Breaking News
Home / Special Story / ਮੌਜੂਦਾ ਸਮੇਂ ਸਿੱਖੀ ਦੇ ਪ੍ਰਚਾਰ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਮੌਜੂਦਾ ਸਮੇਂ ਸਿੱਖੀ ਦੇ ਪ੍ਰਚਾਰ ‘ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ

ਤਲਵਿੰਦਰ ਸਿੰਘ ਬੁੱਟਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਮਰਹੂਮ ਸ. ਜੋਗਿੰਦਰ ਸਿੰਘ ਮਾਨ ਪੜ੍ਹਾਈ ਦੌਰਾਨ ਜਦੋਂ ਇੰਗਲੈਂਡ ਯਾਤਰਾ ‘ਤੇ ਗਏ ਤਾਂ ਉਥੇ ਇਕ ਪਾਦਰੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਹੈ, ਕਿਸੇ ਧਰਮ ਕੋਲ ਇਕ ਤੇ ਕਿਸੇ ਕੋਲ ਦੋ ਸ਼ਹੀਦ ਹਨ ਪਰ ਤੁਹਾਡੇ (ਸਿੱਖਾਂ) ਕੋਲ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰਾਂ, ਸ਼ਹੀਦਾਂ ਅਤੇ ਬਲੀਦਾਨੀਆਂ ਦੀ ਮਹਾਨ ਵਿਰਾਸਤ ਹੈ ਪਰ ਤੁਸੀਂ ਦੁਨੀਆ ਨੂੰ ਤਾਂ ਕੀ, ਆਪਣੀ ਨਵੀਂ ਪੀੜ੍ਹੀ ਨੂੰ ਹੀ ਇਸ ਮਹਾਨ ਇਤਿਹਾਸ ਤੋਂ ਜਾਣੂ ਨਹੀਂ ਕਰਵਾ ਸਕੇ। ਜੇਕਰ ਸਾਡੇ ਕੋਲ ਤੁਹਾਡੇ ਵਰਗਾ ਮਹਾਨ ਇਤਿਹਾਸ ਹੁੰਦਾ ਤਾਂ ਸ਼ਾਇਦ ਸਿੱਖ ਧਰਮ ਅੱਜ ਦੁਨੀਆ ਦਾ ਸਭ ਤੋਂ ਵੱਧ ਗਿਣਤੀ ਵਾਲਾ ਧਰਮ ਹੁੰਦਾ।
ਧਰਮ ਪ੍ਰਚਾਰ ਲਈ ਗੁਰੂ ਸਾਹਿਬਾਨ ਦੇ ਅਦੁੱਤੀ ਕਾਰਜ : ਸੱਚਮੁਚ ਧਰਮ ਭਾਵੇਂ ਕੋਈ ਕਿੰਨਾ ਵੀ ਮਹਾਨ ਅਤੇ ਵਿਲੱਖਣ ਹੋਵੇ, ਪਰ ਉਸ ਦੇ ਇਤਿਹਾਸ, ਵਿਰਾਸਤ ਅਤੇ ਫ਼ਲਸਫ਼ੇ ਦੇ ਪ੍ਰਚਾਰ ਤੋਂ ਬਿਨਾਂ ਧਰਮ ਦਾ ਪ੍ਰਸਾਰ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੇ ਰੂਪ ਵਿਚ 30 ਮੁਲਕਾਂ ਵਿਚ 48 ਹਜ਼ਾਰ ਮੀਲ ਪੈਦਲ ਸਫ਼ਰ ਕਰਕੇ ਮਰ ਚੁੱਕੀ ਮਨੁੱਖਤਾ ਨੂੰ ਧਰਮ ਦੇ ਪ੍ਰਚਾਰ ਰਾਹੀਂ ਹੀ ਜਗਾਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਬੈਠ ਕੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਗੁਰਮੁਖੀ ਬੋਲੀ ਦਾ ਪ੍ਰਸਾਰ ਅਤੇ ਮੱਲ ਅਖਾੜੇ ਲਗਾ ਕੇ ਸਿੱਖਾਂ ਵਿਚ ਸਰੀਰਕ ਅਰੋਗਤਾ ਦੀ ਮਹਾਨਤਾ ਉਜਾਗਰ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਅਤੇ 52 ਪੀੜ੍ਹੇ ਥਾਪ ਕੇ ਸੁਚਾਰੂ ਅਤੇ ਸਮਕਾਲੀ ਸਮਾਜਿਕ ਸੁਧਾਰਾਂ ਨਾਲ ਧਰਮ ਪ੍ਰਚਾਰ ਨੂੰ ਸੰਸਥਾਗਤ ਰੂਪ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਪ੍ਰਥਾ ਆਰੰਭ ਕੀਤੀ ਅਤੇ ਗ਼ਰੀਬਾਂ/ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਪਰੰਪਰਾ ਨੂੰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਜੀ, ਸ੍ਰੀ ਗੁਰੂ ਹਰਿਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸੱਚ-ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਿਆ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਪ੍ਰਚਾਰ ਫੇਰੀਆਂ ਲਈ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਆਸਾਮ, ਬੰਗਾਲ ਅਤੇ ਢਾਕਾ (ਬੰਗਲਾਦੇਸ਼) ਆਦਿ ਤੱਕ ਗਏ। ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਪ੍ਰਚਾਰ ਨੂੰ ਸੰਸਥਾਗਤ ਮਜ਼ਬੂਤੀ ਪ੍ਰਦਾਨ ਕਰਦਿਆਂ ਨਿਰਮਲਿਆਂ ਨੂੰ ਧਰਮ ਵਿੱਦਿਆ ਦੇ ਪ੍ਰਚਾਰ ਦਾ ਜ਼ਿੰਮਾ ਸੌਂਪਿਆ, ਹਜ਼ੂਰ ਦੇ ਦਰਬਾਰ ਵਿਚ 52 ਕਵੀਆਂ ਦਾ ਹੋਣਾ, ਭਾਰਤ ਦੇ ਵੱਖ-ਵੱਖ ਖਿੱਤਿਆਂ ਅਤੇ ਵੱਖ-ਵੱਖ ਜਾਤਾਂ ਵਿਚੋਂ ਪੰਜ ਪਿਆਰਿਆਂ ਦੀ ਚੋਣ ਕਰਨੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਜ਼ੁਲਮ ਦੇ ਰਾਜ ਦਾ ਅੰਤ ਕਰਕੇ ਖ਼ਾਲਸਾ ਰਾਜ ਦੀ ਸਥਾਪਨਾ ਲਈ ਪੰਜਾਬ ਭੇਜਣਾ ਆਦਿ ਧਰਮ ਪ੍ਰਚਾਰ ਦਾ ਹੀ ਹਿੱਸਾ ਸਨ। ਗੁਰੂ ਸਾਹਿਬਾਨ ਤੋਂ ਮਗਰੋਂ ਵੀ ਸਿੱਖਾਂ ਨੇ ਧਰਮ ਦੀ ਧੁਜਾ ਨੂੰ ਉੱਚਾ ਰੱਖਣ ਲਈ ਹੁਣ ਤੱਕ 9 ਲੱਖ ਤੋਂ ਵੱਧ ਲਾਸਾਨੀ ਅਤੇ ਅਦੁੱਤੀ ਸ਼ਹਾਦਤਾਂ ਦਾ ਇਤਿਹਾਸ ਰਚਿਆ ਹੈ।
ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਦਾ ਸਮਾਂ : ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਇਕ ਸਮਾਂ ਇਹੋ ਜਿਹਾ ਵੀ ਆਇਆ ਕਿ ਜਦੋਂ ਸਿੱਖਾਂ ਦੀ ਗਿਣਤੀ ਲੱਖਾਂ ਤੋਂ ਘੱਟ ਕੇ ਹਜ਼ਾਰਾਂ ਵਿਚ ਰਹਿ ਗਈ। ਸਿੱਖ ਸਮਾਜ ‘ਤੇ ਇਸਾਈ ਮਿਸ਼ਨਰੀਆਂ ਅਤੇ ਆਨਮਤਾਂ ਦਾ ਪ੍ਰਭਾਵ ਤੇਜ਼ੀ ਨਾਲ ਵੱਧਣ ਲੱਗਾ ਸੀ। ਅੰਗਰੇਜ਼ਾਂ ਨੇ ਇਹ ਸੋਚ ਕੇ ਸਿੱਖਾਂ ਦੀਆਂ ਤਸਵੀਰਾਂ ਤੱਕ ਬਣਾ ਦਿੱਤੀਆਂ ਕਿ ਸਿੱਖ ਤਾਂ ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣ ਜਾਣਗੇ। ਉਸ ਵੇਲੇ ਗੰਭੀਰ ਸਥਿਤੀ ਨੂੰ ਵੇਖਦਿਆਂ ਪੰਥ ਦਰਦੀ ਸਿੱਖਾਂ ਨੇ ਸਿੰਘ ਸਭਾ ਲਹਿਰ ਦਾ ਆਗਾਜ਼ ਕੀਤਾ ਅਤੇ ਧਰਮ ਦੇ ਨਾਲ-ਨਾਲ ਸਿੱਖ ਸਮਾਜ ਅੰਦਰ ਸਿੱਖਿਆ ਦੇ ਪ੍ਰਸਾਰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਮੁੜ ਹਜ਼ਾਰਾਂ ਤੋਂ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਸਿੰਘ ਸਭਾ ਲਹਿਰ ਦੀ ਹੀ ਦੇਣ ਸਨ।
ਗੁਰੂ ਸਾਹਿਬਾਨ ਦੀ ਮਨੁੱਖਤਾ ਲਈ ਮਹਾਨ ਦੇਣ ਅਤੇ ਲਾਸਾਨੀ ਸਿੱਖ ਇਤਿਹਾਸ ਦੇ ਬਾਵਜੂਦ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਅਜੋਕੀਆਂ ਸਿੱਖ ਸੰਸਥਾਵਾਂ ਦੇ ਅਵੇਸਲੇਪਨ ਬਾਰੇ ਇਕ ਵਿਦਵਾਨ ਦੀ ਟਿੱਪਣੀ ਜ਼ਿਕਰਯੋਗ ਹੈ ਕਿ ਲੋਕ ਤਾਂ ਆਪਣੇ ਬਜ਼ੁਰਗਾਂ ਦਾ ਪਿੱਤਲ, ਸੋਨੇ ਦੇ ਭਾਅ ਵੀ ਨਹੀਂ ਵੇਚਦੇ ਪਰ ਸਿੱਖ ਆਪਣਾ ਸੋਨਾ ਪਿੱਤਲ ਦੇ ਭਾਅ ਵੀ ਨਹੀਂ ਵੇਚ ਸਕੇ। ਬੇਸ਼ੱਕ ਪਿਛਲੇ ਸਮੇਂ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਲਈ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ ਤੋਂ ਇਲਾਵਾ ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਲਗਾਤਾਰ ਧਰਮ ਪ੍ਰਚਾਰ ਲਈ ਯਤਨ ਕੀਤੇ ਜਾਂਦੇ ਰਹੇ ਹਨ ਪਰ ਧਰਮ ਪ੍ਰਚਾਰ ਨੂੰ ਸਮਕਾਲੀ ਪ੍ਰਸੰਗ ਨਾਲ ਜੋੜ ਕੇ ਲੋਕਾਂ ਤੱਕ ਸਹੀ ਪਹੁੰਚ ਦੀ ਅਸਫਲਤਾ ਕਾਰਨ ਧਰਮ ਪ੍ਰਚਾਰ ਦੇ ਨਤੀਜੇ ਤਸੱਲੀਬਖ਼ਸ਼ ਨਹੀਂ ਨਿਕਲ ਸਕੇ। ਪਤਿਤਪੁਣਾ, ਨਸ਼ਾਖੋਰੀ, ਡੇਰਾਵਾਦ, ਭਰੂਣ ਹੱਤਿਆ ਅਤੇ ਕਰਮ-ਕਾਂਡ ਸਿੱਖ ਸਮਾਜ ਲਈ ਚੁਣੌਤੀ ਬਣਦੇ ਰਹੇ।
ਸ਼੍ਰੋਮਣੀ ਕਮੇਟੀ ਦੀ ਨਵੀਂ ਵਿਉਂਤਬੰਦੀ : ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪਲੇਠੇ ਸੰਬੋਧਨ ‘ਚ ਹੀ ਇਹ ਗੱਲ ਆਖੀ ਸੀ ਕਿ ਧਰਮ ਪ੍ਰਚਾਰ ਉਨ੍ਹਾਂ ਦੀਆਂ ਮੁੱਢਲੀਆਂ ਤਰਜੀਹਾਂ ਵਿਚ ਹੈ, ਕਿਉਂਕਿ ਉਹ ਅਹਿਸਾਸ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਪ੍ਰਬੰਧਾਂ, ਸਿੱਖਿਆ, ਦਾਰਸ਼ਨਿਕਤਾ ਤੇ ਲੋਕ ਸੇਵਾ ਵਰਗੇ ਹੋਰਨਾਂ ਕਈ ਖੇਤਰਾਂ ‘ਚ ਯਾਦਗਾਰੀ ਭੂਮਿਕਾ ਨਿਭਾਈ ਹੈ ਪਰ ਆਮ ਸਿੱਖਾਂ ਦੇ ਮਨ ਵਿਚ ਸੰਸਾ ਹੀ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਓਨੀ ਵੱਡੀ ਪੱਧਰ ‘ਤੇ ਕੰਮ ਨਹੀਂ ਕਰਦੀ ਜਿੰਨੀ ਉਹ ਆਸ ਕਰਦੇ ਹਨ। ਭਾਈ ਲੌਂਗੋਵਾਲ ਨੇ ਧਰਮ ਪ੍ਰਚਾਰ ਲਹਿਰ ਨੂੰ ਸਮਾਜਿਕ ਪ੍ਰਸੰਗ ਵਿਚ ਪ੍ਰਚੰਡ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਅਤੇ ਹਰਿਆਣਾ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ, ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਧਰਮ ਪ੍ਰਚਾਰ ਲਹਿਰ’ ਜਨਵਰੀ ਮਹੀਨੇ ਸ਼ੁਰੂ ਕੀਤੀ ਗਈ ਸੀ।
ਮਾਝਾ ਖੇਤਰ ਦਾ ਮੁੱਖ ਕੇਂਦਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਣਾ ਕੇ ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਨਾਲ-ਨਾਲ ਜੰਮੂ ਕਸ਼ਮੀਰ ਨੂੰ ਵੀ ਜੋੜਿਆ ਗਿਆ। ਮਾਲਵਾ ਖੇਤਰ ਦਾ ਮੁੱਖ ਕੇਂਦਰ; ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਣਾ ਕੇ ਇਸ ਨਾਲ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਾਜਿਲਕਾ, ਪਟਿਆਲਾ, ਬਰਨਾਲਾ, ਸੰਗਰੂਰ ਜ਼ਿਲ੍ਹੇ ਅਤੇ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਦੁਆਬਾ ਦਾ ਕੇਂਦਰ; ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾ ਕੇ ਇਸ ਵਿਚ ਰੂਪਨਗਰ, ਮੁਹਾਲੀ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਤੇ ਲੁਧਿਆਣਾ ਜ਼ਿਲ੍ਹੇ ਅਤੇ ਨਾਲ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਸ਼ਾਮਲ ਕੀਤਾ ਗਿਆ। ਚੌਥਾ ਕੇਂਦਰ ਕੁਰੂਕਸ਼ੇਤਰ ਵਿਖੇ ਬਣਾ ਕੇ ਪੂਰੇ ਹਰਿਆਣਾ ਰਾਜ ਵਿਚ ਧਰਮ ਪ੍ਰਚਾਰ ਲਹਿਰ ਪ੍ਰਚੰਡ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਹਰੇਕ ਪ੍ਰਚਾਰ ਖੇਤਰ ਵਿਚ 40 ਦੇ ਕਰੀਬ ਸ਼੍ਰੋਮਣੀ ਕਮੇਟੀ ਹਲਕਿਆਂ ਨੂੰ ਸ਼ਾਮਲ ਕਰਕੇ 20 ਪ੍ਰਚਾਰ ਜਥੇ ਭੇਜੇ ਗਏ।
ਇਸ ਲਹਿਰ ਦਾ ਉਦੇਸ਼ ਪਾਵਨ ਪਵਿੱਤਰ ਗੁਰਬਾਣੀ, ਗੁਰਮਤਿ ਦਾ ਪ੍ਰਚਾਰ-ਪ੍ਰਸਾਰ, ਸਿੱਖ ਇਤਿਹਾਸ ਦੀ ਜਾਣਕਾਰੀ, ਸਿੱਖ ਰਹਿਤ ਮਰਿਯਾਦਾ ਦਾ ਗਿਆਨ ਦੇਣ ਅਤੇ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ ਦੀ ਪਛਾਣ ਸਥਾਪਤ ਕਰਨ ਦੇ ਰਵਾਇਤੀ ਪ੍ਰਚਾਰ ਦੇ ਨਾਲ-ਨਾਲ ਸਮਾਜਿਕ ਸੁਧਾਰਾਂ ਜਿਵੇਂ; ਜਾਤ-ਪਾਤ ਦੇ ਖ਼ਾਤਮੇ, ਸਮਾਜਿਕ ਬਰਾਬਰਤਾ, ਭਰੂਣ ਹੱਤਿਆ ਦੀ ਰੋਕਥਾਮ, ਕੁਦਰਤੀ ਵਾਤਾਵਰਣ ਦੀ ਸਵੱਛਤਾ ਅਤੇ ਸਿਹਤ ਜਾਗਰੂਕਤਾ ਤਹਿਤ ਪਿੰਡਾਂ ਵਿਚ ਮੈਡੀਕਲ ਵੈਨਾਂ ਭੇਜਣ ਆਦਿ ਦੇ ਉਪਰਾਲੇ ਵੀ ਸ਼ਾਮਲ ਕੀਤੇ ਗਏ। ਇਸ ਲਹਿਰ ਵਿਚ ਜਿੱਥੇ ਪਿੰਡਾਂ-ਸ਼ਹਿਰਾਂ ਵਿਚ ਜਾ ਕੇ ਗੁਰਮਤਿ ਸਮਾਗਮ ਕੀਤੇ ਗਏ ਉਥੇ ਧਾਰਮਿਕ ਨਾਟਕਾਂ ਅਤੇ ਫ਼ਿਲਮਾਂ ਰਾਹੀਂ ਵੀ ਪ੍ਰਚਾਰ ਕੀਤਾ ਗਿਆ। ਇਸ ਧਰਮ ਪ੍ਰਚਾਰ ਲਹਿਰ ਦੇ ਪਹਿਲੇ ਪੜਾਅ ਵਿਚ ਮਾਲਵਾ ਜੋਨ ਵਿਚ 1600, ਦੁਆਬਾ ਅਤੇ ਮਾਝਾ ਵਿਚ 1500-1500 ਪਿੰਡਾਂ ਨੂੰ ਹੁਣ ਤੱਕ ਜੋੜਿਆ ਜਾ ਚੁੱਕਾ ਹੈ। ਇਸ ਪ੍ਰਚਾਰ ਲਹਿਰ ਦੀ ਇਕ ਅਹਿਮ ਕੜੀ ਵਜੋਂ ਇਨ੍ਹਾਂ ਪਿੰਡਾਂ ਵਿਚ ਪ੍ਰਚਾਰ ਜਥਿਆਂ ਨੇ ਧਾਰਮਿਕ ਸਮਾਗਮਾਂ ਤੋਂ ਇਲਾਵਾ ਪਿੰਡਾਂ ਦੀ ਕੁੱਲ ਵੱਸੋਂ, ਪਿੰਡ ਵਿਚ ਵਸਦੇ ਸਿੱਖ ਪਰਿਵਾਰਾਂ ਵਿਚੋਂ ਅੰਮ੍ਰਿਤਧਾਰੀ ਅਤੇ ਪਤਿਤ ਵਿਅਕਤੀਆਂ ਬਾਰੇ ਜਾਣਕਾਰੀ, ਪਿੰਡ ਵਿਚ ਗੁਰਦੁਆਰਾ ਸਾਹਿਬਾਨ ਦੀ ਗਿਣਤੀ, ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ, ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ, ਮੈਂਬਰਾਂ, ਗ੍ਰੰਥੀ ਸਿੰਘਾਂ ਦੀ ਯੋਗਤਾ ਅਤੇ ਰਹਿਣ-ਸਹਿਣ ਦੇ ਨਾਲ-ਨਾਲ ਧਰਮ ਪ੍ਰਚਾਰ ਲਈ ਯਤਨਸ਼ੀਲ ਸੁਸਾਇਟੀਆਂ ਦਾ ਵੇਰਵਾ ਵੀ ਇਕੱਤਰ ਕੀਤਾ ਗਿਆ। ਹਰੇਕ ਪਿੰਡ ਵਿਚ ਤਾਲਮੇਲ ਕਮੇਟੀਆਂ ਸਥਾਪਤ ਕੀਤੀਆਂ ਗਈਆਂ। ਗੁਰਦੁਆਰਾ ਸਾਹਿਬਾਨ ਅੰਦਰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਹੁੰਦੇ ਨਿੱਤਨੇਮ ਅਤੇ ਕਥਾ-ਵੀਚਾਰ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ-ਆਸਨ ਅਸਥਾਨ ਦੀ ਸਥਿਤੀ ਦੇ ਨਾਲ-ਨਾਲ ਬਿਜਲੀ ਫਿਟਿੰਗ ਜਿਸ ਵਿਚ; ਏ.ਸੀ., ਕੂਲਰ, ਪੱਖੇ ਅਤੇ ਲਾਈਟਾਂ ਸ਼ਾਮਲ ਹਨ, ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ, ਤਾਂ ਜੋ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਅਨਹੋਣੀਆਂ ਨੂੰ ਰੋਕਿਆ ਜਾ ਸਕੇ। ਪਿੰਡਾਂ ਅੰਦਰ ਸਥਾਪਤ ਲਾਇਬਰੇਰੀਆਂ ਅਤੇ ਵਿੱਦਿਅਕ ਅਦਾਰਿਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਗਈ। ਇਹ ਸਾਰੇ ਵੇਰਵੇ ਸਮਾਜਿਕ ਪ੍ਰਸੰਗ ਵਿਚ ਸਿੱਖ ਧਰਮ ਦੇ ਪ੍ਰਚਾਰ ਨੂੰ ਵਧੇਰੇ ਅਸਰਦਾਰ ਅਤੇ ਸਿੱਟਾਮੁਖੀ ਬਣਾਉਣ ਦੀ ਭਵਿੱਖਮੁਖੀ ਵਿਉਂਤਬੰਦੀ ਲਈ ਸਹਾਈ ਹੋਣਗੇ।
ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਦੀ ਧਰਮ ਪ੍ਰਚਾਰ ਲਹਿਰ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਪੂਰੇ ਦੇਸ਼ ਵਿਚ ਕੀਤੇ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 46,321 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਮਾਲਵਾ ਖੇਤਰ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ 91 ਸਥਾਨਾਂ ‘ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 12,990, ਦੁਆਬਾ ਖੇਤਰ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ 36 ਸਥਾਨਾਂ ‘ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 12,790 ਅਤੇ ਮਾਝੇ ਖੇਤਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 80 ਸਥਾਨਾਂ ‘ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 20,541 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।
ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਬਣਾਉਣ ਲਈ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’, ‘ਇਕ ਪਿੰਡ, ਇਕ ਸ਼ਮਸ਼ਾਨਘਾਟ’ ਦਾ ਸੁਨੇਹਾ ਅਤੇ ਵਾਤਾਵਰਨ ਦੀ ਸੰਭਾਲ ਦੀ ਚੇਤਨਾ ਵਰਗੇ ਅਹਿਮ ਤੇ ਸਾਰਥਿਕ ਸਮਾਜਿਕ ਪ੍ਰੋਗਰਾਮ ਸ਼ੁਰੂ ਕੀਤੇ ਹਨ ਪਰ ਧਰਮ ਪ੍ਰਚਾਰ ਲਹਿਰ ਨੂੰ ਹੋਰ ਜ਼ਿਆਦਾ ਪ੍ਰਚੰਡ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਮਾਜਿਕ ਪੱਧਰ ‘ਤੇ ਅਜੇ ਹੋਰ ਨਿੱਠ ਕੇ ਕੰਮ ਕਰਨ ਦੀ ਲੋੜ ਹੈ। ਅਜੋਕੇ ਸਮੇਂ ਸੰਸਾਰ ਭਾਈਚਾਰਾ ਵਿਸ਼ਵ ਅਰਥਚਾਰੇ, ਰਾਜਨੀਤੀ, ਸਮਾਜਿਕ ਬਰਾਬਰਤਾ ਅਤੇ ਸਦੀਵੀ ਅਮਨ-ਸ਼ਾਂਤੀ ਦੇ ਪੁੰਜ ਕਿਸੇ ‘ਤੀਜੇ ਬਦਲ’ ਦੀ ਭਾਲ ਵਿਚ ਹੈ ਅਤੇ ਜੀਵਨ ਦੇ ਹਰ ਖੇਤਰ ਵਿਚ ਅਗਵਾਈ ਕਰਨ ਵਾਲਾ ਇਹ ਬਦਲ ਦੁਨੀਆ ਦਾ ਇਕੋ ਇਕ ਕੁਦਰਤਵਾਦੀ ਬ੍ਰਹਿਮੰਡੀ ਫ਼ਲਸਫ਼ਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਬਣ ਸਕਦਾ ਹੈ।
ਜੇਕਰ ਸਿੱਖ ਧਰਮ ਦੇ ਪ੍ਰਚਾਰ ਨੂੰ ਅਜੋਕੇ ਸਮੇਂ ਇਕ ਆਦਰਸ਼ਕ ਜੀਵਨ-ਜਾਚ ਅਤੇ ਸਮਾਜਿਕ ਸੁਧਾਰਾਂ ਦੇ ਏਜੰਡੇ ਵਜੋਂ ਉਭਾਰਿਆ ਜਾਵੇ ਤਾਂ ਯਕੀਨੀ ਤੌਰ ‘ਤੇ ਧਰਮ ਪ੍ਰਚਾਰ ਲਹਿਰ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸ਼੍ਰੋਮਣੀ ਕਮੇਟੀ ਲਈ ਭਵਿੱਖਮੁਖੀ ਵਿਚਾਰ ਪ੍ਰਬੰਧ ਨੂੰ ਵਿਉਂਤਣ ਲਈ ਠੋਸ ਜ਼ਮੀਨ ਮੁਹੱਈਆ ਕਰੇਗੀ। ਧਰਮ ਪ੍ਰਚਾਰ ਲਹਿਰ ਨੂੰ ਸਮੇਂ ਦੇ ਸਮਾਜਿਕ ਸਰੋਕਾਰਾਂ, ਮਨੁੱਖੀ ਚੁਣੌਤੀਆਂ ਅਤੇ ਸਮੱਸਿਆਵਾਂ ਨਾਲ ਜੋੜ ਕੇ ‘ਗੁਰਮਤਿ ਫ਼ਲਸਫ਼ੇ’ ਨੂੰ ਬ੍ਰਹਿਮੰਡੀ ਸਰੋਕਾਰਾਂ ਵਿਚ ਮਨੁੱਖਤਾ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਧਰਮ ਪ੍ਰਚਾਰ ਲਹਿਰ ਸਮਾਜਿਕ ਉਥਾਨ ਦਾ ਆਧਾਰ ਬਣ ਸਕਦੀ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …