Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ

ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ

ਸਰੀ : ਤਰਕਸ਼ੀਲ਼ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਵਲੋਂ ਪਿਛਲੇ ਐਤਵਾਰ 2 ਅਪਰੈਲ, 2023 ਨੂੰ ਪੰਜਾਬ ਬੈਂਕੁਇਟ ਹਾਲ ਸਰੀ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਤੇ ਔਰਤ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਨਿਰਮਲ ਕਿੰਗਰਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਪਿਆਰਾ ਸਿੰਘ ਚਾਹਲ ਨੇ ਗਾ ਕੇ ਇੱਕ ਗਜ਼ਲ ਕਹੀ ਤੇ ਪ੍ਰੋਗਰਾਮ ਦਾ ਮੁੱਢ ਬੰਨ੍ਹਿਆ। ਉਹਨਾਂ ਦੀ ਗਜ਼ਲ ਦੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ।
ਉਸ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਦੀ ਪ੍ਰਧਾਨ ਪਰਮਿੰਦਰ ਸਵੈਚ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਦੇ ਹਾਲਾਤ ਤੇ ਗੱਲਬਾਤ ਕੀਤੀ ਤੇ ਆਉਣ ਵਾਲੀਆਂ ਸਮੱਸਿਆਵਾਂ ਤੇ ਸੰਵਾਦ ਰਚਾ ਕੇ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੇ ਹੱਲ ਵੱਲ ਵਧਣ ਲਈ ਕਿਹਾ। ਉਸ ਤੋਂ ਬਾਅਦ ਸਰਬਜੀਤ ਓਖਲਾ ਨੇ ਜਾਦੂ ਦੇ ਟਰਿੱਕਾਂ ਦੇ ਨਾਲ ਨਾਲ ਪੁਰਾਣੀਆਂ ਸਭਿਆਚਾਰਕ ਗੱਲਾਂ ਕਿਵੇਂ ਹੌਲੀ ਹੌਲ਼ੀ ਅੰਧ ਵਿਸ਼ਵਾਸ ਬਣਦੀਆਂ ਚਲੀਆਂ ਗਈਆਂ, ਇਸ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰੋਗਰਾਮ ਦੇ ਮੁੱਖ ਬੁਲਾਰੇ 55 ਕਿਤਾਬਾਂ ਦੇ ਰਚੈਤਾ ਲੇਖਕ, ਖੋਜਕਾਰ, ਵਿਦਵਾਨ ਪ੍ਰੋ. ਚਮਨ ਲਾਲ ਜੀ ਨੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਬਾਰੇ ਬਹੁਤ ਹੀ ਵਡਮੁੱਲੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਅੰਤ ਵਿੱਚ ਬਹੁਤ ਹੀ ਜ਼ਹੀਨ ਨਾਟਕਾਂ ਤੇ ਫਿਲਮਾਂ ਦੀ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਸ਼ਬਦੀਸ਼ ਦੇ ਲਿਖੇ ਨਾਟਕ ਦਾ ਮੰਚਨ ਕੀਤਾ।
ਸਵਾ ਘੰਟਾ ਦਰਸ਼ਕ ਸਾਹ ਰੋਕ ਕੇ ਨਾਟਕ ‘ਗੁੰਮਸ਼ੁਦਾ ਔਰਤ’ ਦੇਖਿਆ। ਉਹਨਾਂ ਦੇ ਚਿਹਰਿਆਂ ਤੇ ਸਪੱਸ਼ਟ ਹੁੰਦਾ ਸੀ ਕਿ ਸਟੇਜ ‘ਤੇ ਕਿੰਨੇ ਕਿਰਦਾਰਾਂ ਨੂੰ ਨਿਭਾ ਰਹੀ ਅਨੀਤਾ ਦੀ ਕਹਾਣੀ ਦੇ ਨਾਲ ਨਾਲ ਉਹ ਗੁਆਚੇ ਪਏ ਸਨ, ਕਦੇ ਤਾੜੀਆਂ , ਕਦੇ ਹੰਝੂ, ਕਦੇ ਹਾਸਾ, ਕਦੇ ਗੁੱਸਾ ਤੇ ਕਦੇ ਗੰਮਗੀਨਤਾ ਉਹਨਾਂ ਦੇ ਨਾਲ ਨਾਲ ਤੁਰ ਰਹੀ ਸੀ। ਇਸ ਤਰ੍ਹਾਂ ਔਰਤ ਦਿਵਸ ਤੇ ਵਧੀਆ ਪੇਸ਼ਕਾਰੀ ਤੇ ਵਧੀਆ ਵਿਸ਼ੇ ਨੂੰ ਲੈ ਕੇ ਕੀਤੇ ਗਏ ਨਾਟਕ ‘ਤੇ ਲੋਕਾਂ ਨੇ ਖੜ੍ਹੇ ਹੋ ਕੇ ਅਨੀਤਾ ਦਾ ਧੰਨਵਾਦ ਕੀਤਾ। ਇਸ ਵਿੱਚ ਮਿਊਜਿਕ ਦੀ ਜ਼ਿੰਮੇਵਾਰੀ ਰੁਪਿੰਦਰ ਸ਼ਰਮਾ ਨੇ ਨਿਭਾਈ। ਇਸ ਸਟੇਜ ਦੀ ਸਾਰੀ ਕਾਰਵਾਈ ਨਿਰਮਲ ਕਿੰਗਰਾ ਨੇ ਬਾਖੂਬੀ ਨਿਭਾਈ ਅਤੇ ਮਹਿਮਾਨਾਂ, ਮੀਡੀਆ, ਸੰਪੌਂਸਰਜ਼, ਆਏ ਦਰਸ਼ਕਾਂ, ਪੰਜਾਬ ਬੈਂਕੁਇਟ ਹਾਲ ਦਾ, ਉਹਨਾਂ ਵਲੋਂ ਪਰੋਸੇ ਚਾਹ ਪਕੌੜਿਆਂ ਲਈ ਸਭਦਾ ਧੰਨਵਾਦ ਕੀਤਾ ਗਿਆ।
ਤਰਕਸ਼ੀਲ ਸੁਸਾਇਟੀ ਦੇ ਮੀਤ ਪ੍ਰਧਾਨ ਸਾਧੂ ਸਿੰਘ ਗਿੱਲ, ਜਗਰੂਪ ਧਾਲੀਵਾਲ, ਸੁਖਦੇਵ ਮਾਨ, ਸੁਖਜਿੰਦਰ ਗਿੱਲ, ਹਰਪਾਲ ਗਰੇਵਾਲ, ਮੱਲ ਸਿੰਘ, ਸੁੱਖੀ ਗਰਚਾ, ਕੁਲਵੀਰ ਮੰਗੂਵਾਲ ਆਦਿ ਨੇ ਕਿਤਾਬਾਂ ਦਾ ਸਟਾਲ ਵੀ ਲਾਇਆ ਤੇ ਦਰਸ਼ਕਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਖਰੀਦੀਆਂ।
ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਦੀ ਭਰਵੀਂ ਸ਼ਮੂਲੀਅਤ ਹੋਣ ਕਰਕੇ ਪ੍ਰੋਗਰਾਮ ਸਫਲ ਹੋ ਨਿਬੜਿਆ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …