ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਰਗੀਆਂ ਪਾਰਟੀਆਂ ਆਪਣੀਆਂ ਅੰਦਰੂਨੀ ਵਿਰੋਧਤਾਈਆਂ ਵਿੱਚੋਂ ਬਾਹਰ ਨਹੀਂ ਆ ਸਕੀਆਂ
ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦਰਮਿਆਨ ਬੋਲਚਾਲ ਬੰਦ ਹੋਣ ਅਤੇ ਕਈ ਤਾਕਤਾਂ ਵੱਲੋਂ ਰੋੜੇ ਅਟਕਾਉਣ ਦੇ ਬਾਵਜੂਦ ਸਾਲ 2019 ਦੌਰਾਨ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣਾ ਇਤਿਹਾਸ ਦੇ ਪੰਨੇ ਉੱਤੇ ਯਾਦਗਾਰੀ ਹੋ ਨਿਬੜਿਆ। ਗੁਰੂ ਨਾਨਕ ਦੇਵ ਜੀ ਦੇ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਵੀ ਅਕਾਲੀ ਦਲ, ਐਸਜੀਪੀਸੀ ਅਤੇ ਸਰਕਾਰ ਦਰਮਿਆਨ ਖਿੱਚੋਤਾਣ ਅਤੇ ਸਿਹਰਾ ਲੈਣ ਦੀ ਦੌੜ ਖ਼ਤਮ ਨਹੀਂ ਹੋਈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਰਗੀਆਂ ਪ੍ਰਮੁੱਖ ਪਾਰਟੀਆਂ ਆਪਣੀਆਂ ਅੰਦਰੂਨੀ ਵਿਰੋਧਤਾਈਆਂ ਵਿੱਚੋਂ ਬਾਹਰ ਨਹੀਂ ਆ ਸਕੀਆਂ ਅਤੇ ਲੋਕਾਂ ਦੇ ਸਰੋਕਾਰ ਪਹਿਲ ਨਹੀਂ ਰਹੇ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਸ਼ਮਣੀ ਵਾਲਾ ਮਾਹੌਲ ਰਹਿਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਿਸਾਲ ਪੇਸ਼ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦਾ ਸੰਕੇਤ ਇਹ ਵੀ ਰਿਹਾ ਕਿ ਕਰਤਾਰਪੁਰ ਲਾਂਘਾ ਕੇਵਲ ਧਾਰਮਿਕ ਭਾਵਨਾਵਾਂ ਤੱਕ ਸੀਮਤ ਨਹੀਂ ਬਲਕਿ ਇਹ ਅੱਗੋਂ ਦੋਵੇਂ ਦੇਸ਼ਾਂ ਦਰਮਿਆਨ ਸਾਂਝ ਦੇ ਹੋਰ ਰਸਤੇ ਵੀ ਬਣਾਉਣ ਵਿੱਚ ਯੋਗਦਾਨ ਦੇਵੇਗਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਦੇ ਕੁੱਝ ਬਿਆਨਾਂ ਦਾ ਪੰਜਾਬੀਆਂ ਨੇ ਜ਼ਰੂਰ ਬੁਰਾ ਮਨਾਇਆ। ਪਾਕਿਸਤਾਨ ਵਾਲੇ ਪਾਸੇ ਉਦਘਾਟਨੀ ਸਟੇਜ ਤੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੇ ਭਾਸ਼ਣ ਵਿਚਲੇ ਸੰਕੇਤਾਂ ਨੇ ਉਨ੍ਹਾਂ ਦੀ ਸੂਝ ਸਿਆਣਪ ਦੀ ਝਲਕ ਪੇਸ਼ ਕੀਤੀ। ਨਵਜੋਤ ਸਿੱਧੂ ਕਿਸੇ ਵੀ ਜਥੇ ਦਾ ਮੈਂਬਰ ਨਾ ਹੋਣ ਦੇ ਬਾਵਜੂਦ ਉਸ ਦਿਨ ਖਿੱਚ ਦਾ ਕੇਂਦਰ ਬਣਿਆ ਰਿਹਾ।
ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਦਾ ਅਗਲਾ ਪੜਾਅ ਸ਼ੁਰੂ ਕਰਨ ਦੇ ਪੁਰਾਣੇ ਐਲਾਨ, ਬਜਟ ਵਿੱਚ ਖ਼ੁਦਕੁਸ਼ੀ ਪੀੜਤ ਕਿਸਾਨ-ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਲਈ ਬਜਟ ਵਿੱਚ ਰੱਖੇ ਤਿੰਨ ਹਜ਼ਾਰ ਕਰੋੜ ਰੁਪਏ ਵਿੱਚੋਂ ਪੰਜ ਪੈਸੇ ਵੀ ਖਰਚ ਨਾ ਕਰਨ ਅਤੇ ਖ਼ੁਦਕੁਸ਼ੀਆਂ ਦਾ ਵਰਤਾਰਾ ਬੇਰੋਕ ਚੱਲਣ ਪਿੱਛੇ ਸਰਕਾਰ ਦੀ ਨਾਕਾਮੀ ਸਾਫ ਦਿਖਾਈ ਦਿੰਦੀ ਰਹੀ ਹੈ। ਇਸ ਸਬੰਧੀ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਤੋਂ ਮਿੱਟੀ ਨਹੀਂ ਝਾੜੀ ਗਈ। ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੀ ਖੇਤੀ ਨੀਤੀ ਦੇ ਖਰੜੇ ਉੱਤੇ ਲਗਪਗ ਤਿੰਨ ਸਾਲਾਂ ਅੰਦਰ ਵਿਚਾਰ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਗੁਟਕੇ ਉੱਤੇ ਹੱਥ ਰੱਖ ਕੇ ਨਸ਼ੇ ਬੰਦ ਕਰਨ ਦੇ ਕੀਤੇ ਐਲਾਨ, ਘਰ-ਘਰ ਨੌਕਰੀ ਦੇ ਮੁੱਦੇ ਸਰਕਾਰੀ ਏਜੰਡੇ ਤੋਂ ਬਾਹਰ ਹੋ ਗਏ। ਸਰਕਾਰ ਸਕੱਤਰੇਤ ਦੇ ਦਫ਼ਤਰਾਂ ਵਿੱਚੋਂ ਵੀ ਲਗਪਗ ਨਦਾਰਦ ਦਿਖਾਈ ਦਿੱਤੀ। ਸਵਾ ਦੋ ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਹੱਲ ਤਾਂ ਦੂਰ ਸਰਕਾਰ ਵਿੱਤੀ ਸੰਕਟ ਅੰਦਰ ਹੋਰ ਫਸਦੀ ਗਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਉੱਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਆਦਿ ਦੇ ਖਾਤਮੇ ਦੇ ਐਲਾਨ ਹੁਣ ਬਿਆਨ ਦੇ ਦਾਇਰੇ ਵਿੱਚ ਵੀ ਨਹੀਂ ਰਹੇ। ਨਿੱਜੀ ਥਰਮਲ ਪਲਾਟਾਂ ਦੇ ਸਮਝੌਤਿਆਂ ‘ਤੇ ਵਿਚਾਰ ਨਾ ਕਰਨ ਕਰਕੇ ਬਿਜਲੀ ਦੇ ਬਿਲਾਂ ਦਾ ਲੋਕਾਂ ਸਿਰ ਸਾਲ ਵਿੱਚ ਦੋ ਵਾਰ ਬੋਝ ਪੈਣਾ ਤੈਅ ਹੋ ਗਿਆ ਹੈ। ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਨਿੱਜੀ ਘਰਾਣਿਆਂ ਕੋਲ ਵੇਚਣ ਦੇ ਵਿਵਾਦਤ ਫੈਸਲੇ ਨੇ ਸੂਬੇ ਦੇ ਲੋਕਾਂ ਅੰਦਰ ਖਲਬਲੀ ਪੈਦਾ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਬਾਦਲਾਂ ਤੋਂ ਅਕਾਲੀ ਦਲ ਆਜ਼ਾਦ ਕਰਵਾਉਣ ਦੇ ਦਿੱਤੇ ਸੱਦੇ ਨਾਲ ਪਾਰਟੀ ਦਾ ਅੰਦਰੂਨੀ ਸੰਕਟ ਗੰਭੀਰ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਇਸ ਸਾਲ ਸਰਗਰਮ ਸਿਆਸੀ ਮੰਚ ਤੋਂ ਜ਼ਿਆਦਾਤਰ ਦੂਰ ਰਹੇ। ਇਸ ਨਾਲ ਸਾਫ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਬਾਰੇ ਫੈਸਲੇ ਸੁਖਬੀਰ ਸਿੰਘ ਬਾਦਲ ਕਰਨਗੇ। ਪਾਰਟੀ ਅੰਦਰ ਇਹ ਅਹਿਸਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਨ੍ਹਾਂ ਤੋਂ ਠੀਕ ਤਰੀਕੇ ਨਾਲ ਹੱਲ ਨਹੀਂ ਹੋਇਆ ਪਰ ਸਿੱਧੇ ਤੌਰ ‘ਤੇ ਇਹ ਸਵੀਕਾਰ ਕਰਕੇ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਤਨਖਾਹ ਲਗਾਉਣ ਦੀ ਜਗ੍ਹਾ ਮਨਮਰਜ਼ੀ ਨਾ ਜੋੜੇ ਅਤੇ ਬਰਤਨ ਸਾਫ ਕਰਨ ਦੇ ਤਰੀਕੇ ਨੇ ਵੀ ਲੋਕ ਮਨਾਂ ਵਿੱਚ ਮੁਆਫ਼ੀ ਦਾ ਪ੍ਰਭਾਵ ਨਹੀਂ ਸਿਰਜਿਆ। ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਤਿੰਨ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਕਿਸੇ ਆਗੂ ਜਾਂ ਪਾਰਟੀ ਨੂੰ ਇਹ ਗਲਤਫਹਿਮੀ ਵਿੱਚ ਨਹੀਂ ਰਹਿਣ ਦਿੱਤਾ ਕਿ ਲੋਕ ਉਸ ਦੇ ਨਾਲ ਹਨ। ਕਾਂਗਰਸ 13 ਸੀਟਾਂ ਦੀ ਦਾਅਵੇਦਾਰੀ ਜਤਾਉਂਦੀ ਹੋਈ 8 ਸੀਟਾਂ ਤੱਕ ਸੀਮਤ ਰਹੀ, ਇਹ ਵੀ ਅਕਾਲੀ ਦਲ ਦੇ ਅਕਸ ਨੂੰ ਲੱਗੇ ਖੋਰੇ ਅਤੇ ‘ਆਪ’ ਦੇ ਅੰਦਰੂਨੀ ਕਲੇਸ਼ ਕਰਕੇ ਸੰਭਵ ਹੋਇਆ। ਪੰਜਾਬ ਵਿੱਚ ਮੋਦੀ ਲਹਿਰ ਦਾ ਅਸਰ ਦੂਸਰੀ ਵਾਰ ਵੀ ਵਿਆਪਕ ਤੌਰ ‘ਤੇ ਦਿਖਾਈ ਨਹੀਂ ਦਿੱਤਾ ਪਰ ਅਕਾਲੀ ਦਲ ਨੂੰ ਅੰਦਰੋਂ ਅਹਿਸਾਸ ਜ਼ਰੂਰ ਹੋਇਆ ਕਿ ਕੇਵਲ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੋਵੇਂ ਹੀ ਪਰਿਵਾਰਕ ਮੈਂਬਰ ਜਿੱਤੇ ਹਨ ਤੇ ਵੱਡੀ ਗਿਣਤੀ ਸਿੱਖ ਵੋਟ ਹੱਥੋਂ ਖਿਸਕ ਗਈ ਹੈ।
‘ਆਪ’ ਤੋਂ ਵੱਖ ਹੋ ਕੇ ਸੁਖਪਾਲ ਖਹਿਰਾ ਵੱਲੋਂ ਬਠਿੰਡੇ ਜਾ ਕੇ ਮੈਦਾਨ ਵਿੱਚ ਨਿਤਰਨ ਅਤੇ ‘ਆਪ’ ਦੀਆਂ ਮੁੜ ਫਤਵਾ ਮਿਲਣ ਦੀਆਂ ਖਾਹਿਸ਼ਾਂ ਨੂੰ ਬੂਰ ਨਹੀਂ ਪਿਆ। ਜਿੱਥੇ ਖਹਿਰਾ ਨੂੰ ਵੱਡਾ ਝਟਕਾ ਲੱਗਾ ਉੱਥੇ ‘ਆਪ’ ਦਾ ਵੋਟ ਸ਼ੇਅਰ ਬੁਰੀ ਤਰ੍ਹਾਂ ਹੇਠਾਂ ਡਿੱਗ ਗਿਆ। ਬਿਨਾਂ ਕੋਈ ਠੋਸ ਕਾਰਗੁਜ਼ਾਰੀ ਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਦਰੂਨੀ ਜਾਂ ਬਾਹਰੀ ਕਿਸੇ ਵੱਡੇ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਦਾ ਇਹ ਸਾਲ ਵੀ ਆਸਾਨ ਹੀ ਨਿਕਲ ਗਿਆ। ਅਕਾਲੀ ਦਲ ਦੇ ਬਹੁਤ ਸਾਰੇ ਆਗੂ ਨਾਰਾਜ਼ਗੀ ਪ੍ਰਗਟ ਵੀ ਕਰਦੇ ਰਹੇ ਹਨ ਪਰ ਸੁਖਬੀਰ ਦੀ ਪ੍ਰਧਾਨਗੀ ਨੂੰ ਖਤਰਾ ਪੈਦਾ ਨਹੀਂ ਹੋਇਆ। ਭਗਵੰਤ ਮਾਨ ਨੇ ਭਾਵੇਂ ‘ਆਪ’ ਦੇ ਸੰਗਠਨ ਬਾਰੇ ਕਦੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਪਰ ਉਸ ਦੀ ਪ੍ਰਧਾਨਗੀ ਬਰਕਰਾਰ ਹੈ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …