Breaking News
Home / ਨਜ਼ਰੀਆ / ਸਿੱਟ ‘ਚ ਦਖਲ ਅਕਾਲੀਆਂ ਨੂੰ ਮਹਿੰਗਾ ਪਵੇਗਾ

ਸਿੱਟ ‘ਚ ਦਖਲ ਅਕਾਲੀਆਂ ਨੂੰ ਮਹਿੰਗਾ ਪਵੇਗਾ

ਹਰਦੇਵ ਸਿੰਘ ਧਾਲੀਵਾਲ
ਪੰਜਾਬੀ ਸੂਬਾ 1966 ਨੂੰ ਹੋਂਦ ਵਿੱਚ ਆਇਆ, ਇੰਦਰਾ ਗਾਂਧੀ ਨੇ ਸਹਿਮਤੀ ਦੇ ਦਿੱਤੀ, ਪਰ ਗੁਲਜਾਰੀ ਲਾਲ ਨੰਦਾ ਗ੍ਰਹਿ ਮੰਤਰੀ ਨੇ ਕਾਲਕਾ, ਪਿੰਜੌਰ, ਸਦਰ ਅੰਬਾਲਾ, ਗੂਹਲਾ ਚੀਕਾ, ਟੋਹਾਣਾ, ਰਤੀਆ, ਸਦਰ ਸਰਸਾ, ਡੱਬਵਾਲੀ, ਕਾਲਿਆਂ ਵਾਲੀ ਕੱਟ ਕੇ ਪੰਜਾਬੀ ਸੂਬਾ ਬਣਾ ਦਿੱਤਾ। ਆਨੰਦਪੁਰ ਸਾਹਿਬ ਤੇ ਖਰੜ ਵੀ ਪਹਿਲਾਂ ਹਰਿਆਣੇ ਨੂੰ ਦੇ ਦਿੱਤੇ, ਪਰ ਗਿਆਨੀ ਕਰਤਾਰ ਸਿੰਘ, ਸ. ਰਾੜੇ ਵਾਲਾ ਤੇ ਗਿਆਨੀ ਜੈਲ ਸਿੰਘ ਦੀ ਕੋਸ਼ਿਸ਼ ਤੇ ਕਮਿਸ਼ਨ ਰਾਹੀਂ ਪੰਜਾਬ ਨੂੰ ਮਿਲੇ। ਪਹਿਲੀ ਵਾਰੀ ਇਹ ਹੋਇਆ ਕਿ ਨਵੇਂ ਬਣੇ ਰਾਜ ਨੂੰ ਰਾਜਧਾਨੀ ਨਾ ਦਿੱਤੀ ਗਈ। ਇਹ ਇਲਾਕੇ ਅਜੇ ਵੀ ਪੰਜਾਬੀ ਬੋਲਦੇ ਹਨ, ਪਰ ਹੁਣ ਅਕਾਲੀ ਦਲ ਹੁਣ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਛੱਡ ਚੁੱਕਿਆ ਹੈ। ਉਨ੍ਹਾਂ ਦੀ ਸਿਆਸਤ ਸਿਰਫ ਬਾਦਲ ਪਰਿਵਾਰ ਤੱਕ ਹੀ ਸੀਮਤ ਹੈ। ਪੁਰਾਣੇ ਜੱਥੇਦਾਰ 2-3 ਵਾਰ ਵਿਧਾਇਕ ਬਣ ਕੇ ਪਾਸੇ ਹਟ ਜਾਂਦੇ ਸਨ। ਪਰ ਹੁਣ ਤਾਂ ਸਿਆਸੀ ਤਾਕਤ ਪਰਿਵਾਰਵਾਦ ਬਣ ਚੁੱਕੀ ਹੈ। ਆਨੰਦਪੁਰ ਸਾਹਿਬ ਦਾ ਮਤਾ ਸਾਰੇ ਭਾਰਤ ਦਾ ਗੁਰਦੁਆਰਾ ਐਕਟ ਹੁਣ ਅਕਾਲੀਆਂ ਦੇ ਯਾਦ ਹੀ ਨਹੀ। ਐਮਰਜੈਂਸੀ ਜਦੋਂ ਵਾਪਸ ਲਈ ਗਈ ਤਾਂ ਜਨਵਰੀ 1977 ਦੇ ਪਹਿਲੀ ਦਿਨੀ ਪ੍ਰਕਾਸ਼ ਸਿੰਘ ਬਾਦਲ, ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਜੱਥੇਦਾਰ ਤਲਵੰਡੀ, ਆਤਮਾ ਸਿੰਘ ਤੇ ਬਸੰਤ ਸਿੰਘ ਖਾਲਸਾ ਫਿਰੋਜਪੁਰ ਜੇਲ੍ਹ ਤੋਂ ਰਿਹਾਅ ਹੋਏ। ਪ੍ਰਕਾਸ਼ ਸਿੰਘ ਬਾਦਲ ਸਿੱਧੇ ਸਾਦਕ ਪਹੁੰਚੇ, ਚੌਂਕ ਵਿੱਚ ਬਹੁਤ ਵੱਡਾ ਇਕੱਠ ਹੋਇਆ। ਬਾਦਲ ਨੇ ਬਹੁਤ ਜੋਸ਼ ਭਰੀ ਤਕਰੀਰ ਇੰਦਰਾ ਗਾਂਧੀ ਨੂੰ ਵੰਗਾਰਦਿਆਂ ਕੀਤੀ। ਪੁੱਤਰਵਾਦ ਦੀ ਗੱਲ ਬੜੇ ਜੋਰ ਨਾਲ ਉਠਾਈ, ਪਰ ਅਜਿਹੀ ਤਕਰੀਰ ਮੈਂ ਨਾ ਸੁਣੀ ਅਤੇ ਨਾ ਪੜ੍ਹੀ। 9 ਅਕਾਲੀ ਲੋਕ ਸਭਾ ਲਈ ਜਿੱਤੇ, ਬਾਦਲ ਕੁੱਝ ਸਮਾਂ ਖੇਤੀਬਾੜੀ ਮੰਤਰੀ ਰਹੇ, ਪਰ ਬੀਮਾਰੀ ਜਾਹਰ ਕਰਨ ਲੱਗ ਗਏ। ਜੂਨ ਦੀਆਂ ਅਸੈਂਬਲੀ ਚੋਣਾਂ ਤੋਂ ਪਿੱਛੋਂ ਮੁੱਖ ਮੰਤਰੀ ਪੰਜਾਬ ਬਣ ਗਏ। ਪੰਜਾਬ ਦੀਆਂ ਮੰਗਾਂ ਭੁੱਲ ਗਏ ਤੇ ਬਰਨਾਲਾ ਸਾਹਿਬ ਨੂੰ ਦਿੱਲੀ ਪਹੁੰਚਾ ਦਿੱਤਾ।
ਸਮੇਂ ਨਾਲ ਕਾਂਗਰਸ ਨੂੰ ਵੰਸਵਾਦ ਤੇ ਪੁੱਤਰਵਾਦ ਦਾ ਮਿਹਣਾ ਦੇਣ ਵਾਲੇ ਅਕਾਲੀ ਆਪ ਇਸ ਖਾਈ ਵਿੱਚ ਡਿੱਗ ਪਏ। ਅੱਤਵਾਦ ਦੇ ਸਮੇਂ ਕਈਆਂ ਨੇ ਆਪਣੇ ਬੱਚੇ ਅਮਰੀਕਾ ਤੇ ਯੂਰਪ ਵਿੱਚ ਭੇਜ ਦਿੱਤੇ। ਗਰਮ ਖਿਆਲੀ ਨੌਜਵਾਨਾਂ ਨੇ 1992 ਵਿੱਚ ਜੋਰ ਪਾ ਕੇ ਬਾਦਲ ਤੋਂ ਅਸੈਂਬਲੀ ਚੋਣ ਦਾ ਬਾਈਕਾਟ ਕਰਵਾਇਆ। ਬਾਦਲ ਨੂੰ ਡਰਾਇਆ ਕਿ ਜੇਕਰ ਚੋਣਾਂ ਦਾ ਬਾਈਕਾਟ ਨਾ ਕੀਤਾ ਤਾਂ ਲੀਡਰਾਂ ਦੇ ਬੱਚੇ ਮਾਰੇ ਜਾਣਗੇ। ਬਾਦਲ ਨੇ ਉਨ੍ਹਾਂ ਦੇ ਸਾਥੀਆਂ ਦੀ ਰਾਇ ਤੇ 1996 ਦੀ ਗੁਰਦੁਆਰਾ ਚੋਣ ਵਿੱਚ ਜੱਥੇਦਾਰ ਟੌਹੜਾ ਦੇ ਪਰ ਕੱਟ ਦਿੱਤੇ। ਉਨ੍ਹਾਂ ਦੇ ਹਮਾਇਤੀਆਂ ਨੂੰ ਬਹੁਤ ਘੱਟ ਟਿਕਟ ਦਿੱਤੇ। ਟੌਹੜਾ ਤੇ ਪਰਿਵਾਰ ਦਾ ਜੋਰ ਪੁਆ ਕੇ ਉਨ੍ਹਾਂ ਨੂੰ ਵੀ ਵੰਸਵਾਦ ਵਿੱਚ ਸ਼ਾਮਲ ਕਰ ਲਿਆ। 1997 ਦੀ ਚੋਣ ਵਿੱਚ ਅਕਾਲੀ ਦਲ ਤੇ ਬੀ.ਜੇ.ਪੀ. ਸਫਲ ਹੋਏ ਤਾਂ ਸੁਖਬੀਰ ਸਿੰਘ ਹੋਰਾਂ ਦੀ ਵਾਪਸੀ ਹੋ ਗਈ। ਪੰਥਕ ਲੀਡਰਾਂ ਨੇ ਦਸੰਬਰ 1920 ਵਿੱਚ ਗੁਰਦੁਆਰਾ ਸੁਧਾਰ ਲਈ ਐਜੀਟੇਸ਼ਨ ਚਲਾਉਣ ਵਾਸਤੇ ਅਕਾਲੀ ਦਲ ਖੜ੍ਹਾ ਕੀਤਾ। ਇਹ ਇੱਕ ਧਾਰਮਿਕ ਜਮਾਤ ਸੀ। 5-6 ਸਾਲ ਬੜੀ ਜਬਰਦਸਤ ਗੁਰਦੁਆਰਾ ਸਾਹਿਬ ਦੀ ਸੁਧਾਰ ਦੀ ਲਹਿਰ ਚੱਲੀ। 1926 ਵਿੱਚ ਗੁਰਦੁਆਰਾ ਐਕਟ ਬਨਣ ਤੇ ਅਕਾਲੀ ਦਲ ਤੋੜਨ ਦੀ ਗੱਲ ਵੀ ਹੋਈ ਪਰ ਕਾਬਜ ਧੜਾ ਨਾ ਮੰਨਿਆ ਤੇ ਕਿਹਾ ਅਕਾਲੀ ਸਿੱਖ ਪੰਥ ਦੀ ਬੇਹਤਰੀ ਤੇ ਗੁਰਦੁਆਰਾ ਸੁਧਾਰ ਲਈ ਕੰਮ ਕਰਨਗੇ। ਪਰ 1996 ਵਿੱਚ ਮੋਗਾ ਕਾਨਫਰੰਸ ਸਮੇਂ ਬਾਦਲ ਨੇ ਅਕਾਲੀ ਦਲ ਨੂੰ ਵੱਖਰੀ ਦਿੱਖ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅਸੀਂ ਸੈਕੂਲਰ ਜਮਾਤ ਹਾਂ। ਪੁਰਾਣਾ ਅਜੰਡਾ ਤਕਰੀਬਨ ਛੱਡ ਹੀ ਦਿੱਤਾ, ਪਰ ਸ਼੍ਰੋਮਣੀ ਕਮੇਟੀ ‘ਤੇ ਆਪਣਾ ਸਿਕੰਜਾ ਹੋਰ ਕਰੜਾ ਕਰ ਲਿਆ।
ਦਸਬੰਰ 1998 ਵਿੱਚ ਟੌਹੜਾ ਨੇ ਲੁਧਿਆਣੇ ਵਿੱਚ ਇੱਕ ਬਿਆਨ ਦੇ ਦਿੱਤਾ ਕਿ ਬਾਦਲ ਸਾਹਿਬ ਅਕਾਲੀ ਦਲ ਦੀ ਪ੍ਰਧਾਨਗੀ ਜਾਂ ਮੁੱਖ ਮੰਤਰੀ ਵਿੱਚੋਂ ਇੱਕ ਚੀਜ਼ ਛੱਡ ਦੇਣ ਜਾਂ ਅਕਾਲੀ ਦਲ ਦਾ ਪ੍ਰਧਾਨ ਗੁਰਦੇਵ ਸਿੰਘ ਬਾਦਲ ਨੂੰ ਬਣਾ ਸਕਦੇ ਹਨ ਤਾਂ ਬਾਦਲ ਗਰੁੱਪ ਨੇ ਕੋਹਰਾਮ ਮਚਾ ਦਿੱਤਾ ਤੇ ਕਿਹਾ ਕਿ ਪ੍ਰਧਾਨ ਜੀ ਨੇ ਇਹ ਬਿਆਨ ਬਾਹੀਆ ਤੇ ਮਾਲੀ ਪੁਰਾਣੇ ਕਾਮਰੇਡ ਵਿਚਾਰ ਵਾਲਿਆਂ ਦੇ ਕਹਿਣ ਤੇ ਦਿੱਤਾ ਹੈ। ਭਾਈ ਰਣਜੀਤ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ 1999 ਦੀ ਵਿਸਾਖੀ ਜਾਂ ਖਾਲਸੇ ਦਾ 300 ਸਾਲਾ ਜਨਮ ਦਿਨ ਰਲ ਕੇ ਮਨਾ ਲਓ। ਫੇਰ ਬੇਸ਼ੱਕ ਵੱਖ ਹੋ ਜਾਓ। ਪਰ ਬਾਦਲ ਗਰੁੱਪ ਨੇ ਕਾਰਜਕਾਰਨੀ ਦੀ ਮੀਟਿੰਗ ਸੱਦ ਕੇ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਜੱਥੇਦਾਰੀ ਤੋਂ ਲਾਹ ਦਿੱਤਾ ਤੇ ਟੌਹੜਾ ਦੀ ਪ੍ਰਧਾਨਗੀ ਵੀ ਖੋਹ ਲਈ, ਇਸ ਦਾ ਪੰਥ ਨੂੰ ਬੇਹੱਦ ਨੁਕਸਾਨ ਹੋਇਆ। ਮਾਲਵੇ ਵਾਲੇ ਇਲਾਕੇ ਵਿੱਚ ਸਰਸੇ ਵਾਲੇ ਸਾਧ ਦਾ ਕਾਫੀ ਪ੍ਰਭਾਵ ਸੀ, ਹੁਣ ਇਹ ਬਹੁਤ ਘੱਟ ਗਿਆ ਹੈ। ਹਰ ਐਤਵਾਰ ਨੂੰ ਪੰਜਾਬ ਦੇ ਸ਼ਹਿਰ ਤੇ ਕਸਬਿਆਂ ਤੋਂ ਕਿਰਾਏ ਦੀਆਂ ਬੱਸਾਂ ਜਾਂਦੀਆਂ ਸਨ। ਸਰਕਾਰ ਦੀ ਸਰਪ੍ਰਸਤੀ ਕਾਰਨ ਇਹ ਕਾਫੀ ਵਧਿਆ। ਸਰਸੇ ਵਾਲੇ ਸਾਧ ਨੇ ਇਸ ਗੱਲ ਦਾ ਲਾਭ ਉਠਾਉਂਦਿਆਂ ਕਈ ਕੁਕਰਮ ਵੀ ਕੀਤੇ। ਦੋ ਬੀਬੀਆਂ ਦੇ ਜਬਰ ਜਿਨਾਹ ਤੇ ਹੱਤਿਆ ਵਿੱਚ ਇੱਕ ਪੱਤਰਕਾਰ ਦੀ ਹੱਤਿਆ ਵਿੱਚ ਸਜਾ ਕੱਟ ਰਿਹਾ ਹੈ ਅਜੇ ਵੀ ਉਸ ਵੱਲ ਕਈ ਕੇਸ ਹਨ। ਜੋ ਇੱਕ ਇਮਾਨਦਾਰ ਤੇ ਡਰ ਰਹਿਤ ਇਨਸ਼ਾਨ ਕਾਰਨ ਸਜਾ ਹੋਈ। ਸਾਧ ਤੋਂ ਲਾਭ ਕਾਂਗਰਸ ਵੀ ਲੈਂਦੀ ਰਹੀ, ਪਰ 2012 ਦੀ ਅਸੈਂਬਲੀ ਚੋਣ ਤੋਂ ਪਿੱਛੋਂ ਇਹ ਬਾਦਲ ਪਰਿਵਾਰ ਦੇ ਬਹੁਤ ਨੇੜੇ ਹੋ ਗਿਆ। 2015 ਵਿੱਚ ਸਾਧ ਇੱਕ ਫਿਲਮੀ ਪਰਦੇ ਤੇ ਵੀ ਗੂੰਜਿਆ, ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ, ਪਰ ਬੱਸਾਂ ਰਾਹੀਂ ਲੋਕ ਹਰ ਰੋਜ ਸਰਸੇ ਜਾ ਕੇ ਫਿਲਮ ਦੇਖਦੇ ਸਨ। ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਆਪਣੀ ਚਰਚਾ ਵਧਾਉਣ ਲਈ ਚੇਲਿਆਂ ਤੋਂ ਕਰਵਾਈ ਗਈ। ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ। ਮੈਨੂੰ ਬਰਗਾੜੀ ਤੋਂ ਉਸ ਸਮੇਂ 4-5 ਕਾਲਾਂ ਆਈਆਂ ਉਹ ਦਸਦੇ ਸਨ ਕਿ ਇਹ ਬਾਦਲ ਸਰਕਾਰ ਨੇ ਆਪ ਕਰਵਾਇਆ ਹੈ ਤੇ ਇਹ ਵੀ ਕਿਹਾ ਜਾਂਦਾ ਸੀ ਕਿ ਬਰਗਾੜੀ ਦੀਆਂ ਕੰਧਾਂ ‘ਤੇ ਹਰ ਰੋਜ ਰਾਤ ਨੂੰ ਹੱਥ ਲਿਖਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਬਾਰੇ ਲੱਗਦੀਆਂ ਹਨ। ਚਰਨਜੀਤ ਸ਼ਰਮਾ ਇਹ ਤਫਤੀਸ਼ ਵਿੱਚ ਪ੍ਰਗਤੀ ਨਾ ਕਰ ਸਕਿਆ। ਕਿਹਾ ਜਾਂਦਾ ਹੈ ਕਿ ਸਾਧ ਦੇ ਨਜਦੀਕ ਸੀ।
ਸਾਰਾ ਸਿੱਖ ਜਗਤ ਜਾਣਦਾ ਹੈ ਕਿ ਇਹ ਕੁਕਰਮ ਕਥਕ ਅਕਾਲੀਆਂ ਨੇ ਕਰਾਇਆ। ਸਾਧ ਨੂੰ ਮੁਆਫੀ ਦਾ ਢੌਂਗ ਰਚਾਇਆ ਗਿਆ। ਪੁਰਾਣੀ ਲਿਖਤ ਵਿੱਚ ਵਾਧਾ ਕਰਕੇ ਮੁਆਫੀ ਮੰਗਣੀ ਦਰਸਾਈ ਗਈ ਤੇ ਗਿਆਨੀ ਗੁਰਬਚਨ ਸਿੰਘ ਨੇ ਸਰਕਾਰ ਦੇ ਇਸ਼ਾਰੇ ‘ਤੇ ਮੁਆਫੀਨਾਮਾ ਜਾਰੀ ਕਰ ਦਿੱਤਾ, ਪਰ ਜਦੋਂ ਸਾਰਾ ਸਿੱਖ ਜਗਤ ਵਿਦਰੋਹ ਵਿੱਚ ਆ ਗਿਆ ਤਾਂ ਜੱਥੇਦਾਰ ਨੇ ਮੁਆਫੀਨਾਮਾ ਰੱਦ ਕਰ ਦਿੱਤਾ। ਜਿਹੜਾ ਕਿ ਕਦੇ ਲਿਖਿਆ ਹੀ ਨਹੀਂ ਸੀ ਗਿਆ। ਗਿਆਨੀ ਗੁਰਮੁਖ ਸਿੰਘ ਇੱਕ ਵਾਰੀ ਜੁਰਅਤ ਕੀਤੀ ਕਿ ਕੁੱਝ ਔਖ ਵੀ ਝੱਲੀ, ਉਸਦੇ ਭਰਾ ਹਿੰਮਤ ਸਿੰਘ ਨੇ ਆਪ 6 ਸਫਿਆਂ ਦਾ ਬਿਆਨ ਜਸਟਿਸ ਰਣਜੀਤ ਸਿੰਘ ਨੂੰ ਦਿੱਤਾ। ਜਿਹੜਾ ਉਸ ਸਾਰੀ ਸਾਜਿਸ ਦੀ ਪੋਲ ਖੋਲਦਾ ਸੀ, ਪਰ ਮਾਇਕ ਕਮਜੋਰੀ ਕਰਕੇ ਇਹ ਆਪਣੇ ਬਿਆਨ ‘ਤੇ ਕਾਇਮ ਨਾ ਰਹਿ ਸਕੇ ਤੇ ਅਖੀਰ ਮੁਕਰ ਗਏ।
ਅਸੀਂ ਸਾਰੇ ਜਾਣਦੇ ਹਾਂ ਕਿ ਕਿ 1920 ਵਿੱਚ ਪਹਿਲੀ ਭਾਈਚਾਰਕ ਸ਼੍ਰੋਮਣੀ ਕਮੇਟੀ ਬਣਾਈ ਗਈ ਐਜੀਟੇਸ਼ਨ ਚਲਾਉਣ ਲਈ ਦਸੰਬਰ 1920 ਨੂੰ ਅਕਾਲੀ ਦਲ ਖੜ੍ਹਾ ਕੀਤਾ ਗਿਆ। 1920 ਤੋਂ 1925 ਤੱਕ ਇੱਕ ਸ਼ਕਤੀਸ਼ਾਲੀ ਕੁਰਬਾਨੀਆਂ ਵਾਲਾ ਇਤਿਹਾਸ ਅਕਾਲੀ ਦਲ ਨੇ ਰਚਿਆ। ਵੇਖਣ ਵਾਲੀ ਗੱਲ ਹੈ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹਾਜ਼ਰ ਹੁੰਦੇ ਹਨ। ਸ਼ਰਧਾਵਾਨ ਹੁਕਮ ਲੈ ਸਕਦੇ ਹਨ, ਅਜਿਹਾ ਹੁਕਮ ਅਸੀਂ ਦਰਬਾਰ ਸਾਹਿਬ ਤੋਂ ਹਰ ਰੋਜ ਸੁਣਦੇ ਹਾਂ। ਉਸਦੀ ਬੇਪਤੀ ਉਸ ਸੰਸਥਾ ਨੇ ਕਰਵਾਈ, ਜਿਹੜੀ ਕਿ ਬਣੀ ਹੀ ਗੁਰਦੁਆਰਿਆਂ ਦੀ ਸੁਰੱਖਿਆ, ਸੰਭਾਲ ਤੇ ਸਿੱਖੀ ਦੀ ਪ੍ਰਗਤੀ ਲਈ ਸੀ। ਕੈਪਟਨ ਸਰਕਾਰ ਨੇ ਬਹਿਬਲ, ਕੋਟਕਪੂਰਾ ਤੇ ਬਰਗਾੜੀ ਵਾਲੀ ਘਟਨਾ ਦੀ ਪੜਤਾਲ ਲਈ ਇੱਕ ਚੰਗੇ ਯੋਗ ਅਫਸਰਾਂ ਦੀ ਟੀਮ ਬਣਾਈ, ਜਿਸ ਵਿੱਚ ਵਿਜੇ ਪ੍ਰਤਾਪ ਸਿੰਘ ਆਈ.