-1.9 C
Toronto
Thursday, December 4, 2025
spot_img
Homeਦੁਨੀਆਹਰਿਮੰਦਰ ਸਾਹਿਬ ਨਤਮਸਤਕ ਹੋਏ ਸੁੱਖ ਧਾਲੀਵਾਲ

ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁੱਖ ਧਾਲੀਵਾਲ

ਕਿਹਾ – ਸਿੱਖਾਂ ਨੇ ਵਿਸ਼ਵ ਭਰ ‘ਚ ਕੀਤੀਆਂ ਵੱਡੀਆਂ ਪ੍ਰਾਪਤੀਆਂ
ਅੰਮ੍ਰਿਤਸਰ : ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਬੁੱਧਵਾਰ ਨੂੰ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਚੌਥੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਣ ‘ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧੁਰਾ ਹੈ ਅਤੇ ਦੇਸ਼ ਦੁਨੀਆ ਅੰਦਰ ਵਸਦਾ ਹਰ ਸਿੱਖ ਇਸ ਨਾਲ ਜੁੜਿਆ ਹੋਇਆ ਹੈ। ਇੱਥੇ ਨਤਮਸਤਕ ਹੋ ਕੇ ਹਰ ਇਕ ਨੂੰ ਮਾਨਸਿਕ ਸਕੂਨ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਦੀ ਜ਼ਿੰਮੇਵਾਰੀ ਮਿਲਣਾ ਪੰਜਾਬੀਆਂ ਦੇ ਪਿਆਰ ਅਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਹੈ। ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਵਿਚ ਵਸਦਾ ਹਰ ਪੰਜਾਬੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਚਾਹੁੰਦਾ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਸਿੱਖ ਧਰਮ ਦੇ ਸ਼ਾਨਾਮੱਤੀ ਵਿਰਸੇ ਸਦਕਾ ਸਿੱਖਾਂ ਨੇ ਵਿਸ਼ਵ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਅੰਦਰ ਅੱਜ ਵੱਡੀ ਗਿਣਤੀ ਵਿਚ ਪੰਜਾਬੀ ਮੈਂਬਰ ਪਾਰਲੀਮੈਂਟ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਸਿੱਖਾਂ ਦੀ ਪ੍ਰਸੰਸਾ ਲਈ ਕੈਨੇਡਾ ਪਾਰਲੀਮੈਂਟ ਅੰਦਰ ਕਈ ਮਤੇ ਪਾਸ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਕੈਨੇਡਾ ਤੋਂ ਪੁੱਜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਇਸੇ ਦੌਰਾਨ ਸੁੱਖ ਧਾਲੀਵਾਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸੁੱਖ ਧਾਲੀਵਾਲ ਪੰਜਾਬ ਦੇ ਜਗਰਾਉਂ ਨਾਲ ਸਬੰਧਤ ਹਨ ਅਤੇ ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਨ।

RELATED ARTICLES
POPULAR POSTS