ਪੰਜਾਬ ‘ਚ ਰਾਸ਼ਟਰਪਤੀ ਰਾਜ ਲੱਗਣ ਦਾ ਖ਼ਦਸ਼ਾ ਜਤਾਇਆ
ਪਟਿਆਲਾ/ਬਿਊਰੋ ਨਿਊਜ਼ : ਕਰੀਬ ਸਾਢੇ 10 ਮਹੀਨਿਆਂ ਬਾਅਦ ਜੇਲ੍ਹ ‘ਚੋਂ ਰਿਹਾਅ ਹੁੰਦੇ ਸਾਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ‘ਚ ਕੇਂਦਰ ਅਤੇ ਪੰਜਾਬ ਦੀਆਂ ਹਕੂਮਤਾਂ ਨੂੰ ਵੱਖ ਵੱਖ ਮੁੱਦਿਆਂ ‘ਤੇ ਘੇਰਿਆ। ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਕਿਹਾ ਕਿ ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਸਾਜਿਸ਼ ਘੜੀ ਜਾ ਰਹੀ ਹੈ। ਉਧਰ ਉਨ੍ਹਾਂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ ਘਟਾ ਕੇ ਵਾਈ ਕਰ ਦਿੱਤਾ ਗਿਆ ਹੈ। ਛੋਟਾ ਭਰਾ ਕਹਿ ਕੇ ਸੰਬੋਧਨ ਹੁੰਦਿਆਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ, ”ਮੈਂ ਛੋਟੇ ਭਰਾ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੱਤਾ ਤੋਂ ਪਹਿਲਾਂ ਉਸ ਨੇ ਬੜੇ ਚੁਟਕਲੇ ਸੁਣਾ ਕੇ ਅਤੇ ਝੂਠ ਵੇਚ ਕੇ ਲੋਕਾਂ ਨੂੰ ਮੂਰਖ ਬਣਾਇਆ ਸੀ। ਪਰ ਅੱਜ ਉਹ ਖੁਦ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ।
ਜਿਹੜਾ ਕਰਜ਼ਾ 18 ਹਜ਼ਾਰ ਕਰੋੜ ਸੀ, ਉਹ ਹੁਣ ਵਧ ਕੇ 25 ਹਜ਼ਾਰ ਕਰੋੜ ਹੋ ਗਿਆ ਹੈ ਜਿਸ ‘ਚ ਹੋਰ ਵੀ ਇਜ਼ਾਫਾ ਹੋਵੇਗਾ।” ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਬੇੜੀਆਂ ‘ਚ ਬੰਨ੍ਹਿਆ ਹੋਇਆ ਹੈ। ਜਦੋਂ ਵੀ ਦੇਸ਼ ‘ਚ ਤਾਨਾਸ਼ਾਹੀ ਆਈ, ਤਾਂ ਕ੍ਰਾਂਤੀ ਵੀ ਆਈ ਹੈ ਤੇ ਇਸ ਕ੍ਰਾਂਤੀ ਦਾ ਨਾਮ ਰਾਹੁਲ ਗਾਂਧੀ ਹੈ, ਜੋ ਇਸ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ।
ਉਨ੍ਹਾਂ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸੀ ਵਰਕਰਾਂ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਰੋਡ ਰੇਜ ਦੇ ਸਾਢੇ ਤਿੰਨ ਦਹਾਕੇ ਪੁਰਾਣੇ ਮਾਮਲੇ ‘ਚ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਮਗਰੋਂ ਸਿੱਧੂ ਨੂੰ ਇਕ ਅਪ੍ਰੈਲ ਸ਼ਾਮ ਕਰੀਬ ਛੇ ਵਜੇ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਸਵੇਰ ਤੋਂ ਜੇਲ੍ਹ ਦੇ ਬਾਹਰ ਖੜ੍ਹੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਅਤੇ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮਗਰੋਂ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਉਪਰੰਤ ਉਹ ਇਥੋਂ ਦੀ ਯਾਦਵਿੰਦਰਾ ਕਾਲੋਨੀ ਸਥਿਤ ਆਪਣੀ ਰਿਹਾਇਸ਼ ‘ਤੇ ਪਹੁੰਚੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਬੀਐੱਸਐੱਫ ਦੀ ਤਾਇਨਾਤੀ ਦੇ ਮੁੱਦੇ ‘ਤੇ ਚਰਨਜੀਤ ਸਿੰਘ ਚੰਨੀ ਨੂੰ ਭੰਡਣ ਵਾਲੇ ਭਗਵੰਤ ਮਾਨ ਦੀ ਸਰਕਾਰ ‘ਚ ਹੁਣ ਸਾਰੇ ਬਾਰਡਰਾਂ ‘ਤੇ ਬੀਐੱਸਐੱਫ ਖੜ੍ਹੀ ਹੈ ਅਤੇ ਉਹ ਕੁਝ ਵੀ ਨਹੀਂ ਬੋਲ ਰਹੇ ਹਨ।
ਜੇਲ੍ਹ ‘ਚੋਂ ਦੇਰੀ ਨਾਲ ਛੱਡਣ ਦੇ ਮੁੱਦੇ ‘ਤੇ ਉਨ੍ਹਾਂ ਭਗਵੰਤ ਮਾਨ ਨੂੰ ਕਿਹਾ,”ਮੈਨੂੰ ਪੌਣੇ ਬਾਰ੍ਹਾਂ ਵਜੇ ਰਿਹਾਅ ਕਰਨ ਦੀ ਗੱਲ ਆਖ ਕੇ ਛੇ ਵਜੇ ਛੱਡ ਕੇ ਬਹੁਤ ਛੋਟੀ ਗੱਲ ਕੀਤੀ ਹੈ। ਪਰ ਤੂੰ ਮੇਰਾ ਛੋਟਾ ਭਰਾ ਹੈਂ ਅਤੇ ਭਰਾ ਹੀ ਰਹੇਂਗਾ।”
ਵਾਅਦੇ ਪੂਰੇ ਨਾ ਕਰਨ ਦੇ ਆਰੋਪ ਲਾਉਂਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਰੇਤੇ ਦਾ ਰੇਟ 3700 ਰੁਪਏ ਸੀ ਜੋ ਅੱਜ 12 ਹਜ਼ਾਰ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਪਾਲਿਸੀ ਵੀ ਫੇਲ੍ਹ ਹੋ ਗਈ ਹੈ ਅਤੇ ਮੁਲਾਜ਼ਮ ਪੱਕੇ ਕਰਨ ਤੇ ਇੱਕ ਲੱਖ ਨੌਕਰੀਆਂ ਦੇਣ ਦੇ ਵਾਅਦੇ ਵੀ ਅਧੂਰੇ ਹਨ। ਸ਼ਕਤੀਆਂ ਦੇ ਕੇਂਦਰੀਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਕ-ਇੱਕ ਬੰਦੇ ਕੋਲ 30-30 ਵਜ਼ੀਰੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫੜਿਆ ਜਾਵੇ ਤਾਂ ਉਸ ਕੋਲੋਂ ਰਿਕਵਰੀ ਵੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ।
‘ਪੰਜਾਬ ਇਸ ਦੇਸ਼ ਦੀ ਢਾਲ ਹੈ ਅਤੇ ਇਹ ਢਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਬੇ ‘ਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਮਜ਼ੋਰ ਕਰਕੇ ਕੋਈ ਵੀ ਸਰਕਾਰ ਤਕੜੀ ਨਹੀਂ ਹੋ ਸਕਦੀ ਹੈ।
ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸਿੱਧੂ ਦਾ ਕੀਤਾ ਭਰਵਾਂ ਸਵਾਗਤ
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮੌਕੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਜੇਲ੍ਹ ਦੇ ਬਾਹਰ ਨਵਜੋਤ ਸਿੱਧੂ ਦਾ ਭਰਵਾਂ ਸਵਾਗਤ ਕੀਤਾ। ਢੋਲ ਦੇ ਡੱਗੇ ‘ਤੇ ਭੰਗੜੇ ਵੀ ਪਾਏ ਗਏ ਅਤੇ ਥਾਂ-ਥਾਂ ਸਵਾਗਤੀ ਬੋਰਡ ਵੀ ਲਾਏ ਗਏ ਸਨ। ਇਥੋਂ ਇੱਕ ਕਾਫਲੇ ਦੇ ਰੂਪ ‘ਚ ਉਨ੍ਹਾਂ ਨੂੰ ਘਰ ਤੱਕ ਛੱਡਿਆ ਗਿਆ। ਰਿਹਾਈ ਭਾਵੇਂ ਛੇ ਵਜੇ ਦੇ ਕਰੀਬ ਹੋਈ, ਪਰ ਵਰਕਰ ਸਵੇਰੇ ਦਸ ਵਜੇ ਹੀ ਜੇਲ੍ਹ ਦੇ ਬਾਹਰ ਪੁੱਜਣੇ ਸ਼ੁਰੂ ਹੋ ਗਏ ਸਨ ਕਿਉਂਕਿ ਪਹਿਲਾਂ ਪੌਣੇ ਬਾਰਾਂ ਵਜੇ ਸਿੱਧੂ ਨੂੰ ਛੱਡਣ ਦੀ ਗੱਲ ਆਖੀ ਗਈ ਸੀ। ਇਸ ਮੌਕੇ ਲਾਲ ਸਿੰਘ, ਹਰਦਿਆਲ ਕੰਬੋਜ, ਮਹਿੰਦਰ ਸਿੰਘ ਕੇਪੀ, ਸੰਸਦ ਮੈਂਬਰ ਗੁਰਜੀਤ ਔਜਲਾ, ਅਸ਼ਵਨੀ ਸੇਖੜੀ, ਸ਼ੈਰੀ ਰਿਆੜ, ਕਰਨ ਸਿੱਧੂ, ਨਵਤੇਜ ਚੀਮਾ, ਰਾਜਿੰਦਰ ਸਿੰਘ ਸਮਾਣਾ, ਸੁਰਿੰਦਰ ਡੱਲਾ, ਹੈਰੀਮਾਨ, ਦਰਸ਼ਨ ਬਰਾੜ, ਵਿਸ਼ਨੂੰ ਸ਼ਰਮਾ, ਧਨਵੰਤ ਸਿੰਘ ਧੂਰੀ, ਰਾਜ ਕੁਮਾਰ ਡਕਾਲਾ, ਨਿਰਮਲ ਸਿੱਧੂ ਤੇ ਨਰਿੰਦਰ ਲਾਲੀ ਆਦਿ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਈ ਆਗੂ ਗੈਰਹਾਜ਼ਰ ਰਹੇ।
ਸਾਲ 1988 ਦੀ ਘਟਨਾ ‘ਚ ਸਿੱਧੂ ਨੂੰ ਮਿਲੀ ਸੀ ਸਜ਼ਾ
ਨਵਜੋਤ ਸਿੰਘ ਸਿੱਧੂ ਲਈ ਸਜ਼ਾ ਦਾ ਆਧਾਰ ਬਣੀ ਘਟਨਾ 27 ਦਸੰਬਰ 1988 ਨੂੰ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਵਾਪਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਪਾਰਕਿੰਗ ਦੇ ਮਾਮਲੇ ‘ਚ ਹੋਏ ਕਥਿਤ ਝਗੜੇ ਦੌਰਾਨ ਗੁਰਨਾਮ ਸਿੰਘ (65) ਦੀ ਮੌਤ ਹੋ ਗਈ ਸੀ ਤੇ ਇਸ ਸਬੰਧੀ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਇੱਕ ਸਾਥੀ ਖਿਲਾਫ ਥਾਣਾ ਕੋਤਵਾਲੀ ਪਟਿਆਲਾ ਵਿੱਚ ਗ਼ੈਰ-ਇਰਾਦਤਨ ਕਤਲ ਦਾ ਕੇਸ ਦਰਜ ਹੋਇਆ ਸੀ। ਇਸ ਕੇਸ ‘ਚ 1999 ਵਿੱਚ ਪਟਿਆਲਾ ਦੀ ਸੈਸ਼ਨ ਕੋਰਟ ਨੇ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ ਸੀ, ਪਰ ਪੀੜਤ ਪਰਿਵਾਰ ਨੇ ਇਸ ਫ਼ੈਸਲੇ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ, ਜਿਸ ਮਗਰੋਂ 2006 ‘ਚ ਹਾਈ ਕੋਰਟ ਨੇ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਨਵਜੋਤ ਸਿੱਧੂ ਵੱਲੋਂ ਸੁਪਰੀਮ ਕੋਰਟ ‘ਚ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਤੇ 2007 ਵਿੱਚ ਸਜ਼ਾ ‘ਤੇ ਰੋਕ ਲਾ ਦਿੱਤੀ ਗਈ। ਮਈ 2018 ਵਿੱਚ ਸੁਪਰੀਮ ਕੋਰਟ ਨੇ ਇਸ ਕੇਸ ‘ਚੋਂ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ, ਪਰ ਪੀੜਤ ਪਰਿਵਾਰ ਨੇ ਸੁਪਰੀਮ ਕੋਰਟ ‘ਚ ਰੀਵਿਊ (ਸਮੀਖਿਆ) ਪਟੀਸ਼ਨ ਪਾ ਦਿੱਤੀ, ਜਿਸ ਸਬੰਧੀ 25 ਮਾਰਚ 2022 ਨੂੰ ਸੁਣਵਾਈ ਮੁਕੰਮਲ ਕਰਦਿਆਂ, ਉੱਚ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ। ਇਸ ਮਗਰੋਂ 19 ਮਈ 2022 ਨੂੰ ਸੁਣਾਏ ਗਏ ਫ਼ੈਸਲੇ ਦੌਰਾਨ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਦੇ ਚੱਲਦਿਆਂ 20 ਮਈ 2022 ਨੂੰ ਪਟਿਆਲਾ ਅਦਾਲਤ ‘ਚ ਪੇਸ਼ ਹੋਣ ਮਗਰੋਂ ਉਨ੍ਹਾਂ ਨੂੰ ਇੱਕ ਸਾਲ ਦੀ ਕੈਦ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।
ਨਵਜੋਤ ਸਿੱਧੂ ਜੰਗ ਜਿੱਤ ਕੇ ਨਹੀਂ, ਗੁਨਾਹ ਦੀ ਸਜ਼ਾ ਕੱਟ ਕੇ ਆਏ: ਕੰਗ
‘ਆਪ’ ਆਗੂ ਨੇ ਨਵਜੋਤ ਸਿੱਧੂ ਨੂੰ ਸਟੰਟਮੈਨ ਦੱਸਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਸਟੰਟਮੈਨ ਦੱਸਿਆ। ਕੰਗ ਨੇ ਕਿਹਾ ਕਿ ਸਿੱਧੂ ਆਜ਼ਾਦੀ ਦੀ ਲੜਾਈ ਲੜਨ ਕਰਕੇ ਜੇਲ੍ਹ ਨਹੀਂ ਗਏ ਸਨ, ਸਗੋਂ ਬਜ਼ੁਰਗ ਵਿਅਕਤੀ ਨੂੰ ਮਾਰਨ ਦੇ ਦੋਸ਼ ਹੇਠ ਸਜ਼ਾ ਕੱਟ ਕੇ ਆਏ ਹਨ। ਇਸ ਲਈ ਉਨ੍ਹਾਂ ਨੂੰ ਢੋਲ-ਨਗਾੜੇ ਵਜਾਉਣ ਦੀ ਥਾਂ ਬਜ਼ੁਰਗ ਦੀ ਮੌਤ ਬਾਰੇ ਆਤਮ-ਚਿੰਤਨ ਕਰਨਾ ਚਾਹੀਦਾ ਹੈ। ਕੰਗ ਨੇ ਕਿਹਾ ਕਿ ਸਿੱਧੂ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਤੋਂ ਬਾਅਦ ਥੋੜ੍ਹਾ ਨਿਮਰ ਹੋਣਾ ਚਾਹੀਦਾ ਸੀ, ਪਰ ਬਾਹਰ ਆਉਂਦੇ ਹੀ ਪਹਿਲੇ ਦਿਨ ਤੋਂ ਉਨ੍ਹਾਂ ਦੀ ਖੋਖਲੀ ਬਿਆਨਬਾਜ਼ੀ ਮੁੜ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਂਗਰਸ ਸਰਕਾਰ ਨੇ 36,000 ਨੌਕਰੀਆਂ ਦੇ ਝੂਠੇ ਇਸ਼ਤਿਹਾਰ ਦਿੱਤੇ ਤੇ ਉੱਚ ਵਿਆਜ ਦਰਾਂ ‘ਤੇ ਕਰਜ਼ੇ ਲਏ ਸਨ। ਇਸ ਲਈ ਨਵਜੋਤ ਸਿੱਧੂ ਨੂੰ ਅਜਿਹੇ ਬਿਆਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਮਾਨ ਸਰਕਾਰ ਵੱਲੋਂ ਇਕ ਸਾਲ ‘ਚ ਕੀਤੇ ਕੰਮਾਂ ਦੀ ਤੁਲਨਾ ਪਿਛਲੀਆਂ ਸਰਕਾਰਾਂ ਦੇ ਕੰਮਾਂ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਮਾਨ ਸਰਕਾਰ ਨੇ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਖ਼ੁਦ ਉਨ੍ਹਾਂ ਸਰਕਾਰਾਂ ਦਾ ਹਿੱਸਾ ਸਨ, ਜੋ ਕਿਸਾਨਾਂ ਨੂੰ ਫ਼ਸਲੀ ਮੁਆਵਜ਼ੇ ਦੇ 40 ਰੁਪਏ ਦੇ ਚੈੱਕ ਵੀ ਦਿੰਦੀਆਂ ਸਨ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …