Breaking News
Home / Special Story / ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਉਮੀਦ ਦੀ ਆਵਾਜ਼
ਡਾ. ਦੇਵਿੰਦਰ ਪਾਲ ਸਿੰਘ
ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ ਅੰਦਰ, ਪ੍ਰਾਚੀਨ ਇਤਿਹਾਸ ਅਤੇ ਨਵੇਂ ਜ਼ਮਾਨੇ ਦੀ ਸੋਚ ਟਕਰਾ ਰਹੇ ਸਨ। ਪਿਛਲੇ ਕਈ ਦਹਾਕਿਆਂ ਤੋਂ ਚਲ ਰਹੇ ਲੰਬੇ ਸੰਘਰਸ਼ ਦੀਆਂ ਤਿੰਨ ਪ੍ਰਮੁੱਖ ਧਿਰਾਂ ਸਨ – ਹਮਾਸ, ਇਜ਼ਰਾਈਲ ਅਤੇ ਪੀ.ਐ.ਓ.। ਇਸ ਇਜ਼ਰਾਈਲੀ-ਫਿਲਸਤੀਨੀ ਸੰਘਰਸ਼ ਵਿਚ ਉਲਝੇ ਖੇਤਰ ਵਿਖੇ ਸੱਬਬੀ ਤਿੰਨ ਵਿਅਕਤੀੰਆ ਦਾ ਮੇਲ ਹੋ ਗਿਆ। ਇਤਫਾਕ ਹੀ ਸੀ ਕਿ ਇਹ ਤਿੰਨੋਂ ਵਿਅਕਤੀ ਇਨ੍ਹਾਂ ਤਿੰਨ ਧਿਰਾਂ ਦੀ ਨੁਮਾਇੰਦਗੀ ਕਰ ਰਹੇ ਸਨ।
ਯੂਸਫ਼ ਇੱਕ ਫਿਲਸਤੀਨੀ ਨੌਜਵਾਨ ਸੀ ਜੋ ਹਮਾਸ ਦਾ ਮੈਂਬਰ ਸੀ। ਉਹ ਗਾਜ਼ਾ ਪੱਟੀ ਵਿੱਚ ਵੱਡਾ ਹੋਇਆ ਸੀ ਅਤੇ ਉਸ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਜ਼ਰਾਈਲੀ ਨਾਕਾਬੰਦੀ ਦੀਆਂ ਮੁਸ਼ਕਲਾਂ ਨੂੰ ਸਹਿਣ ਕਰਦਿਆਂ ਦੇਖਿਆ ਸੀ। ਉਹ ਮੌਜੂਦਾ ਹਾਲਾਤ ਦੇ ਮੁਕਾਬਲੇ ਦਾ ਮੁਦਈ ਸੀ, ਅਤੇ ‘ਵਿਰੋਧ’ ਇੱਕ ਅਜਿਹਾ ਸ਼ਬਦ ਜੋ ਅਕਸਰ ਉਸਦੇ ਦਿਮਾਗ ਵਿੱਚ ਗੂੰਜਦਾ ਰਹਿੰਦਾ ਸੀ। ਉਸ ਦੇ ਦੋਸਤ ਉਸ ਨੂੰ ‘ਸਿਰੜ੍ਹੀ ਯੂਸਫ’ ਕਹਿੰਦੇ ਸਨ ਕਿਉਂਕਿ ਉਹ ਹਮੇਸ਼ਾ ਪੱਕੇ ਇਰਾਦੇ ਦਾ ਮਾਲਕ ਸੀ।
ਤੀਹ ਕੁ ਸਾਲਾਂ ਸਾਰਾਹ ਇੱਕ ਇਜ਼ਰਾਈਲੀ ਔਰਤ ਸੀ। ਉਹ ਤੇਲਾਵੀਵ ਸ਼ਹਿਰ ਦੀ ਜੰਮਪਲ ਸੀ। ਉਹ ਇਜ਼ਰਾਈਲੀ ਫੋਜ ਵਿਚ ਨੌਕਰੀ ਕਰ ਚੁੱਕੀ ਸੀ ਅਤੇ ਇਸ ਖੇਤਰ ਵਿੱਚ ਫੈਲੇ ਤਣਾਅ ਨੂੰ ਉਸ ਹੱਡੀ ਨਿਭਾਇਆ ਸੀ। ਉਸ ਦਾ ਪਰਿਵਾਰ ਤੇ ਦੋਸਤ, ਗਾਜ਼ਾ ਪੱਟੀ ਤੋਂ ਅਕਸਰ ਹੁੰਦੇ ਰਾਕੇਟੀ ਹਮਲਿਆਂ ਦੇ ਪਰਛਾਂਵਿਆ ਹੇਠ ਜੀਵਨ ਬਸਰ ਕਰ ਰਹੇ ਸਨ। ਸਾਰਾਹ ਆਪਣੇ ਲੋਕਾਂ ਦੀ ਸੁਰੱਖਿਆ ਬਾਰੇ ਬਹੁਤ ਹੀ ਭਾਵੁਕ ਸੀ। ਉਹ ਖੁਸ਼ਹਾਲ ਤੇ ਸੁਰੱਖਿਅਤ ਇਜ਼ਰਾਈਲ ਦੀ ਸਾਕਾਰਤਾ ਲਈ ਵਚਨਬੱਧ ਸੀ। ਅਹਿਮਦ, ਇੱਕ ਤਜਰਬੇਕਾਰ ਡਿਪਲੋਮੈਟ ਸੀ। ਉਸ ਨੇ ਪੀ. ਐਲ.ਓ. ਦੇ ਪ੍ਰਤੀਨਿਧੀ ਵਜੋਂ ਅੰਤਰਰਾਸ਼ਟਰੀ ਸਬੰਧਾਂ ਦੀਆ ਗੁੰਝਲਾਂ ਨੂੰ ਹੱਲ ਕਰਨ ਵਿੱਚ ਕਈ ਸਾਲ ਬਿਤਾਏ ਸਨ। ਉਹ ਇਸ ਖਿੱਤੇ ਵਿਖੇ ਜੰਗਬੰਦੀ ਦੀ ਹਰ ਕੋਸ਼ਿਸ਼, ਅਤੇ ਸ਼ਾਂਤੀ ਪ੍ਰਕਿਰਿਆ ਵਿੱਚ ਮੌਜੂਦ ਹਰ ਮੁਸ਼ਕਲ ਬਾਰੇ ਬਾਖੂਬੀ ਜਾਣਦਾ ਸੀ। ਉਹ ਇੱਕ ਸ਼ਾਂਤ-ਸੁਭਾਅ ਵਾਲਾ ਵਿਚਾਰਵਾਨ ਵਿਅਕਤੀ ਸੀ ਜੋ ਆਪਸੀ ਗੱਲਬਾਤ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਸੀ।
ਮੱਧ ਪੂਰਬ ਵਿਖੇ, ਆਯੋਜਿਤ ਇੱਕ ਅੰਤਰਰਾਸ਼ਟਰੀ ਕਾਨਫਰੰਸ, ਦੀ ਇੱਕ ਸ਼ਾਮ ਉਨ੍ਹਾਂ ਦੀ ਮੁਲਾਕਾਤ ਹੋ ਗਈ। ਕਾਨਫਰੰਸ ਦਾ ਇਹ ਤੀਸਰਾ ਦਿਨ ਸੀ ਜਦ ਉਹ ਤਿੰਨੋਂ ਇਕ ਕੈਫੇ ਵਿੱਖੇ ਅਚਾਨਕ ਮਿਲ ਗਏ। ਸਾਰਾਹ ਮਨ ਆਈ ਗੱਲ ਕਹਿਣ ਤੋਂ ਕਦੇ ਝਿਜਕਦੀ ਨਹੀਂ ਸੀ। ਮਿਲਣੀ ਦੌਰਾਨ ਪਸਰੀ ਚੁੱਪ ਨੂੰ ਤੋੜਦਿਆਂ ਉਹ ਬੋਲੀ, ”ਯੂਸਫ! ਮੈਨੂੰ ਸਮਝ ਨਹੀਂ ਆਉਂਦੀ ਕਿ ਹਮਾਸ ਹਿੰਸਾ ਦੀ ਵਰਤੋਂ ਕਰਨ ਉੱਤੇ ਜ਼ੋਰ ਕਿਉਂ ਦਿੰਦਾ ਹੈ। ਜੇਕਰ ਤੁਸੀਂ ਇਨ੍ਹਾਂ ਹਮਲਿਆਂ ਨੂੰ ਛੱਡ ਦਿਓ ਤਾਂ ਅਸੀਂ ਰਲ-ਮਿਲ ਕੇ ਸ਼ਾਂਤੀ ਨਾਲ ਰਹਿਣ ਦਾ ਰਸਤਾ ਲੱਭ ਸਕਦੇ ਹਾਂ।”
ਯੂਸਫ਼ ਨੇ ਨਿਰਾਸ਼ਾ ਅਤੇ ਪਰ ਦ੍ਰਿੜਤਾ ਭਰੀ ਨਜ਼ਰ ਨਾਲ ਉਸ ਵੱਲ ਦੇਖਿਆ। ”ਸਾਰਾਹ! ਅਸੀਂ ਕਈ ਪੀੜ੍ਹੀਆਂ ਤੋਂ ਵਿਦੇਸ਼ੀ ਕਬਜ਼ੇ ਹੇਠ ਜੀ ਰਹੇ ਹਾਂ। ਅਸੀਂ ਸ਼ਾਂਤੀ ਭਰੇ ਢੰਗ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ, ਪਰ ਅਜਿਹੀ ਗੱਲਬਾਤ ਹਮੇਸ਼ਾਂ ਹੋਰ ਪਾਬੰਦੀਆਂ ਤੇ ਬੰਦੋਬਸਤਾਂ ਨੂੰ ਜਨਮ ਦਿੰਦੀ ਹੈ। ਵਿਰੋਧ ਤੋਂ ਬਿਨ੍ਹਾਂ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਦਾ ਕੋਈ ਹੋਰ ਤਰੀਕਾ ਨਜ਼ਰ ਹੀ ਨਹੀਂ ਆਉਂਦਾ।”
ਅਹਿਮਦ, ਕੌਫੀ ਦਾ ਘੁੱਟ ਭਰਦਿਆਂ, ਸਹਿਜ ਨਾਲ ਬੋਲਿਆ ”ਸਾਰਾਹ! ਯੁਸਫ! ਤੁਹਾਡੇ ਦੋਵਾਂ ਦੇ ਵਿਚਾਰਾਂ ਦਾ ਅਧਾਰ ਤੁਹਾਡੇ ਲੋਕਾਂ ਦੇ ਆਪੋ ਆਪਣੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਅਸੀਂ ਪੀ.ਐਲ.ਓ. ਵਿਖੇ ਰਾਜਨੀਤਕ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਇਹ ਆਸਾਨ ਕੰਮ ਨਹੀਂ ਹੈ। ਅਸੀਂ ਗੱਲਬਾਤ ਦੇ ਸਾਂਝਾ ਆਧਾਰ ਨੂੰ ਲੱਭਣ ਦੇ ਮਹੱਤਵ ਨੂੰ ਸਮਝਦੇ ਹਾਂ। ਸ਼ਾਂਤੀ ਸੰਭਵ ਤਾਂ ਹੈ, ਪਰ ਇਸ ਲਈ ਆਪਸੀ ਸਹਿਮਤੀ ਦੀ ਲੋੜ ਹੈ।”
ਸਾਰਾਹ ਨੇ ਡੂੰਘਾ ਸਾਹ ਲੈਂਦਿਆ ਕਿਹਾ, ”ਮੈਂ ਜਾਣਦੀ ਹਾਂ ਕਿ ਕੋਈ ਸੋਖਾ ਹੱਲ ਨਹੀਂ ਹੈ। ਪਰ ਹਿੰਸਾ ਸਿਰਫ ਹੋਰ ਹਿੰਸਾ ਨੂੰ ਹੀ ਜਨਮ ਦਿੰਦੀ ਹੈ। ਯੂਸਫ! ਮੈਂ ਇਸ ਮਸਲੇ ਬਾਰੇ ਸੋਚ ਸੋਚ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਾ ਵਿਚ ਹਾਂ।”
ਯੂਸਫ਼ ਨੇ ਦੋਹਾਂ ਪੱਖਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਸਿਰ ਹਿਲਾਇਆ। ”ਸਾਰਾਹ! ਤੇਰੀ ਚਿੰਤਾ ਸਹੀ ਹੈ। ਅਸੀਂ ਵੀ ਅਜਿਹੇ ਹੀ ਡਰ ਅਤੇ ਅਸੁਰੱਖਿਆ ਦਾ ਸ਼ਿਕਾਰ ਹਾਂ। ਪਰ ਸਵੈ-ਨਿਰਣੇ ਦਾ ਹੱਕ ਵੀ ਤਾਂ ਸਾਡਾ ਜਨਮ-ਸਿੱਧ ਅਧਿਕਾਰ ਹੈ। ਸੱਚ ਹੀ ਇਹ ਇੱਕ ਬਹੁਤ ਮੁਸ਼ਕਲ ਹਾਲਤ ਹੈ।”
ਹਲਕੀ ਜਿਹੀ ਮੁਸਕਰਾਹਟ ਨਾਲ ਅਹਿਮਦ ਬੋਲਿਆ, ”ਅਸਲ ਵਿੱਚ, ਇਸ ਖਿੱਤੇ ਦਾ ਇਹ ਮਸਲਾ ਦੁਨੀਆ ਦੇ ਸਭ ਤੋਂ ਜਟਿਲ ਸੰਘਰਸ਼ਾਂ ਵਿੱਚੋਂ ਇੱਕ ਹੈ। ਪਰ ਇਸ ਤਰ੍ਹਾਂ ਆਪਸ ਵਿਚ ਗੱਲ ਕਰਨਾ, ਇੱਕ ਦੂਜੇ ਦੇ ਪੱਖਾਂ ਨੂੰ ਸਮਝਣਾ, ਉੱਜਲ ਭਵਿੱਖ ਵੱਲ ਇੱਕ ਚੰਗਾ ਕਦਮ ਹੈ।”
ਉਸ ਪਲ ਦੌਰਾਨ, ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੇ ਆਪਣੇ ਲੋਕਾਂ ਦੁਆਰਾ ਰਚੇ ਪੱਖਪਾਤੀ ਇਤਿਹਾਸ ਉੱਤੇ ਅਧਾਰਿਤ ਹਨ। ਤਦ ਹੀ ਉਨ੍ਹਾਂ ਸਾਰਿਆਂ ਨੇ ਧਰਤੀ ਦੇ ਇਸ ਖਿੱਤੇ ਵਿਚ ਸ਼ਾਂਤੀ ਦੀ ਅਹਿਮ ਲੋੜ੍ਹ ਮਹਿਸੂਸ ਕੀਤੀ। ਬੇਸ਼ਕ ਇਜ਼ਰਾਈਲ-ਫਿਲਸਤੀਨੀ ਸੰਘਰਸ਼ ਦੇ ਹਾਲਾਤ ਹਮੇਸ਼ਾ ਵਾਂਗ ਹੀ ਚੁਣੌਤੀਪੂਰਣ ਬਣੇ ਹੋਏ ਸਨ, ਪਰ ਸ਼ਾਂਤੀ ਲਈ ਬੇਤਾਬ ਇਸ ਖੇਤਰ ਵਿੱਚ, ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਆਪਸੀ ਗਲਬਾਤ ਉਮੀਦ ਦੀ ਇਕ ਹਲਕੀ ਜਿਹੀ ਕਿਰਨ ਵਾਂਗ ਨਜ਼ਰ ਆ ਰਹੀ ਸੀ।
ੲੲੲ
ਕਾਨਫਰੰਸ ਦੇ ਅਗਲੇ ਦਿਨਾਂ ਦੌਰਾਨ ਵੀ, ਯੂਸਫ਼, ਸਾਰਾਹ ਅਤੇ ਅਹਿਮਦ ਦੀ ਆਪਸੀ ਗੱਲਬਾਤ ਜਾਰੀ ਰਹੀ। ਉਨ੍ਹਾਂ ਇੱਕ ਦੂਜੇ ਨਾਲ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਅਜਿਹੇ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਨਾ ਸਿਰਫ਼ ਆਪੋ-ਆਪਣੇ ਪੱਖਾਂ ਦੀ ਗੱਲਾਂ ਤੇ ਤੱਥ ਸਾਂਝੇ ਕੀਤੇ, ਸਗੋਂ ਇੱਕ ਚੰਗੇਰੇ ਭਵਿੱਖ ਲਈ ਸ਼ੁੱਭਇੱਛਾਵਾਂ ਦੀ ਸਾਂਝ ਵੀ ਪਾਈ।
ਇੱਕ ਸ਼ਾਮ, ਭੂਮੱਧ ਸਾਗਰ ਦੇ ਸ਼ਾਂਤ ਪਾਣੀਆ ਵਾਲੀ ਬੀਚ ਦੇ ਕਿਨਾਰੇ ਬੈਠ, ਉਨ੍ਹਾਂ ਨੇ ਨਾ ਸਿਰਫ਼ ਸਹੀ ਇਤਹਾਸਿਕ ਜਾਣਕਾਰੀ ਦੇ ਮਹੱਤਵ ਬਾਰੇ ਚਰਚਾ ਕੀਤੀ, ਸਗੋਂ ਆਪਣੇ ਪਰਿਵਾਰਾਂ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਸਾਰਾਹ ਨੇ ਆਪਣੇ ਛੋਟੇ ਭਤੀਜਿਆਂ ਤੇ ਭਤੀਜੀਆਂ ਬਾਰੇ ਗੱਲਾਂ ਕਰਦਿਆਂ, ਉਨ੍ਹਾਂ ਦੀ ਅਜਿਹੇ ਭਵਿੱਖਮਈ ਸੰਸਾਰ ਦੀ ਖ਼ਾਹਸ਼, ਜਿਥੇ ਖ਼ਤਰੇ ਤੇ ਡਰ ਵਾਲੇ ਹਾਲਾਤਾਂ ਤੋਂ ਮੁਕਤੀ ਹੋਵੇ, ਬਾਰੇ ਦੱਸ ਪਾਈ। ਯੂਸਫ਼ ਨੇ ਇੱਕ ਆਜ਼ਾਦ ਅਤੇ ਖੁਸ਼ਹਾਲ ਫਿਲਸਤੀਨ ਬਾਰੇ ਆਪਣੇ ਸੁਪਨਿਆਂ ਦੀ ਚਰਚਾ ਕੀਤੀ। ਇਕ ਅਜਿਹਾ ਫਿਲਸਤੀਨ ਜਿੱਥੇ ਉਹ ਲੜਾਈ ਦੇ ਦਾਨਵ ਦੇ ਖੌਫ਼ ਤੋਂ ਮੁਕਤ ਆਪਣੇ ਪਰਿਵਾਰ ਨੂੰ ਪਾਲ ਸਕਦਾ ਹੋਵੇ। ਅਹਿਮਦ ਨੇ, ਆਪਣੇ ਪਿਤਾ ਤੋਂ ਸਿੱਖੇ ਉਹ ਸਬਕ ਸਾਂਝੇ ਕੀਤੇ ਜੋ ਉਸ ਦੇ ਪਿਤਾ ਨੇ ਯੁੱਧ ਦੇ ਔਕੜਾਂ ਵਿਚ ਅਨੁਭਵ ਕੀਤੇ ਸਨ ਅਤੇ ਇਨ੍ਹਾਂ ਸਬਕਾਂ ਨੇ ਹੀ ਉਸ ਨੂੰ ਸੰਵਾਦ ਦੀ ਕੀਮਤ ਸਮਝਾਈ ਸੀ।
ਜਿਵੇਂ-ਜਿਵੇਂ ਉਨ੍ਹਾਂ ਵਿਚ ਗੱਲਬਾਤਾਂ ਦੀ ਸਾਂਝ ਵਧਦੀ ਗਈ, ਉਨ੍ਹਾਂ ਦੇ ਮਨ ਵਿਚ ਅਜਿਹੀ ਦੁਨੀਆ ਦਾ ਸੁਪਨਾ ਸਾਕਾਰ ਹੋਣ ਲੱਗਾ ਜਿਥੇ ਹਰ ਰੋਜ਼ ਦੇ ਜੰਗ ਦੇ ਡਰ ਦੀ ਥਾਂ ਸ਼ਾਂਤਮਈ ਤੇ ਸਹਿਹੌਂਦ ਭਰਪੂਰ ਸੰਸਾਰ ਹੌਂਦਮਈ ਸੀ। ਹੁਣ ਸਾਰਾਹ ਉਨ੍ਹਾਂ ਕਾਰਣਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਜਿਨ੍ਹਾਂ ਨੇ ਨੌਜਵਾਨ ਫਿਲਸਤੀਨੀਆਂ ਨੂੰ ਹਮਾਸ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ ਸੀ। ਹੁਣ ਤਾਂ ਯੂਸਫ਼ ਨੂੰ ਵੀ, ਬਹੁਗਿਣਤੀ ਇਜ਼ਰਾਈਲੀਆਂ ਦੀ ਸੁਰੱਖਿਅਤ ਅਤੇ ਸਥਾਈ ਭਵਿੱਖ ਲਈ ਮੂਲ ਚਾਹਤ ਦੀ ਸਮਝ ਆ ਚੁੱਕੀ ਸੀ। ਉਨ੍ਹਾਂ ਸਾਰਿਆਂ ਦੇ ਮਨਾਂ ਵਿਚ ਜਨਮ ਲੈ ਰਹੇ ਸ਼ਾਂਤਮਈ ਭਵਿੱਖ ਦੇ ਅਕੁੰਰ ਨੂੰ ਮੌਲਣ ਵਾਸਤੇ ਲੋੜੀਂਦੇ ਹਾਲਾਤ ਦੇ ਨਿਰਮਾਣ ਲਈ ਅਹਿਮਦ ਨੇ ਕੂਟਨੀਤੀ ਦੀ ਸੰਭਾਵਨਾ ਭਾਂਪ ਲਈ।
ਕਾਨਫਰੰਸ ਦੀ ਆਖ਼ਰੀ ਸ਼ਾਮ, ਜਦ ਉਹ ਆਪਣੇ ਹੋਟਲ ਦੀ ਛੱਤ ‘ਤੇ ਖੜ੍ਹੇ, ਸ਼ਹਿਰ ਨੂੰ ਦੇਖ ਰਹੇ ਸਨ, ਤਾਂ ਉਨ੍ਹਾਂ ਨੇ ਇਕ ਨਿਰਣਾ ਕਰ ਲਿਆ। ਉਨ੍ਹਾਂ ਅਹਿਦ ਕੀਤਾ ਕਿ ਉਹ ਆਪਣੇ-ਆਪਣੇ ਭਾਈਚਾਰਿਆਂ ਵਿਚ ਸਹੀ ਜਾਣਕਾਰੀ ਦੇ ਪ੍ਰਸਾਰ ਅਤੇ ਵਿਭਿੰਨ ਭਾਈਚਾਰਿਆਂ ਵਿਚ ਸੰਵਾਦ ਸਥਾਪਤੀ ਲਈ ਦ੍ਰਿੜ੍ਹਤਾ ਨਾਲ ਕੰਮ ਕਰਨਗੇ। ਉਨ੍ਹਾਂ ਦਾ ਯਕੀਨ ਸੀ ਅਜਿਹੇ ਸੰਵਾਦ ਭਾਵੇਂ ਛੋਟੇ ਛੋਟੇ ਵੀ ਹੋਣ ਪਰ ਸ਼ਾਂਤੀ ਦੇ ਰਾਹ ਉੱਤੇ ਅੱਗੇ ਵੱਧਣ ਲਈ ਬੀਜ ਦਾ ਰੋਲ ਅਦਾ ਕਰ ਸਕਦੇ ਹਨ।
ਇਸ ਦਿਸ਼ਾ ਵਿਚ, ਉਨ੍ਹਾਂ ਦੇ ਸਿਰਤੋੜ ਯਤਨਾਂ ਸਦਕਾ, ਆਪੋ-ਆਪਣੇ ਭਾਈਚਾਰਿਆਂ ਵਿਚ ਉਨ੍ਹਾਂ ਦੇ ਕੰਮ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਸਾਂਝੇ ਸਮਾਗਮਾਂ ਦਾ ਆਯੋਜਨ ਕੀਤਾ, ਇਜ਼ਰਾਈਲ ਅਤੇ ਫਿਲਸਤੀਨੀਆਂ ਨੂੰ ਉਹਨਾਂ ਦੇ ਤਜ਼ਰਬਿਆਂ, ਡਰਾਂ ਅਤੇ ਉਮੀਦਾਂ ਉੱਤੇ ਚਰਚਾ ਕਰਨ ਲਈ ਇਕੱਠੇ ਕੀਤਾ। ਬੇਸ਼ਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਚੁਣੌਤੀਆਂ ਭਰਪੂਰ ਸਨ, ਕਿਉਂਕਿ ਉਨ੍ਹਾਂ ਨੂੰ ਆਪਣੇ ਭਾਈਚਾਰਿਆਂ ਦੇ ਬਹੁਤ ਸਾਰੇ ਲੋਕਾਂ ਦੇ ਸ਼ੱਕਾਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਰ ਫਿਰ ਵੀ, ਉਹ ਦ੍ਰਿੜ ਰਹੇ। ਉਨ੍ਹਾਂ ਦੋਨਾਂ ਪੱਖਾਂ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਆਪਸੀ ਗੱਲਬਾਤ ਹੀ ਸ਼ਾਂਤੀ ਪ੍ਰਾਪਤੀ ਦਾ ਸਹੀ ਰਸਤਾ ਹੈ।
ਸਮੇਂ ਦੇ ਗੁਜ਼ਰਣ ਨਾਲ, ਯੂਸਫ਼, ਸਾਰਾਹ ਅਤੇ ਅਹਿਮਦ ਇਜ਼ਰਾਈਲ ਅਤੇ ਫਿਲਸਤੀਨੀਆਂ ਦੀ ਆਪਸੀ ਸਾਂਝ ਦੇ ਚਿੰਨ ਬਣ ਗਏ। ਉਹ ਇਹ ਸਾਬਤ ਕਰਨ ਲਈ ਦ੍ਰਿੜ੍ਹ ਸਨ ਕਿ ਹਾਲਾਤ ਤੇ ਇਤਿਹਾਸ ਦੀ ਸਹੀ ਸਮਝ, ਮਾਨਵੀ ਹਮਦਰਦੀ ਅਤੇ ਹੋਰਨਾਂ ਲਈ ਆਦਰ ਡੂੰਘੇ ਪਾੜਿਆਂ ਨੂੰ ਵੀ ਪੂਰ ਸਕਦੇ ਹਨ। ਬੇਸ਼ਕ ਇਜ਼ਰਾਈਲ-ਫਿਲਸਤੀਨੀ ਸੰਘਰਸ਼ ਇੱਕ ਮੁਸ਼ਕਲ ਤੇ ਸਥਾਈ ਚੁਣੌਤੀ ਸੀ, ਪਰ ਉਨ੍ਹਾਂ ਦੇ ਸੁਲਝੇ ਹੋਏ ਵਿਚਾਰ ਅਤੇ ਆਪਸੀ ਸਹਿਯੋਗ ਦੀਆਂ ਕਹਾਣੀਆਂ ਨੇ ਹੋਰਨਾਂ ਨੂੰ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਪ੍ਰਾਪਤੀ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਜਿਸ ਨੇ ਉਨ੍ਹਾਂ ਦੇ ਵਿਸ਼ਵਾਸ ਤੇ ਉਮੀਦ ਨੂੰ ਹੋਰ ਪੱਕਾ ਕਰ ਦਿੱਤਾ ਕਿ ਕਿਸੇ ਨਾ ਕਿਸੇ ਦਿਨ, ਉਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਖਿੱਤੇ ਦੇ ਮਸਲਿਆਂ ਦੇ ਸ਼ਾਂਤੀਪੂਰਨ ਹੱਲ ਦਾ ਅਧਾਰ ਬਣ ਸਕਦੇ ਹਨ, ਤਦ ਉਨ੍ਹਾਂ ਦੇ ਇਸ ਦੇਸ਼, ਜਿਸ ਨੂੰ ਉਹ ਆਪਣੀ ਮਾਤ-ਭੂਮੀ ਮੰਨਦੇ ਹਨ, ਦੇ ਸਮੂਹ ਲੋਕਾਂ ਦੇ ਆਪਸੀ ਸੰਘਰਸ਼ ਅਤੇ ਦੁੱਖਾਂ ਦਾ ਅੰਤ ਹੋ ਜਾਵੇਗਾ।
ੲੲੲ
ਜਿਵੇਂ ਹੀ ਯੂਸਫ਼, ਸਾਰਾਹ, ਅਤੇ ਅਹਿਮਦ ਨੇ ਸਹੀ ਜਾਣਕਾਰੀ, ਇਤਿਹਾਸ ਦੀ ਸਹੀ ਸਮਝ ਅਤੇ ਸ਼ਾਂਤੀ ਨੂੰ ਵਧਾਉਣ ਲਈ ਆਪਣੇ ਸਾਂਝੇ ਯਤਨ ਜਾਰੀ ਰੱਖੇ, ਉਨ੍ਹਾਂ ਦੇ ਯਤਨਾਂ ਦੀ ਚਰਚਾ ਉਨ੍ਹਾਂ ਦੇ ਨਿੱਜੀ ਇਕੱਠਾਂ ਦੀਆਂ ਸੀਮਾਵਾਂ ਤੋਂ ਪਾਰ ਫੈਲਣ ਲੱਗੀ। ਉਹ, ਇਸ ਖਿੱਤੇ ਵਿਖੇ ”ਉਮੀਦ ਦੀ ਆਵਾਜ਼” ਵਜੋਂ ਜਾਣੇ ਜਾਣ ਲੱਗ ਪਏ। ਸਮੇਂ ਨਾਲ ਉਨ੍ਹਾਂ ਦੇ ਮਾਨਵੀ ਏਕਤਾ ਅਤੇ ਸ਼ਾਂਤਮਈ ਸੰਵਾਦ ਦਾ ਸੁਨੇਹਾ ਅੰਤਰਰਾਸ਼ਟਰੀ ਪੱਧਰ ਤਕ ਗੂੰਜਣ ਲੱਗਾ। ਇੱਕ ਦਿਨ ਉਨ੍ਹਾਂ ਦੀ ਕੋਸ਼ਿਸ਼ਾਂ ਨੂੰ ਇਕ ਵੱਡੀ ਸਫਲਤਾ ਦਾ ਮੌਕਾ ਮਿਲ ਹੀ ਗਿਆ। ਇੱਕ ਪ੍ਰਮੁੱਖ ਗਲੋਬਲ ਸੰਸਥਾ ਨੇ ਉਨ੍ਹਾਂ ਨੂੰ ਇੱਕ ਅੰਤਰਰਾਸ਼ਟਰੀ ਸ਼ਾਂਤੀ ਸੰਮੇਲਨ ਵਿੱਚ ਬੋਲਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਇਸ ਮੌਕੇ ਨਾ ਸਿਰਫ਼ ਆਪਣੇ ਨਿੱਜੀ ਤਜ਼ਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ, ਸਗੋਂ ਇਜ਼ਰਾਈਲ-ਫਿਲਸਤੀਨੀ ਖਿੱਤੇ ਵਿਚ ਸ਼ਾਂਤੀ ਦੀ ਸਥਾਪਨਾ ਬਾਰੇ ਦੁਨੀਆ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਭੇਜਣ ਦੇ ਮਹੱਤਵਪੂਰਵ ਮੌਕੇ ਵਜੋਂ ਵਰਤਣ ਦਾ ਨਿਰਣਾ ਕੀਤਾ।
ਸਿਖਰ ਸੰਮੇਲਨ ਦੇ ਅਹਿਮ ਮੰਚ ‘ਤੇ ਖੜ੍ਹ ਕੇ, ‘ਉਮੀਦ ਦੀ ਆਵਾਜ਼’ ਦੇ ਤਿੰਨੋਂ ਪ੍ਰਮੁੱਖ ਮੈਂਬਰਾਂ ਨੇ ਵਾਰੀ-ਵਾਰੀ ਬੋਲਦਿਆਂ ਸਰੋਤਿਆਂ ਨੂੰ ਬਹੁਤ ਹੀ ਸੰਵੇਦਨਾ ਭਰਪੂਰ ਢੰਗ ਨਾਲ ਸੰਬੋਧਿਤ ਕੀਤਾ। ਇਸ ਮੰਚ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਯੂਸਫ਼ ਨੇ ਕਿਹਾ, ”ਗਾਜ਼ਾ ਵਿੱਚ, ਅਸੀਂ ਕਈ ਪੀੜ੍ਹੀਆਂ ਤੋਂ ਜੰਗੀ ਹਾਲਾਤ ਦੇ ਦੁਖਾਂਤ ਅਤੇ ਗੰਭੀਰ ਮਾਨਵੀ ਸੰਕਟ ਨੂੰ ਭੁਗਤ ਰਹੇ ਹਾਂ। ਪਰ ਮੇਰੀ ਧਾਰਣਾ ਹੈ ਕਿ ਤਬਦੀਲੀ ਸੰਭਵ ਹੈ। ਅਸੀਂ ਸੱਭ ਇਸ ਖਿੱਤੇ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਚਾਹਵਾਨ ਹਾਂ। ਸਾਡੇ ਬੱਚੇ ਤੇ ਅਗਲੇਰੀਆਂ ਪੀੜ੍ਹੀਆਂ ਹਿੰਸਾ ਤੋਂ ਮੁਕਤ ਭਵਿੱਖ ਦੇ ਹੱਕਦਾਰ ਹਨ।”
ਆਪਣੀ ਪੇਸ਼ਕਾਰੀ ਦੌਰਾਨ ਸਾਰਾਹ ਦੇ ਬੋਲ ਸਨ, ”ਇਕ ਇਜ਼ਰਾਈਲੀ ਹੋਣ ਦੇ ਨਾਤੇ, ਮੈਂ ਦੋਵਾਂ ਪਾਸਿਆਂ ਉੱਤੇ ਜੰਗੀ ਹਾਲਾਤਾਂ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦੇਖਿਆ ਹੈ। ਸਾਨੂੰ ਬਿਨਾਂ ਕਿਸੇ ਡਰ ਦੇ ਸ਼ਾਂਤੀ ਨਾਲ ਇਕੱਠੇ ਰਹਿਣ ਦਾ ਤਰੀਕਾ ਲੱਭਣਾ ਚਾਹੀਦਾ ਹੈ। ਇਜ਼ਰਾਈਲੀਆ ਦੀ ਬਹੁਗਿਣਤੀ ਸ਼ਾਂਤਮਈ ਜੀਵਨ ਲਈ ਖਾਹਸ਼ਮੰਦ ਹੈ।”
‘ਉਮੀਦ ਦੀ ਆਵਾਜ਼’ ਦੇ ਸੁਨੇਹੇ ਦੇ ਕੇਂਦਰੀ ਭਾਵ ਨੂੰ ਪ੍ਰਗਟ ਕਰਦੇ ਅਹਿਮਦ ਦੇ ਬੋਲ ਸਨ, ”ਆਪਸੀ ਗੱਲਬਾਤ ਅਤੇ ਇਕ ਦੂਜੇ ਦੀਆਂ ਚਿੰਤਾਵਾਂ ਦੀ ਸਹੀ ਸਮਝ ਦੇ ਜ਼ਰੀਏ, ਅਸੀਂ ਭਰੋਸੇ ਦਾ ਅਧਾਰ ਕਾਇਮ ਕਰ ਸਕਦੇ ਹਾਂ। ਸ਼ਾਂਤੀ ਦਾ ਰਸਤਾ ਮੁਸ਼ਕਲਾਂ ਭਰਪੂਰ ਤਾਂ ਹੋ ਸਕਦਾ ਹੈ, ਪਰ ਇਹ ਅਸੰਭਵ ਨਹੀਂ ਹੈ। ਇਜ਼ਰਾਈਲੀ -ਫਿਲਸਤੀਨ ਖਿੱਤੇ ਵਿੱਖੇ ਰਹਿਣ ਵਾਲੇ ਸਾਰੇ ਲੋਕਾਂ ਦੇ ਮਾਨਵੀ ਅਧਿਕਾਰਾਂ ਦੀ ਪਛਾਣ ਇਸ ਰਸਤੇ ਦਾ ਮੁੱਢ ਬੰਨਦੀ ਹੈ।” ਉਨ੍ਹਾਂ ਦੇ ਸੰਵੇਦਨਾ ਭਰਪੂਰ ਸ਼ਬਦਾਂ ਨੇ ਸਰੋਤਿਆਂ ਦੇ ਮਨਾਂ ਨੂੰ ਛੂਹ ਲਿਆ। ਸਮੂਹ ਸਰੋਤਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਆਵਾਜ਼ ਨਾਲ ‘ਉਮੀਦ ਦੀ ਆਵਾਜ਼’ ਦੇ ਬੁਲਾਰਿਆਂ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਦੇ ਸੰਦੇਸ਼ ਤੋਂ ਪ੍ਰੇਰਿਤ ਹੋ ਕੇ, ਅੰਤਰਰਾਸ਼ਟਰੀ ਨੇਤਾਵਾਂ ਅਤੇ ਡਿਪਲੋਮੈਟਾਂ ਨੇ, ਉਹ ਕਾਰਜ, ਤਰਜ਼ੀਹੀ ਤੌਰ ਉੱਤੇ ਕਰਨ ਦਾ ਵਾਅਦਾ ਕੀਤਾ ਜੋ ਇਸ ਖੇਤਰ ਵਿੱਖੇ ਆਪਸੀ ਸੰਵਾਦ ਅਤੇ ਸ਼ਾਂਤੀ ਬਹਾਲੀ ਲਈ ਤੁਰੰਤ ਧਿਆਨ ਮੰਗਦੇ ਸਨ।
ਸਮੇਂ ਨਾਲ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਇਜ਼ਰਾਈਲੀ ਅਤੇ ਫਿਲਸਤੀਨੀ ਸਰਕਾਰਾਂ ਵਿਚਕਾਰ ਆਪਸੀ ਸੰਵਾਦ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਕਾਰਜ ਆਰੰਭ ਹੋਣ ਨਾਲ ਆਮ ਲੋਕਾਂ ਵਿਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸਾਂ ਨੂੰ ਨਵਾਂ ਉਤਸ਼ਾਹ ਮਿਲਿਆ। ਦੋਵਾਂ ਪਾਸਿਆਂ ਦੇ ਸਕੂਲਾਂ ਵਿਖੇ ਸਾਂਝੇ ਵਿਦਿਅਕ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਨੇ ਨੌਜਵਾਨ ਪੀੜ੍ਹੀ ਵਿੱਚ ਆਪਸੀ ਸਾਂਝ ਤੇ ਸਮਝ ਨੂੰ ਉਤਸ਼ਾਹਿਤ ਕੀਤਾ।
ਸਭਿਆਚਾਰਕ ਆਦਾਨ-ਪ੍ਰਦਾਨ ਕਾਰਜਾਂ ਨੇ ਆਪਸੀ ਵਿੱਥ ਨੂੰ ਭਰਨ ਅਤੇ ਦੋਵਾਂ ਭਾਈਚਾਰਿਆਂ ਵਿਚਕਾਰ ਪਿਆਰ ਤੇ ਵਿਸ਼ਵਾਸ ਭਰਪੂਰ ਸਬੰਧ ਕਾਇਮ ਕਰਨ ਵਿਚ ਅਹਿਮ ਅਧਾਰ ਪ੍ਰਦਾਨ ਕੀਤਾ। ਬੇਸ਼ੱਕ, ਚੁਣੌਤੀਆਂ ਦਾ ਦੌਰ ਅਜੇ ਵੀ ਕਾਇਮ ਸੀ। ਦੋਵਾਂ ਪਾਸਿਆਂ ਦੀਆਂ ਕੱਟੜਪੰਥੀ ਆਵਾਜ਼ਾਂ ਨੇ ਸ਼ਾਂਤੀ ਸਥਾਪਤੀ ਦੇ ਸਮੂਹ ਯਤਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਜੰਗੀ ਹਾਲਾਤ ਨੂੰ ਕਾਇਮ ਰੱਖਣ ਦੀ ਜੀ ਤੋੜ ਕੋਸ਼ਿਸ਼ ਕੀਤੀ। ਪਰ ਯੂਸਫ਼, ਸਾਰਾਹ ਅਤੇ ਅਹਿਮਦ ਦੇ ਵਿਚਾਰਾਂ ਦੀ ਸਾਂਝ ਅਤੇ ਨਿਰੰਤਰ ਵਚਨਬੱਧਤਾ ਨੇ ‘ਉਮੀਦ ਦੀ ਆਵਾਜ਼’ ਕਾਇਮ ਰੱਖੀ।
ਉਨ੍ਹਾਂ ਦੇ ਯਤਨ ਬੇਸ਼ਕ ਤਤਕਾਲ ਹੀ ਵੱਡੀਆਂ ਤਬਦੀਲੀਆ ਦਾ ਲਿਆ ਸਕਣ ਦੇ ਸਮਰਥ ਤਾਂ ਨਹੀਂ ਸਨ, ਪਰ ਇਹ ਯਤਨ ਉਨ੍ਹਾਂ ਵਿਅਕਤੀਆਂ ਦੀ ਸ਼ਕਤੀ ਦਾ ਸਬੂਤ ਸਨ ਜਿਨ੍ਹਾਂ ਨੇ ਦੋ ਕੌਮਾਂ ਵਿਚਕਾਰਲੀਆਂ ਵੰਡੀਆਂ ਨੂੰ ਘੱਟ ਕਰਣ ਅਤੇ ਨਫ਼ਰਤਾਂ ਦੇ ਮਾਹੌਲ ਨੂੰ ਬਦਲਣ ਦੀ ਹਿੰਮਤ ਕੀਤੀ ਸੀ। ‘ਉਮੀਦ ਦੀ ਆਵਾਜ਼’ ਕਾਰਕੁੰਨ ਪਰਪੱਕ ਸਨ ਕਿ ਉਨ੍ਹਾਂ ਦੀ ਮੰਜ਼ਿਲ ਦਾ ਸਫ਼ਰ ਬੇਸ਼ਕ ਕਾਫ਼ੀ ਲੰਮਾ ਹੈ, ਪਰ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਦੁਆਰਾ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਧਰਤੀ ਦੇ ਇਸ ਖਿੱਤੇ ਵਿੱਚ ਇਕ ਦਿਨ ਜ਼ਰੂਰ ਸੰਘਰਸ਼ ਦਾ ਖਾਤਮਾ ਹੋ, ਆਪਸੀ ਭਾਈਚਾਰੇ ਤੇ ਸ਼ਾਂਤੀ ਦੀ ਸਥਾਪਤੀ ਹੋ ਸਕੇਗੀ।
ੲੲੲ
ਸਮੇਂ ਨਾਲ, ”ਉਮੀਦ ਦੀ ਆਵਾਜ਼” ਅਤੇ ਕਈ ਹੋਰ ਸੰਸਥਾਵਾਂ ਦੇ ਯਤਨਾਂ ਨੇ ਇਜ਼ਰਾਈਲੀ-ਫਿਲਸਤੀਨੀ ਖੇਤਰ ਵਿੱਚ ਇੱਕ ਖਾਸ ਫਰਕ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਬੇਸ਼ਕ ਆਪਸੀ ਵਿਵਾਦ ਦਾ ਹੱਲ ਅਜੇ ਵੀ ਸਪਸ਼ਟ ਨਜ਼ਰ ਨਹੀਂ ਸੀ ਆ ਰਿਹਾ, ਪਰ ਸ਼ਾਤੀ ਬਹਾਲੀ ਦੀ ਦਿਸ਼ਾ ਵੱਲ ਕਈ ਕਦਮ ਪੁੱਟੇ ਜਾ ਰਹੇ ਸਨ, ਅਤੇ ਚੇਤਨ ਆਸ਼ਾਵਾਦ ਦੀ ਭਾਵਨਾ ਦਾ ਬੋਲਬਾਲਾ ਹਰ ਪਾਸੇ ਹੋਣ ਲੱਗ ਪਿਆ ਸੀ।
ਆਪਸੀ ਸੰਵਾਦ ਅਤੇ ਸ਼ਾਂਤੀ ਬਹਾਲੀ ਲਈ ਸੁਯੋਗ ਕਾਰਜਾਂ ਵਾਸਤੇ ਅੰਤਰਰਾਸ਼ਟਰੀ ਸਮਰਥਨ ਵੱਧਣ ਲੱਗ ਪਿਆ ਸੀ। ਇਜ਼ਰਾਈਲੀ ਅਤੇ ਫਿਲਸਤੀਨੀ ਨੇਤਾਵਾਂ ਵਿਚਕਾਰ ਗੱਲਬਾਤ ਫਿਰ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਸ਼ਾਂਤੀ ਬਹਾਲੀ ਅਤੇ ਲੜਾਈ ਝਗੜੇ ਦੇ ਕੰਮਾਂ ਸੰਬੰਧੀ ਸੰਜਮ ਵਰਤਣ ਦੀਆਂ ਆਵਾਜ਼ਾਂ ਤੇਜ਼ ਹੋਣ ਲੱਗ ਪਈਆਂ ਸਨ। ਲੰਬੇ ਸਮੇਂ ਤੋਂ ਹਿੰਸਾ ਦੇ ਚੱਕਰ ਨੂੰ ਜਾਰੀ ਰੱਖ ਰਹੇ ਕੱਟੜਪੰਥੀ ਬਿਰਤਾਂਤ ਹੌਲੇ ਹੌਲੇ ਪੇਤਲੇ ਹੁੰਦੇ ਜਾ ਰਹੇ ਸਨ।
ਆਪਸੀ ਮਿਲਵਰਤਣ ਵੱਲ ਵੱਲ ਛੋਟੇ ਛੋਟੇ ਕਦਮ ਚੁੱਕੇ ਜਾਣ ਲੱਗ ਪਏ ਸਨ। ਦਹਾਕਿਆਂ ਦੇ ਸੰਘਰਸ਼ ਕਾਰਨ ਵਿਛੜੇ ਪਰਿਵਾਰ ਮੁੜ ਹੁਣ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਜ਼ਰਾਈਲੀ ਅਤੇ ਫਿਲਸਤੀਨੀ ਬੱਚੇ ਨਾ ਸਿਰਫ਼ ਸਾਂਝੇ ਸਕੂਲਾਂ ਵਿੱਚ ਸਗੋਂ ਪੂਰੇ ਖੇਤਰ ਦੀਆਂ ਪਾਰਕਾਂ ਅਤੇ ਖੇਡ ਦੇ ਮੈਦਾਨਾਂ ਵਿੱਚ ਇਕੱਠੇ ਖੇਡਣ ਲੱਗ ਪਏ ਸਨ। ਸਾਂਝੇ ਆਰਥਿਕ ਉੱਦਮਾਂ ਦੇ ਵਾਧੇ ਨੇ ਆਪਸੀ ਸਹਿਯੋਗ ਅਤੇ ਅੰਤਰ-ਨਿਰਭਰਤਾ ਨੂੰ ਉਤਸ਼ਾਹ ਬਖ਼ਸ਼ਿਆ ਸੀ।
ਨੌਜਵਾਨ ਪੀੜ੍ਹੀ, ਸ਼ਾਂਤੀਪੂਰਨ ਸਹਿ-ਹੋਂਦ ਦੇ ਵਿਚਾਰ ਦੀ ਧਾਰਣਾ ਨਾਲ, ਇੱਕ ਵੱਖਰੇ ਮਾਹੌਲ ਵਿੱਚ ਵਧ ਫੁੱਲ ਰਹੀ ਸੀ। ਹੁਣ ਉਹ ਪੁਰਾਣੀਆਂ ਦੁਸ਼ਮਣੀਆਂ ਨੂੰ ਖਤਮ ਕਰਦੇ ਹੋਏ, ਅਜਿਹੇ ਭਵਿੱਖ ਦਾ ਸੁਪਨਾ ਸਾਕਾਰ ਕਰਣ ਲਈ ਤੱਤਪਰ ਸਨ ਜਿੱਥੇ ਉਨ੍ਹਾਂ ਦੇ ਭਾਈਚਾਰਿਆਂ ਨੂੰ ਵੰਡਣ ਵਾਲੀਆਂ ਲਕੀਰਾਂ ਹਮੇਸ਼ਾਂ ਲਈ ਮਿਟ ਜਾਣਗੀਆਂ।
ਇਹ ਜਾਣਦੇ ਹੋੲੈ ਕਿ ਅੱਗੇ ਦਾ ਰਸਤਾ ਲੰਬਾ ਅਤੇ ਅਨਿਸ਼ਚਿਤ ਹੈ, ਫਿਰ ਵੀ ਯੂਸਫ਼, ਸਾਰਾਹ ਅਤੇ ਅਹਿਮਦ ਦੀ ਰਹਿਨੁਮਾਈ ਵਿਚ ‘ਉਮੀਦ ਦੀ ਆਵਾਜ਼’ ਸੰਸਥਾ ਦੇ ਅਣਥੱਕ ਕਾਰਜ ਨਿਰੰਤਰ ਜਾਰੀ ਰਹੇ। ਇੰਝ ਉਨ੍ਹਾਂ ਦੀ ਕਹਾਣੀ ਸ਼ਾਤਮਈ ਭਵਿੱਖ ਦੀ ਆਸ ਦਾ ਚਿੰਨ੍ਹ ਬਣ ਗਈ, ਜੋ ਇਸ ਵਿਚਾਰ ਦਾ ਪ੍ਰਤੱਖ ਸਬੂਤ ਸੀ ਕਿ ਆਪਸੀ ਸੰਵਾਦ, ਹਮਦਰਦੀ ਅਤੇ ਸੰਵੇਦਨਾਸਮਕ ਸਮਝ ਅਹਿਮ ਤਬਦੀਲੀ ਲਿਆ ਸਕਣ ਦੇ ਸਮਰਥ ਹਨ।
ਸਮੇਂ ਨਾਲ ਇਜ਼ਰਾਈਲ-ਫਿਲਸਤੀਨੀ ਸੰਘਰਸ਼ ਹੁਣ ਉਨ੍ਹਾ ਗੁੰਝਲਦਾਰ ਮੁੱਦਾ ਨਹੀਂ ਸੀ ਰਿਹਾ ਜੋ ਪਹਿਲਾਂ ਜਾਪਦਾ ਸੀ। ਅਜਿਹਾ ਸਪੱਸ਼ਟ ਨਜ਼ਰ ਆਉਣ ਲੱਗ ਪਿਆ ਸੀ ਕਿ, ਚੁਣੌਤੀਆਂ ਦੇ ਬਾਵਜੂਦ, ਇੱਕ ਉੱਜਲ ਤੇ ਸ਼ਾਂਤੀ ਭਰਪੂਰ ਭਵਿੱਖ ਵਧੇਰੇ ਦੂਰ ਨਹੀਂ। ”ਉਮੀਦ ਦੀ ਆਵਾਜ਼” ਅਤੇ ਉਸ ਵਰਗੇ ਉਦੇਸ਼ ਵਾਲੀਆਂ ਹੋਰ ਅਨੇਕ ਸੰਸਥਾਵਾਂ, ਸ਼ਾਂਤੀਪੂਰਨ ਭਵਿੱਖ ਦੇ ਸੰਕਲਪ ਲਈ ਦ੍ਰਿੜ ਸਨ, ਅਤੇ ਉਹ ਅਜਿਹੇ ਰਾਹਾਂ ਦੇ ਨਿਰਮਾਣ ਵਿਚ ਲਗਾਤਾਰ ਯਤਨਸ਼ੀਲ ਸਨ, ਜੋ ਰਾਹ ਜਟਿਲ ਹੋਣ ਦੇ ਬਾਵਜੂਦ, ਸੁਲ੍ਹਾ-ਸਫਾਈ ਅਤੇ ਆਪਸੀ ਭਾਈਚਾਰਕ ਪਿਆਰ ਨਾਲ ਭਰੇ ਹੋਏ ਸਨ।
ਡਾ. ਡੀ. ਪੀ. ਸਿੰਘ, ਕੈਨੇਡਾ
email: [email protected]

Check Also

ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ…

ਉੱਘੇ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦਾ ਦੇਹਾਂਤ ਲੁਧਿਆਣਾ/ਬਿਊਰੋ ਨਿਊਜ਼ : ਉੱਘੇ ਪੰਜਾਬੀ ਸ਼ਾਇਰ ਡਾ. …