ਜੀ. ਵੀ ਸ਼ਾਮਲ ਸਨ ਤੇ ਸਾਰੀ ਸਾਜਿਸ ਦੀਆਂ ਪੜਤਾਂ ਖੁੱਲ੍ਹ ਰਹੀਆਂ ਸਨ। (ਹਰ ਕੋਈ ਜਾਣਦਾ ਹੈ ਕਿ ਵਿਜੈਪ੍ਰਤਾਪ ਸਿੰਘ ਇੱਕ ਪੂਰਾ ਇਮਾਨਦਾਰ ਤੇ ਸੱਚ ‘ ਤੇ ਪੈਰ੍ਹਾ ਦੇਣ ਵਾਲਾ ਇਨਸਾਨ ਹੈ) ਚੋਣ ਕਮਿਸ਼ਨ ਦੇ ਕੋਲ ਅਕਾਲੀਆਂ ਨੇ ਆਪਣੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਰਾਹੀਂ ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕਰਵਾਈ ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਤਫਤੀਸ਼ ਤੋਂ ਵੱਖ ਕਰ ਦਿੱਤਾ। ਹਰ ਗੁਰੂ ਨਾਨਕ ਨਾਮ ਲੇਵਾ ਤੇ ਪੰਜਾਬੀ ਦਾ ਹਿਰਦਾ ਵਲੂਧਰਿਆ ਗਿਆ। ਸਾਰਾ ਸਿੱਖ ਜਗਤ ਕੂਕ ਉੱਠਿਆ।
ਵਿਜੈਪ੍ਰਤਾਪ ਸਿੰਘ ਦੇ ਵਿਰੁੱਧ ਕਾਰਵਾਈ ਤੇ ਇਸ ਦਾ ਨੁਕਸਾਨ ਅਕਾਲੀਆਂ ਨੂੰ ਹਰ ਹਾਲਤ ਵਿੱਚ ਝੱਲਣਾ ਪਏਗਾ। ਇਸ ਤੋਂ ਬਿਨਾਂ ਬੀ.ਜੇ.ਪੀ. ਵੀ ਇਸ ਕਾਰਵਾਈ ਤੋਂ ਬਚ ਨਹੀਂ ਸਕਦੀ। ਚੋਣ ਕਮਿਸ਼ਨ ਦੀ ਨਿਰਪੱਖਤਾ ਨਾ ਰਹੀ ਤੇ ਹਰ ਪੰਜਾਬੀ ਨੇ ਮੰਗ ਕੀਤੀ ਹੈ ਕਿ ਵਿਜੈਪ੍ਰਤਾਪ ਸਿੰਘ ਵਿਰੁੱਧ ਹੁਕਮ ਵਾਪਸ ਲਏ ਜਾਣ ਤਾਂ ਕਿ ਸਹੀ ਤਸਵੀਰ ਸਾਹਮਣੇ ਆ ਸਕੇ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …