋ ਨਹੀਂ ਸੀ ਸਕਦਾ। ਪੈਸੇ ਦੀ ਨਿਗੂਣੀ ਵਰਤੋਂ ਹੋਈ। ਜੋ ਇੱਕ ਮਖੌਲ ਹੀ ਬਣ ਜਾਏਗਾ। ਇਸ ਬੱਸ ਦੀਆਂ ਗੱਲਾਂ ਲੰਮੇ ਸਮੇਂ ਤੱਕ ਹੁੰਦੀਆਂ ਰਹਿਣਗੀਆਂ। ਇਸ ਦਿਖਾਵੇ ਨੇ ਕਈ ਕਿਸਾਨਾਂ ਦੀ ਕਣਕ ਵਾਧੂ ਪਾਣੀ ਛੁਡਵਾਉਣ ਕਾਰਨ ਮਾਰੀ ਜਦੋਂ ਕਿ ਚੋਣਾਂ ਸਾਹਮਣੇ ਸਨ। ਬੀ.ਜੇ.ਪੀ. ਵਰਕਰਾਂ ਨੇ ਕਈ ਸ਼ਹਿਰਾਂ ਵਿੱਚ ਬੇਲੋੜੇ ਕੰਮ ਕਰਵਾਏ ਹਨ। ਨੋਟਬੰਦੀ ਦਾ ਨੁਕਸਾਨ ਪੰਜਾਬ ਵਿੱਚ ਤਾਂ ਹੋਇਆ ਵਪਾਰੀ ਮਜਦੂਰ ਤੰਗ ਹੋਏ। ਕਿਸਾਨਾਂ ਨੂੰ ਝੋਨੇ ਦੇ ਪੈਸੇ ਮਾਰਚ ਵਿੱਚ ਆ ਕੇ ਔਖ ਨਾਲ ਮਿਲੇ ਹਨ।
ਜੇਕਰ ਚੋਣ 9 ਮਹੀਨੇ ਪਹਿਲਾਂ ਹੋ ਜਾਂਦੀ ਤਾਂ ਪੰਜਾਬ ਵਿੱਚ ਲੋਕ ਆਪ ਦੇ ਪਿੱਛੇ ਸਨ ਫੇਰ ਹੌਲੀ-ਹੌਲੀ ਕਿਰ ਗਏ। ਸਿੱਖ ਪ੍ਰੰਪਰਾਵਾਂ ਨੂੰ ਇਨ੍ਹਾਂ ਨੇ ਸਮਝਿਆ ਹੀ ਨਾ, ਇੱਕ ਮੈਨੀਫੈਸਟੋ ਤੇ ਝਾੜੂ ਦੇ ਨਾਲ ਦਰਬਾਰ ਸਾਹਿਬ ਦੀ ਫੋਟੋ ਲਾ ਦਿੱਤੀ, ਸਿੱਖਾਂ ਦਾ ਅਕਸ਼ ਦਾੜੀ ਤੇ ਕੇਸਾਂ ਵਿੱਚ ਦੱਸਿਆ। ਇਸ ਨੇ ਵੀ ਆਪ ਦਾ ਕਾਫੀ ਨੁਕਸਾਨ ਦੱਸਿਆ। ਸ੍ਰੀ ਕੇਜ਼ਰੀਵਾਲ ਨੇ ਪੰਜਾਬ ਦੀ ਲੀਡਰਸ਼ਿੱਪ ਨੂੰ ਉਤਸ਼ਾਹਿਤ ਨਾ ਕੀਤਾ। ਆਪ ਦੇ ਅਸਲ ਵਰਕਰ ਟਿੱਕਟਾਂ ਤੋਂ ਖਾਲੀ ਰਹੇ। ਪੈਸੇ ਵਾਲੇ ਅਸੈਂਬਲੀ ਵਿੱਚ ਟਿਕਟਾਂ ਲੈ ਗਏ। ਸ. ਸੁੱਚਾ ਸਿੰਘ ਛੋਟੇਪੁਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਸਟਿੰਗ ਅਪ੍ਰੇਸ਼ਨ ਅਜੇ ਤੱਕ ਜਾਰੀ ਨਹੀਂ ਹੋਇਆ। ਲੋਕਾਂ ਨੂੰ ਇਹ ਵੀ ਭਰਮ ਪਿਆ ਕੇ ਕੇਜ਼ਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੁੰਦੇ ਹਨ, ਜਦੋਂ ਕਿ ਇਹ ਗੱਲ ਪੱਥਰ ਤੇ ਲਿਖੀ ਹੋਈ ਹੈ ਕਿ ਪੰਜਾਬੀ ਬਾਹਰੀ ਲੀਡਰਸ਼ਿੱਪ ਪ੍ਰਵਾਨ ਨਹੀਂ ਕਰਦੇ। ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦੀ ਸੋਚ ਫਿਰਕੂ ਸੀ। ਇਨ੍ਹਾਂ ਦੇ ਲੀਡਰਾਂ ਤੇ ਸ਼ੈਕਸ ਦੇ ਦੋਸ਼ ਵੀ ਲੱਗੇ। ਇਨ੍ਹਾਂ ਨੇ ਪੇਂਡੂ ਨੌਂਜਵਾਨ ਵਰਗ ਨੂੰ ਵਰਗਲਾਇਆ ਤਾਂ ਸਹੀ ਪਰ ਸੁਲਝਿਆ ਹੋਇਆ ਕਿਸਾਨ ਵਰਗ ਮੁੱਖ ਤੋਂ ਹੀ ਕੈਪਟਨ ਵੱਲ ਦੇਖਦਾ ਸੀ। ਸ੍ਰੀ ਕੇਜ਼ਰੀਵਾਲ ਪਾਰਟੀ ਦੇ ਲੀਡਰ ਦਾ ਫੈਸਲਾ ਨਾ ਕਰ ਸਕੇ। ਲੋਕਾਂ ਵਿੱਚ ਭਰਤ ਤੇ ਭੁਲੇਖੇ ਵੱਧਦੇ ਗਏ। ਆਪਣਾ ਵੋਟ ਵਧਾਉਣ ਲਈ ਖਾੜਕੂ ਲੀਡਰਾਂ ਨੂੰ ਵੀ ਅੰਮ੍ਰਿਤਸਰ ਮਿਲੇ, ਸਭ ਤੋਂ ਵੱਡੀ ਗੱਲ ਕੇਜ਼ਰੀਵਾਲ ਨੇ ਮੋਗੇ ਵਿੱਚ ਇੱਕ ਖਾੜਕੂ ਮੰਨੇ ਗਏ ਪਰਿਵਾਰ ਦੇ ਘਰ ਤੇ ਠਹਿਰ ਕੇ ਕੀਤੀ। ਉਨ੍ਹਾਂ ਨੂੰ ਆਸ ਸੀ ਕਿ ਗਰਮ ਸਿੱਖ ਨਾਲ ਲੱਗ ਜਾਣਗੇ। ਬਹੁਤ ਹਿੰਦੂ ਵੱਸੋਂ ਪਹਿਲਾਂ ਹੀ ਕਾਂਗਰਸ ਨਾਲ ਆ ਰਹੀ ਹੈ। ਵਪਾਰੀ, ਦੁਕਾਨਦਾਰ ਤੇ ਸਧਾਰਨ ਕੰਮ ਕਰਨ ਵਾਲੇ ਸਾਰੀ ਹਿੰਦੂ ਇਸ ਘਟਨਾ ਪਿੱਛੋਂ ਸ਼ੱਕ ਕਰ ਗਏ ਤੇ ਕਾਂਗਰਸ ਵੱਲ ਝੁਕ ਗਏ। ਇੱਕ-ਦੋ ਵਾਰਦਾਤਾਂ ਵੀ ਹੋਈਆਂ। ਕਿਸਾਨੀ ਪਹਿਲਾਂ ਹੀ ਕੈਪਟਨ ਵੱਲ ਦੇਖ ਰਹੀ ਸੀ, ਇਸ ਕਰਕੇ ਚੁੱਪ ਕੀਤੇ ਸਾਰੀ ਵੋਟ ਕੈਪਟਨ ਨੂੰ ਪੈ ਗਈ। ਇਨ੍ਹਾਂ ਨੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰਿਆ।
ਲੋਕਾਂ ਨੇ ਕੈਪਟਨ ਦੀ ਪਹਿਲੀ ਸਰਕਾਰ ਦੇਖੀ ਸੀ, ਉਸ ਵਿੱਚ ਗੁੰਡਾਗਰਦੀ ਨਹੀਂ ਸੀ ਚੱਲਦੀ। ਅਮਨ ਤੇ ਕਾਨੂੰਨ ਦਾ ਰਾਜ ਰਿਹਾ। ਸ਼ਹਿਰੀ ਜਿੰਦਗੀ ਵਧੀਆ ਚੱਲਦੀ ਰਹੀ। ਫਸਲਾਂ ਦੇ ਠੀਕ ਭਾਅ ਕਿਸਾਨੀ ਨੂੰ ਮਿਲੇ। ਕਿਸਾਨੀ ਨੂੰ ਝੋਨੇ ਜਾਂ ਕਣਕ ਦੀ ਤੁਲਾਈ ਤੇ ਬੋਰੀ ਪਿੱਛੇ ਕੁੱਝ ਨਹੀਂ ਸੀ ਦੇਣਾ ਪੈਂਦਾ। ਕਿਸਾਨੀ ਫਸਲਾਂ ਤੁਰਤ ਚੱਕੀਅ ਗਈਆਂ। ਪਾਣੀ ਦੇ ਮਸਲੇ ਤੇ 2004 ਦਾ ਕਾਨੂੰਨ ਪਾਸ ਕਰਵਾ ਕੇ ਸਤਲੁਜ ਯਮੁਨਾ ਨਹਿਰ ਦਾ ਸਮਝੌਤਾ ਕੈਪਟਨ ਨੇ ਰੱਦ ਕੀਤਾ। ਫੇਰ ਅਕਾਲੀਆਂ ਨੇ ਦੋ ਮਤੇ ਪਾਏ ਪਰ ਉਹ ਅੱਗੇ ਨਹੀਂ ਗਏ। ਕੈਪਟਨ ਦਾ ਕੱਦ ਤੇ ਕਿਰਦਾਰ ਉੱਚਾ ਹੁੰਦਾ ਗਿਆ।
ਲੋਕਾਂ ਨੂੰ ਮਹਿਸੂਸ ਹੋ ਗਿਆ ਕਿ ਕੈਪਟਨ ਡੁੱਬੇ ਪੰਜਾਬ ਨੂੰ ਬਾਹਰ ਕੱਢ ਸਕਦਾ ਹੈ। ਕੈਪਟਨ ਕੋਲ ਕੋਈ ਜਾਦੂ ਦਾ ਡੰਡਾ ਨਹੀਂ ਜੋ ਸਾਰੇ ਮਸਲੇ ਤੁਰਤ ਹੱਲ ਕਰ ਦੇਵੇਗਾ। ਜਦੋਂ ਕਿ ਆਰਥਿਕਤ ਤੌਰ ਤੇ ਪ੍ਰਦੇਸ਼ ਡੁੱਬਣੋ ਬਚ ਜਾਏਗਾ। ਪ੍ਰਬੰਧ ਸੁਧਰ ਰਿਹਾ ਹੈ ਗੁਰਦਾਸਪੁਰ ਜੇਲ੍ਹ ਦੀ ਘਟਨਾ ਸ਼ਖਤੀ ਕਾਰਨ ਹੀ ਹੋਈ ਹੈ। ਇੰਤਜਾਮੀ ਵਿੱਚ ਸ਼ਖਤੀ ਹੋਣ ਨਾਲ ਵੀ ਕਈ ਵਾਰੀ ਜੁਰਮ ਹੋ ਜਾਂਦੇ ਹਨ। ਸਮਾਂ ਆਉਣ ਤੇ ਸਭ ਕੁੱਝ ਹੋ ਜਾਏਗਾ। ਮੈਂ ਕੈਪਟਨ ਦਾ ਚਾਪਲੂਸ ਨਹੀਂ, ਜੇਕਰ ਕੋਈ ਢਿੱਲ ਦਿਸੇ ਉਹ ਵੀ ਉਜਾਗਰ ਕਰਾਂਗਾ। ਅਜੇ ਪੰਜਾਬ ਹੋਰ ਨਿੱਘਰਣ ਤੋਂ ਬਚ ਗਿਆ ਹੈ। ਖੁਸ਼ਹਾਲੀ ਲਈ ਸਮੇਂ ਤੇ ਕੰਮ ਦੀ ਲੋੜ ਹੈ।