Breaking News
Home / ਦੁਨੀਆ / ਹਰ ਖਤਰੇ ਦੇ ਟਾਕਰੇ ਲਈ ਭਾਰਤ ਤੇ ਅਮਰੀਕਾ ਹੋਏ ਇਕੱਠੇ

ਹਰ ਖਤਰੇ ਦੇ ਟਾਕਰੇ ਲਈ ਭਾਰਤ ਤੇ ਅਮਰੀਕਾ ਹੋਏ ਇਕੱਠੇ

ਭਾਰਤ ਦੀ ਪ੍ਰਭੂਸੱਤਾ ਦੀ ਰਾਖੀ ਲਈ ਸਾਥ ਦੇਵੇਗਾ ਅਮਰੀਕਾ: ਪੌਂਪੀਓ
ਗਲਵਾਨ ਦੇ ਸ਼ਹੀਦ ਜਵਾਨਾਂ ਨੂੰ ਵੀ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ, ਭਾਰਤ ਵੱਲੋਂ ਆਪਣੀ ਪ੍ਰਭੂਸੱਤਾ ਤੇ ਆਜ਼ਾਦੀ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਉਸ ਦੀ ਪਿੱਠ ‘ਤੇ ਖੜ੍ਹਾ ਹੈ। ਪੌਂਪੀਓ ਨੇ ਪੂਰਬੀ ਲੱਦਾਖ ਵਿੱਚ ਗਲਵਾਨ ਵਾਦੀ ਵਿਚ ਚੀਨੀ ਫੌਜ ਨਾਲ ਝੜੱਪ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ, ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਸਮੇਤ ਹੋਰਨਾਂ ਵੱਲੋਂ ਦਰਪੇਸ਼ ਕਿਸੇ ਵੀ ਖ਼ਤਰੇ ਦੇ ਟਾਕਰੇ ਲਈ ਆਪਸੀ ਸਹਿਯੋਗ ਨੂੰ ਵਧੇਰੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
ਇਸੇ ਦੌਰਾਨ ਦੋਵਾਂ ਮੁਲਕਾਂ ਨੇ ਤੀਜੇ ਗੇੜ ਦੇ ਮੰਤਰੀ ਪੱਧਰ ਦੇ 2+2 ਸੰਵਾਦ ਦੌਰਾਨ ਲੰਮੇ ਸਮੇਂ ਤੋਂ ਬਕਾਇਆ ਬੁਨਿਆਦੀ ਤਬਾਦਲਾ ਤੇ ਸਹਿਯੋਗ ਕਰਾਰ (ਬੈਕਾ) ਸਮੇਤ ਉੱਚ ਮਿਆਰੀ ਫੌਜੀ ਤਕਨੀਕ, ਗੁਪਤ ਉਪਗ੍ਰਹਿ ਡੇਟਾ ਅਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਅਹਿਮ ਜਾਣਕਾਰੀ ਸਾਂਝੀ ਕਰਨ ਜਿਹੇ ਕੁੱਲ ਪੰਜ ਸਮਝੌਤਿਆਂ ‘ਤੇ ਸਹੀ ਪਾਈ। ਉਂਜ ਸੰਵਾਦ ਪ੍ਰਮੁੱਖ ਤੌਰ ‘ਤੇ ਪੂਰਬੀ ਲੱਦਾਖ, ਹਿੰਦ-ਪ੍ਰਸ਼ਾਂਤ ਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ਚੀਨ ਦੇ ਹਮਲਾਵਰ ਰੁਖ਼ ‘ਤੇ ਕੇਂਦਰਿਤ ਰਿਹਾ। ਸੰਵਾਦ ਵਿੱਚ ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਅਮਰੀਕਾ ਦੇ ਉਨ੍ਹਾਂ ਦੇ ਹਮਰੁਤਬਾ ਕ੍ਰਮਵਾਰ ਮਾਰਕ ਟੀ ਐਸਪਰ ਤੇ ਮਾਈਕ ਪੌਂਪੀਓ ਸ਼ਾਮਲ ਸਨ।ઠ ਸਰਕਾਰੀ ਸੂਤਰਾਂ ਨੇ ਕਿਹਾ ਕਿ 2+2 ਸੰਵਾਦ ਦੌਰਾਨ ਗੱਲਬਾਤ ਮੁੱਖ ਤੌਰ ‘ਤੇ ਚੀਨ ਦੇ ਪੂਰਬੀ ਲੱਦਾਖ ਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿੱਚ ‘ਵਿਸਥਾਰਵਾਦੀ ਰਵੱਈਏ’ ਉੱਤੇ ਕੇਂਦਰਿਤ ਸੀ। ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਹਾਲਾਂਕਿ ਭਾਰਤ ਤੇ ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਉਹ ਖਿੱਤੇ ਤੇ ਇਸ ਤੋਂ ਪਰ੍ਹੇ ਸਾਰੀਆਂ ਸੁਰੱਖਿਆ ਚੁਣੌਤੀਆਂ ਨਾਲ ਮਿਲ ਕੇ ਸਿੱਝਣ ਲਈ ਪੂਰੀ ਤਰ੍ਹਾਂ ਇਕਜੁੱਟ ਹਨ।
ਸੰਵਾਦ ਮਗਰੋਂ ਆਪਣੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਦੀ ਹਾਜ਼ਰੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਂਪੀਓ ਨੇ ਕਿਹਾ, ‘ਅਸੀਂ ਭਾਰਤ ਵੱਲੋਂ ਆਪਣੀ ਪ੍ਰਭੂਸੱਤਾ ਤੇ ਆਜ਼ਾਦੀ ਦੀ ਕਾਇਮੀ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।’ ਅਮਰੀਕੀ ਵਿਦੇਸ਼ ਮੰਤਰੀ ਨੇ ਕੌਮੀ ਜੰਗੀ ਯਾਦਗਾਰ ਦੀ ਆਪਣੀ ਫੇਰੀ ਦਾ ਉਚੇਚਾ ਜ਼ਿਕਰ ਕਰਦਿਆਂ ‘ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ’ ਲਈ ਆਪਣੀਆਂ ਜਾਨਾਂ ਵਾਰਨ ਵਾਲੇ 20 ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਪੌਂਪੀਓ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਸਾਰੀਆਂ ਚੁਣੌਤੀਆਂ ਦੇ ਟਾਕਰੇ ਲਈ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸੁਰੱਖਿਆ ਹਾਲਾਤ ਬਾਰੇ ਕੀਤੀ ਸਮੀਖਿਆ ਇਕ ਦੂਜੇ ਨਾਲ ਸਾਂਝੀ ਕੀਤੀ ਹੈ ਅਤੇ ਦੋਵਾਂ ਮੁਲਕਾਂ ਨੇ ਇਸ ਖਿੱਤੇ ਵਿੱਚ ਅਮਨ, ਸਥਿਰਤਾ ਤੇ ਖੁਸ਼ਹਾਲੀ ਲਈ ਵਚਨਬੱਧਤਾ ਦੁਹਰਾਈ ਹੈ।
ਪੌਂਪੀਓ ਅਤੇ ਐਸਪਰ ਨੇ ਕੀਤੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨੇ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਕੈਨ ਜਸਟਰ ਵੀ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …