-10.4 C
Toronto
Saturday, January 31, 2026
spot_img
Homeਦੁਨੀਆਭਾਰਤ-ਅਮਰੀਕਾ ਭਾਈਵਾਲੀ ਨੂੰ ਨਵਾਂ ਰੂਪ ਦੇਣ ਦਾ ਸਮਾਂ

ਭਾਰਤ-ਅਮਰੀਕਾ ਭਾਈਵਾਲੀ ਨੂੰ ਨਵਾਂ ਰੂਪ ਦੇਣ ਦਾ ਸਮਾਂ

ਤਰਨਜੀਤ ਸੰਧੂ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਹਿਯੋਗ ਦਾ ਕੀਤਾ ਜ਼ਿਕਰ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ‘ਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਦੁਨੀਆ ਜਦੋਂ ਕੋਵਿਡ-19 ਅਤੇ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਤਾਂ ਇਹ ਭਾਰਤ ਅਤੇ ਅਮਰੀਕਾ ਵਿਚਕਾਰ ‘ਨਿਵੇਕਲੀ ਭਾਈਵਾਲੀ’ ਨੂੰ ਨਵਾਂ ਰੂਪ ਦੇਣ ਦਾ ਸਮਾਂ ਹੈ ਤਾਂ ਜੋ ਅਬਾਦੀ ਦੇ ਪੰਜਵੇਂ ਹਿੱਸੇ ਨੂੰ ਸਿੱਧਾ ਲਾਭ ਮਿਲ ਸਕੇ। ਸੰਧੂ ਨੇ ਇਕ ਲੇਖ ‘ਚ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਹਿਯੋਗ ਦੇ ਪੰਜ ਅਜਿਹੇ ਖੇਤਰਾਂ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਦੋਵੇਂ ਜਮਹੂਰੀ ਮੁਲਕਾਂ ਨੂੰ ਲਾਭ ਹੋਵੇਗਾ ਸਗੋਂ ਸੁਰੱਖਿਅਤ, ਸਿਹਤਮੰਦ ਅਤੇ ਵਧੇਰੇ ਖੁਸ਼ਹਾਲ ਦੁਨੀਆ ਬਣਾਉਣ ‘ਚ ਵੀ ਸਹਾਇਤਾ ਮਿਲੇਗੀ। ਇਹ ਖੇਤਰ ਕੋਵਿਡ-19 ਆਲਮੀ ਮਹਾਮਾਰੀ ਨਾਲ ਸਿੱਝਣ, ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਲੜਨ, ਡਿਜੀਟਲ ਸਮਰੱਥਾ, ਸਿੱਖਿਆ ਭਾਈਵਾਲੀ ਅਤੇ ਰੱਖਿਆ ਤੇ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ਨਾਲ ਜੁੜੇ ਹਨ। ਸੰਧੂ ਨੇ ਲਿਖਿਆ ਕਿ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਅਗਵਾਈ ਹੇਠਲੇ ਨਵੇਂ ਅਮਰੀਕੀ ਪ੍ਰਸ਼ਾਸਨ ਤਹਿਤ ‘ਅਸੀਂ ਆਪਣੇ ਮੁਲਕਾਂ ਅਤੇ ਦੁਨੀਆ ਨੂੰ ਲਾਭ ਪਹੁੰਚਾਉਣ ਵਾਲੀ ਨੀਂਹ ਦੀ ਉਸਾਰੀ ਕਰ ਸਕਦੇ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਡ-19 ਦੇ ਟੀਕੇ ਦੱਖਣੀ ਏਸ਼ੀਆ ‘ਚ ਗੁਆਂਢੀ ਮੁਲਕਾਂ ਦੇ ਨਾਲ ਨਾਲ ਅਫ਼ਰੀਕਾ, ਲਾਤੀਨੀ ਅਮਰੀਕਾ, ਮੱਧ ਪੂਰਬ ਅਤੇ ਏਸ਼ੀਆ ‘ਚ ਭੇਜੇ ਹਨ। ਸੰਧੂ ਨੇ ਅਮਰੀਕਾ ਦੇ ਪੈਰਿਸ ਵਾਤਾਵਰਨ ਸਮਝੌਤੇ ‘ਚ ਪਰਤਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਭਾਰਤ ਵੀ ਸਮਝੌਤੇ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਵਿਆਉਣਯੋਗ ਊਰਜਾ ਲਈ ਦੋਵੇਂ ਮੁਲਕ ਪਹਿਲਾਂ ਹੀ ਰਲ ਕੇ ਕੰਮ ਕਰ ਰਹੇ ਹਨ।

RELATED ARTICLES
POPULAR POSTS